ਨਵੀਂ ਦਿੱਲੀ/ਗੋਆ– ਆਮ ਆਦਮੀ ਪਾਰਟੀ (ਆਪ) ਦੇ ਕੌਮੀ ਸਰਪ੍ਰਸਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਗੋਆ ਵਾਸੀਆਂ ਦੇ ਸਾਹਮਣੇ 13 ਸੂਤਰੀ ਏਜੰਡੇ ਦਾ ਆਪਣਾ ਵਿਜ਼ਨ ਰੱਖਿਆ ਅਤੇ ਕਿਹਾ ਕਿ ਗੋਆ ਵਿਚ ਆਪ ਦੀ ਸਰਕਾਰ ਬਣੀ ਤਾਂ ਅਸੀਂ ਨਾ ਸਿਰਫ ਇਸ ਏਜੰਡੇ ’ਤੇ ਕੰਮ ਕਰ ਕੇ ਭਵਿੱਖ ਦਾ ਗੋਆ ਬਣਾਵਾਂਗੇ ਸਗੋਂ ਹਰ ਪਰਿਵਾਰ ਨੂੰ 5 ਸਾਲਾਂ ਵਿਚ 10 ਲੱਖ ਰੁਪਏ ਦਾ ਸਿੱਧਾ-ਸਿੱਧਾ ਲਾਭ ਹੋਵੇਗਾ। ਗੋਆ ਦੌਰੇ ’ਤੇ ਆਏ ਕੇਜਰੀਵਾਲ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਅਸੀਂ ਹਰ ਪਰਿਵਾਰ ਨੂੰ ਫ੍ਰੀ ਵਿਚ ਬਿਜਲੀ, ਪਾਣੀ, ਸਿਹਤ ਅਤੇ ਸਿੱਖਿਆ ਸਹੂਲਤਾਂ ਦੇਵਾਂਗੇ ਅਤੇ 3 ਹਜ਼ਾਰ ਰੁਪਏ ਬੇਰੋਜ਼ਗਾਰੀ ਭੱਤਾ ਅਤੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦੇਵਾਂਗੇ। ਇਸ ਨਾਲ ਗੋਆ ਦੇ ਹਰ ਪਰਿਵਾਰ ਨੂੰ ਹਰ ਸਾਲ ਔਸਤਨ 2 ਲੱਖ ਰੁਪਏ ਅਤੇ 5 ਸਾਲਾਂ ਵਿਚ 10 ਲੱਖ ਰੁਪਏ ਦੀ ਬੱਚਤ ਹੋਵੇਗੀ।
ਉਨ੍ਹਾਂ ਕਿਹਾ ਕਿ ਦਿੱਲੀ ਵਿਚ ਅਸੀਂ ਇਮਾਨਦਾਰ ਸਰਕਾਰ ਚਲਾ ਕੇ ਦਿਖਾਈ ਹੈ ਅਤੇ ਆਮ ਆਦਮੀ ਪਾਰਟੀ ਨੂੰ ਇਮਾਨਦਾਰੀ ਦਾ ਸਰਟੀਫਿਕੇਟ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਹੈ। ਸਾਡੇ ’ਤੇ ਪੁਲਸ ਅਤੇ ਸੀ. ਬੀ. ਆਈ. ਦੀ ਰੇਡ ਪਈ ਅਤੇ ਸਾਡੀਆਂ 400 ਫਾਈਲਾਂ ਦੀ ਜਾਂਚ ਹੋਈ ਪਰ ਉਨ੍ਹਾਂ ਨੂੰ ਇਕ ਵੀ ਗਲਤੀ ਨਹੀਂ ਮਿਲੀ। ਆਜ਼ਾਦ ਭਾਰਤ ਵਿਚ ਹੁਣ ਤੱਕ ਦੀ ਸਭ ਤੋਂ ਇਮਾਨਦਾਰ ਪਾਰਟੀ ਆਮ ਆਦਮੀ ਪਾਰਟੀ ਹੈ ਅਤੇ ਅਸੀਂ ਗੋਆ ਵਿਚ ਵੀ ਭ੍ਰਿਸ਼ਟਾਚਾਰ ਮੁਕਤ ਅਤੇ ਇਮਾਨਦਾਰ ਸਰਕਾਰ ਦੇਵਾਂਗੇ।