ਨਵੀਂ ਦਿੱਲੀ– ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਐੱਨ. ਸੀ. ਪੀ. ਸੀ. ਆਰ.) ਨੇ ਸੁਪਰੀਮ ਕੋਰਟ ਨੂੰ ਸੂਚਿਤ ਕੀਤਾ ਕਿ 1 ਅਪ੍ਰੈਲ 2020 ਤੋਂ ਹੁਣ ਤੱਕ ਕੁੱਲ 1,47,492 ਬੱਚਿਆਂ ਨੇ ਕੋਵਿਡ-19 ਅਤੇ ਹੋਰ ਕਾਰਨਾਂ ਕਾਰਨ ਆਪਣੀ ਮਾਂ ਜਾਂ ਪਿਓ ’ਚੋਂ ਕਿਸੇ ਇਕ ਜਾਂ ਦੋਵਾਂ ਨੂੰ ਗੁਆ ਦਿੱਤਾ। ਕੋਵਿਡ-19 ਮਹਾਮਾਰੀ ਦੌਰਾਨ ਮਾਤਾ-ਪਿਤਾ ਨੂੰ ਗੁਆ ਚੁੱਕੇ ਬੱਚਿਆਂ ਦੀ ਦੇਖਭਾਲ ਅਤੇ ਸੁਰੱਖਿਆ ਨੂੰ ਲੈ ਕੇ ਸੁਓ ਮੋਟੋ ਨੋਟਿਸ ਵਾਲੇ ਮਾਮਲੇ ’ਚ ਐੱਨ. ਸੀ. ਪੀ. ਸੀ. ਆਰ. ਨੇ ਕਿਹਾ ਕਿ ਇਸ ਦੇ ਅੰਕੜੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਵੱਲੋਂ ਆਪਣੇ ‘ਬਾਲ ਸਵਰਾਜ ਪੋਰਟਲ-ਕੋਵਿਡ ਕੇਅਰ’ ’ਤੇ 11 ਜਨਵਰੀ ਤੱਕ ਅਪਲੋਡ ਕੀਤੇ ਗਏ ਅੰਕੜਿਆਂ ’ਤੇ ਆਧਾਰਿਤ ਹੈ।
ਵਕੀਲ ਸਵਰੂਪਮਾ ਚਤੁਰਵੇਦੀ ਰਾਹੀਂ ਦਾਖਲ ਹਲਫਨਾਮੇ ’ਚ ਕਿਹਾ ਗਿਆ ਹੈ ਕਿ 11 ਜਨਵਰੀ ਤੱਕ ਅਪਲੋਡ ਕੀਤੇ ਗਏ ਡਾਟਾ ਤੋਂ ਪਤਾ ਲੱਗਦਾ ਹੈ ਕਿ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚਿਆਂ ਦੀ ਕੁੱਲ ਗਿਣਤੀ 147,492 ਹੈ, ਜਿਨ੍ਹਾਂ ’ਚ ਅਨਾਥ ਬੱਚਿਆਂ ਦੀ ਗਿਣਤੀ 10094 ਅਤੇ ਮਾਤਾ ਜਾਂ ਪਿਤਾ ’ਚੋਂ ਕਿਸੇ ਇਕ ਨੂੰ ਗੁਆਉਣ ਵਾਲੇ ਬੱਚਿਆਂ ਦੀ ਗਿਣਤੀ 1,36,910 ਅਤੇ ਛੱਡੇ ਹੋਏ ਬੱਚਿਆਂ ਦੀ ਗਿਣਤੀ 488 ਹੈ। ਲਿੰਗ ਦੇ ਆਧਾਰ ’ਤੇ 1,47,492 ਬੱਚਿਆਂ ’ਚੋਂ 76,508 ਲੜਕੇ, 70,980 ਲੜਕੀਆਂ ਅਤੇ 4 ਟ੍ਰਾਂਸਜੈਂਡਰ ਹਨ। ਹਲਫਨਾਮੇ ’ਚ ਕਿਹਾ ਗਿਆ ਹੈ ਕਿ ਕੁੱਲ ਬੱਚਿਆਂ ’ਚੋਂ ਸਭ ਤੋਂ ਵੱਧ 59,010 ਬੱਚੇ 8 ਤੋਂ 13 ਸਾਲ ਉਮਰ ਵਰਗ ਦੇ ਹਨ ਜਦਕਿ ਦੂਜੇ ਸਥਾਨ ’ਤੇ 4 ਤੋਂ 7 ਸਾਲਾਂ ਦੇ ਬੱਚੇ ਹਨ, ਜਿਨ੍ਹਾਂ ਦੀ ਕੁੱਲ ਗਿਣਤੀ 26080 ਹੈ। 14 ਤੋਂ 15 ਸਾਲਾਂ ਦੇ ਬੱਚਿਆਂ ਦੀ ਕੁੱਲ ਗਿਣਤੀ 22763 ਅਤੇ 16 ਤੋਂ 18 ਸਾਲਾਂ ਦੇ ਬੱਚਿਆਂ ਦੀ ਗਿਣਤੀ 22626 ਹੈ।