ਜਲੰਧਰ/ਮੋਹਾਲੀ — ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਰਾਘਵ ਚੱਢਾ ਨੇ ਕਾਂਗਰਸ ਵੱਲੋਂ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਪਹਿਲੀ ਲਿਸਟ ਕਰਨ ਨੂੰ ਲੈ ਕੇ ਪਾਰਟੀ ’ਤੇ ਤਿੱਖੇ ਸ਼ਬਦੀ ਬੋਲੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ’ਤੇ ਵੱਡਾ ਇਲਜ਼ਾਮ ਲਾਉਂਦੇ ਕਿਹਾ ਹੈ ਕਿ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ‘ਨਾਈਟ ਵਾਚਮੈਨ’ ਵਾਂਗ ਇਸਤੇਮਾਲ ਕੀਤਾ ਹੈ। ਮੋਹਾਲੀ ਵਿਖੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਉਨ੍ਹਾਂ ਕਿਹਾ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ ਲਿਸਟ ’ਚ ਵੱਡੇ-ਵੱਡੇ ਨੇਤਾਵਾਂ ਦੇ ਪੁੱਤਰਾਂ ਨੂੰ ਟਿਕਟਾਂ ਦੇਣ ਦਾ ਫੈਸ਼ਨ ਨਜ਼ਰ ਆਇਆ ਹੈ, ਜਿਸ ’ਚ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ ਦੇ ਬੇਟੇ ਨੂੰ ਰਾਏਕੋਟ ਤੋਂ ਟਿਕਟ ਦਿੱਤੀ ਗਈ ਅਤੇ ਅਵਤਾਰ ਹੈਨਰੀ ਦੇ ਪੁੱਤਰ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਬ੍ਹ ਦੇ ਆਪਣੇ ਸਕੇ ਭਰਾ ਮਨੋਹਰ ਸਿੰਘ ਨੂੰ ਹੀ ਟਿਕਟ ਨਹੀਂ ਦਿੱਤੀ ਗਈ। ਕਾਂਗਰਸ ਦੀ ਪਾਰਟੀ ਦੇ ਲੋਕ ਹੁਣ ਚੰਨੀ ਸਾਬ੍ਹ ਨੂੰ ਪਛਾਣਦੇ ਵੀ ਨਹੀਂ ਹਨ। ਚੰਨੀ ਸਾਬ੍ਹ ਦੀ ਕਾਂਗਰਸ ’ਚ ਇੰਨੀ ਵੀ ਨਹੀਂ ਚਲਦੀ ਕਿ ਉਹ ਆਪਣੇ ਪਰਿਵਾਰ ਲਈ ਦੋ ਟਿਕਟਾਂ ਲੈ ਸਕਣ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਦਾ ਕਾਂਗਰਸ ਦੀ ਪਾਰਟੀ ਨੇ ਨਾਈਟ ਵਾਚਮੈਨ ਵਾਂਗ ਇਸਤੇਮਾਲ ਕੀਤਾ ਹੈ ਅਤੇ ਉਨ੍ਹਾਂ ਨੂੰ ‘ਯੂਜ਼ ਐਂਡ ਥਰੋ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਨੀ ਸਾਬ੍ਹ ਦੇ ਕੁੜਮ ਮੋਹਿੰਦਰ ਸਿੰਘ, ਜੋਕਿ ਆਦਮਪੁਰ ਤੋਂ ਟਿਕਟ ਲੈਣਾ ਚਾਹੁੰਦੇ ਸਨ, ਉਨ੍ਹਾਂ ਨੂੰ ਵੀ ਟਿਕਟ ਨਹੀਂ ਦਿੱਤੀ ਗਈ। ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਹੁਣ ਅਨੁਸੂਚਿਤ ਭਾਈਚਾਰੇ ਦੇ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਪਾਰਟੀ ਨੇ ਸਿੱਧ ਕੀਤਾ ਹੈ ਕਿ ਸਿਰਫ਼ ਅਨੁਸੂਚਿਤ ਜਾਤੀ ਦੀਆਂ ਵੋਟਾਂ ਹਾਸਲ ਕਰਨ ਲਈ ਹੀ ਚਰਨਜੀਤ ਸਿੰਘ ਚੰਨੀ ਦਾ ਇਸਤੇਮਾਲ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਚੰਨੀ ਸਾਬ੍ਹ ਦੀ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਕੋਈ ਖ਼ਾਸ ਇੱਜ਼ਤ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਨਵਜੋਤ ਸਿੰਘ ਸਿੱਧੂ ਕੋਈ ਪ੍ਰੈੱਸ ਕਾਨਫ਼ਰੰਸ ਕਰਦੇ ਹਨ ਤਾਂ ਪਿੱਛੇ ਲਗਾਏ ਗਏ ਬੈਨਰ ’ਚੋਂ ਸੂਬੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂ ਹੀ ਗਾਇਬ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਅਸਲੀ ਮਕਸਦ ਸਿਰਫ਼ ਅਨੁਸੂਚਿਤ ਜਾਤੀ ਦੇ ਭਾਈਚਾਰੇ ਦੀਆਂ ਵੋਟਾਂ ਹਾਸਲ ਕਰਨਾ ਸੀ, ਕੋਈ ਨੁਮਾਇੰਦਗੀ ਦੇਣਾ ਨਹੀਂ ਸੀ। ਇਸੇ ਕਰਕੇ ਕਾਂਗਰਸ ਦੀ ਪਾਰਟੀ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਯੂਜ਼ ਐਂਡ ਥਰੋ ਕੀਤਾ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਸੀ.ਐੱਮ. ਫੇਸ ਨੂੰ ਲੈ ਕੇ ਵੱਡਾ ਬਿਆਨ ਦਿੰਦੇ ਹੋਏ ਰਾਘਵ ਚੱਢਾ ਨੇ ਕਿਹਾ ਕਿ ਕੱਲ੍ਹ ਯਾਨੀ ਕਿ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ‘ਆਪ’ ਦਾ ਸੀ.ਐੱਮ. ਚਿਹਰਾ ਐਲਾਨ ਦਿੱਤਾ ਜਾਵੇਗਾ। ਕੱਲ੍ਹ ਦੁਪਹਿਰ ਨੂੰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਆ ਰਹੇ ਹਨ, ਜਿੱਥੇ ਉਹ ‘ਆਪ’ ਪੰਜਾਬ ਦੇ ਸੀ. ਐੱਮ. ਚਿਹਰੇ ਦਾ ਐਲਾਨ ਕਰਨਗੇ।