‘ਆਪ’ ‘ਤੇ ਰੰਧਾਵਾ ਦਾ ਵੱਡਾ ਹਮਲਾ, ਕਿਹਾ-ਕੇਜਰੀਵਾਲ ਬਾਹਰਲੇ ਵਿਅਕਤੀ, ਪੰਜਾਬੀਅਤ ਦੀ ਹੋਂਦ ਖ਼ਤਰੇ ’ਚ ਨਹੀਂ ਪਵੇਗੀ

ਜਲੰਧਰ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਾਰ-ਵਾਰ ‘ਇਕ ਮੌਕਾ ਕੇਜਰੀਵਾਲ ਨੂੰ’ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦਰਮਿਆਨ ਪੰਜਾਬ ਦੇ ਉੱਪ-ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਨੇ ਆਮ ਆਦਮੀ ਪਾਰਟੀ ’ਤੇ ਜ਼ੋਰਦਾਰ ਹਮਲਾ ਬੋਲਦੇ ਹੋਏ ਕਿਹਾ ਕਿ ਕੇਜਰੀਵਾਲ ਬਾਹਰਲੇ ਵਿਅਕਤੀ ਹਨ। ਇਸ ਕਾਰਨ 2017 ਵਿਚ ਵੀ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਰਿਜੈਕਟ ਕਰ ਦਿੱਤਾ ਸੀ।
ਰੰਧਾਵਾ ਨੇ ਕਿਹਾ ਕਿ ਸੂਬੇ ਦੇ ਲੋਕ ਸੂਝਵਾਨ ਹਨ ਅਤੇ ਪੰਜਾਬੀਅਤ ਕਿਸੇ ਵੀ ਹਾਲਤ ਵਿਚ ਖ਼ਤਰੇ ’ਚ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਬਾਹਰਲੀ ਪਾਰਟੀ ’ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ ਅਤੇ ਆਮ ਆਦਮੀ ਪਾਰਟੀ ਦਾ ਪੰਜਾਬ ਵਿਚ ਇਤਿਹਾਸ ਲੋਕਾਂ ਦੇ ਸਾਹਮਣੇ ਹੈ। ‘ਆਪ’ ਦੇ ਵਿਧਾਇਕਾਂ ਨੇ ਹੀ ਕੇਜਰੀਵਾਲ ਦੀਆਂ ਨੀਤੀਆਂ ਤੋਂ ਤੰਗ ਆ ਕੇ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ। ਉਪ-ਮੁੱਖ ਮੰਤਰੀ ਨੇ ਕਿਹਾ ਕਿ ਇਸ ਸਮੇਂ ਪੰਜਾਬੀਆਂ ਨੂੰ ਬਹੁਤ ਸੋਚ-ਸਮਝ ਕੇ ਫੈਸਲਾ ਲੈਣ ਦੀ ਲੋੜ ਹੈ। ਲੋਕਾਂ ਨੇ ਉਸ ਪਾਰਟੀ ਦੇ ਹੱਥਾਂ ਵਿਚ ਸੱਤਾ ਦੇਣੀ ਹੈ ਜਿਸ ’ਤੇ ਉਹ ਭਰੋਸਾ ਕਰ ਸਕਦੇ ਹਨ।
ਕਾਂਗਰਸ ਦੀ ਚਰਚਾ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਸਾਡੀ ਪਾਰਟੀ ਨੇ ਅੱਤਵਾਦ ਦੇ ਦੌਰ ’ਚ ਸੂਬੇ ਦੀ ਅਮਨ-ਸ਼ਾਂਤੀ ਲਈ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਹਨ ਸੂਬੇ ਵਿਚ ਅਮਨ-ਸ਼ਾਂਤੀ ਅਤੇ ਸੁਰੱਖਿਆ ਨੂੰ ਬਣਾ ਕੇ ਰੱਖਣ ਲਈ ਕਾਂਗਰਸੀ ਅੱਜ ਵੀ ਆਪਣੇ ਲਹੂ ਦਾ ਕਤਰਾ-ਕਤਰਾ ਵਹਾਉਣ ਲਈ ਤਿਆਰ ਹਨ। ਉੱਪ-ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਕਥਨੀ ਅਤੇ ਕਰਨੀ ’ਚ ਭਾਰੀ ਫ਼ਰਕ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਦਿੱਲੀ ਵਿਚ ਜੋ ਵੀ ਵਿਕਾਸ ਹੋਇਆ ਹੈ, ਉਹ ਸਾਬਕਾ ਮੁੱਖ ਮੰਤਰੀ ਸਵ. ਸ਼ੀਲਾ ਦੀਕਸ਼ਿਤ ਨੇ ਹੀ ਕਰਵਾਇਆ ਸੀ। ਦਿੱਲੀ ਵਿਚ ਅੱਜ ਜੋ ਵੀ ਫਲਾਈਓਵਰ ਬਣੇ ਹੋਏ ਹਨ, ਉਹ ਕਾਂਗਰਸ ਦੀ ਦੇਣ ਹੈ। ਉਨ੍ਹਾਂ ਕੇਜਰੀਵਾਲ ਨੂੰ ਪੁੱਛਿਆ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕੀ ਕੋਈ ਨਵਾਂ ਫਲਾਈਓਵਰ ਦਿੱਲੀ ਵਿਚ ਬਣਵਾਇਆ ਹੈ?
ਉਨ੍ਹਾਂ ਕਿਹਾ ਕਿ ਬਾਹਰਲੀਆਂ ਪਾਰਟੀਆਂ ਦੇ ਹੱਥਾਂ ’ਚ ਸੂਬੇ ਦੀ ਸੱਤਾ ਨਹੀਂ ਸੌਂਪੀ ਜਾ ਸਕਦੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਲੋਕਾਂ ਦੇ ਸਹਿਯੋਗ ਨਾਲ ਇਕ ਵਾਰ ਮੁੜ ਸੱਤਾ ਵਿਚ ਆ ਕੇ ਨਵਾਂ ਇਤਿਹਾਸ ਸਿਰਜੇਗੀ। ਪਿਛਲੇ 111 ਦਿਨਾਂ ਦੌਰਾਨ ਜਿੰਨੇ ਵੱਡੇ ਫ਼ੈਸਲੇ ਲਏ ਗਏ ਹਨ, ਉਸੇ ਦੀ ਤਰਜ਼ ’ਤੇ ਭਵਿੱਖ ਵਿਚ ਵੀ ਲੋਕਾਂ ਨੂੰ ਪੂਰੀਆਂ ਰਿਆਇਤਾਂ ਸਰਕਾਰ ਵੱਲੋਂ ਦਿੱਤੀਆਂ ਜਾਣਗੀਆਂ।