ਸੁਖਬੀਰ ਬਾਦਲ ਦਾ ਐਲਾਨ, ਸਰਕਾਰ ਬਣਨ ‘ਤੇ ਕਣਕ ਤੇ ਮੱਕੀ ਤੋਂ ਈਥਨੌਲ ਬਣਾਉਣ ਦੇ ਲਾਵਾਂਗੇ ਕਾਰਖ਼ਾਨੇ

ਜਲੰਧਰ – ਕਿਸਾਨਾਂ ਨੂੰ ਕਰਜ਼ੇ ਦੇ ਜੰਜਾਲ ਵਿਚੋਂ ਕੱਢਣ ਅਤੇ ਉਨ੍ਹਾਂ ਦੀ ਆਮਦਨ ਵਧਾਉਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਦੀ ਸਰਕਾਰ ਬਣਨ ’ਤੇ ਸੂਬੇ ਵਿਚ ਕਣਕ ਅਤੇ ਮੱਕੀ ਤੋਂ ਈਥਨੌਲ ਬਣਾਉਣ ਲਈ ਵੱਡੇ ਪ੍ਰਾਜੈਕਟ ਸਥਾਪਤ ਕੀਤੇ ਜਾਣਗੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦੇ ਲਾਹੇਵੰਦ ਭਾਅ ਮਿਲ ਸਕਣ। ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਕਹੀ।
ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਕੋ-ਇਕ ਪਾਰਟੀ ਹੈ, ਜਿਹੜੀ ਕਿਸਾਨਾਂ ਨੂੰ ਆਰਥਿਕ ਪੱਖੋਂ ਤਕੜਾ ਕਰਨ ਅਤੇ ਉਨ੍ਹਾਂ ਦੀਆਂ ਫ਼ਸਲਾਂ ਦੇ ਉਨ੍ਹਾਂ ਨੂੰ ਸਹੀ ਭਾਅ ਦੇਣ ਲਈ ਉਪਰਾਲੇ ਕਰਦੀ ਹੈ, ਜਦੋਂ ਕਿ ਦੂਜੀਆਂ ਪਾਰਟੀਆਂ ਕਿਸਾਨਾਂ ਲਈ ਕੁਝ ਸੋਚਦੀਆਂ ਹੀ ਨਹੀਂ। ਉਨ੍ਹਾਂ ਦੱਸਿਆ ਕਿ 2017 ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ਵੀ ਬਾਦਲ ਸਰਕਾਰ ਨੇ ਸੂਬੇ ਵਿਚ ਅਜਿਹੇ ਪ੍ਰਾਜੈਕਟ ਸਥਾਪਤ ਕਰਨ ਲਈ ਉਪਰਾਲੇ ਕੀਤੇ ਸਨ ਪਰ ਉਸ ਵੇਲੇ ਸਰਕਾਰ ਦਾ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਸੀ, ਜਿਸ ਕਰ ਕੇ ਇਹ ਪ੍ਰਾਜੈਕਟ ਸਿਰੇ ਨਹੀਂ ਚੜ੍ਹ ਸਕੇ। ਉਨ੍ਹਾਂ ਕਿਹਾ ਕਿ ਕਣਕ ਅਤੇ ਮੱਕੀ ਦੀ ਫਸਲ, ਜਿਸ ਦਾ ਹੁਣ ਕਿਸਾਨਾਂ ਨੂੰ ਕੋਈ ਬਹੁਤਾ ਵੱਡਾ ਫਾਇਦਾ ਨਹੀਂ ਹੋ ਰਿਹਾ, ਦੇ ਇਹ ਕਾਰਖਾਨੇ ਲੱਗਣ ਨਾਲ ਕਿਸਾਨਾਂ ਦੀ ਆਮਦਨ ਵਿਚ ਚੋਖਾ ਵਾਧਾ ਹੋ ਸਕਦਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਵਿਚ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਸ਼ੁਰੂ ਕਰਨ ਲਈ ਕੋਆਪ੍ਰੇਟਿਵ ਬੈਂਕਾਂ ਤੋਂ ਵਿਆਜ ਰਹਿਤ ਕਰਜ਼ੇ ਵੀ ਮੁਹੱਈਆ ਕਰਵਾਏ ਜਾਣਗੇ। ਝੋਨੇ ਹੇਠਲੇ 25 ਲੱਖ ਹੈਕਟੇਅਰ ਰਕਬੇ ਨੂੰ ਘਟਾ ਕੇ 15 ਲੱਖ ਹੈਕਟੇਅਰ ਰਕਬੇ ਤੱਕ ਲਿਆਂਦਾ ਜਾਵੇਗਾ ਤਾਂ ਜੋ ਕਿਸਾਨ ਸਹਾਇਕ ਧੰਦੇ ਸ਼ੁਰੂ ਕਰਨ ਵੱਲ ਵਧੇਰੇ ਧਿਆਨ ਕੇਂਦਰਿਤ ਕਰ ਸਕਣ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰਨ ਨਾਲ ਇਕ ਤਾਂ ਧਰਤੀ ਹੇਠਲੇ ਪਾਣੀ ਦੀ ਬੱਚਤ ਹੋਵੇਗੀ, ਦੂਜਾ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਵੱਲ ਵੀ ਪ੍ਰੇਰਿਤ ਕੀਤਾ ਜਾਵੇਗਾ।
ਸੂਬੇ ਵਿਚ ਕਿਸਾਨਾਂ ਨੂੰ ਡੇਅਰੀ ਦੇ ਧੰਦਿਆਂ ਵੱਲ ਉਤਸ਼ਾਹਤ ਕੀਤਾ ਜਾਵੇਗਾ। ਦੁੱਧ ਵਿਚ ਮਿਲਾਵਟਖੋਰੀ ਨੂੰ ਖ਼ਤਮ ਕੀਤਾ ਜਾਵੇਗਾ ਅਤੇ ਇਸ ਸਬੰਧੀ ਸਖ਼ਤ ਕਦਮ ਚੁੱਕੇ ਜਾਣਗੇ। ਦੁੱਧ ਵਿਚ ਮਿਲਾਵਟ ਕਰਨ ਵਾਲਿਆਂ ਨੂੰ ਉਮਰਕੈਦ ਦੀ ਸਜ਼ਾ ਦਿਵਾਈ ਜਾਵੇਗੀ ਅਤੇ ਉਨ੍ਹਾਂ ਦੀ ਪ੍ਰਾਪਰਟੀ ਵੀ ਜ਼ਬਤ ਕੀਤੀ ਜਾਵੇਗੀ। ਲੋਕਾਂ ਦੀ ਜਾਨ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਦੇ ਕਿਸਾਨਾਂ ਦੀ ਬਿਜਲੀ ਦੀ ਸਮੱਸਿਆ ਨੂੰ ਪੱਕੇ ਤੌਰ ’ਤੇ ਖ਼ਤਮ ਕੀਤਾ ਜਾਵੇਗਾ ਅਤੇ ਇਸ ਦੇ ਲਈ ਸੋਲਰ ਐਗਰੀਕਲਚਰਲ ਗਰਿੱਡ ਸਥਾਪਤ ਕੀਤੇ ਜਾਣਗੇ। ਇਨ੍ਹਾਂ ਗਰਿੱਡਾਂ ਤੋਂ ਕਿਸਾਨਾਂ ਨੂੰ ਟਿਊਬਵੈੱਲਾਂ ਲਈ ਦਿਨੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ। ਇਸ ਨਾਲ ਕਿਸਾਨਾਂ ਦੀ ਰਾਤ ਨੂੰ ਬਿਜਲੀ ਛੱਡਣ ਦੀ ਸਮੱਸਿਆ ਖਤਮ ਹੋਵੇਗੀ ਅਤੇ ਉਹ ਆਪਣਾ ਕੰਮ ਦਿਨ ਸਮੇਂ ਕਰ ਲਿਆ ਕਰਨਗੇ। ਹੁਣ ਕਿਸਾਨਾਂ ਨੂੰ ਰਾਤ ਨੂੰ ਬਿਜਲੀ ਮਿਲਦੀ ਹੈ ਅਤੇ ਉਹ ਵੀ ਪਤਾ ਨਹੀਂ ਰਾਤ ਨੂੰ ਕਿੰਨੇ ਵਜੇ ਆਵੇਗੀ ਅਤੇ ਸਾਰੀ ਰਾਤ ਕਿਸਾਨ ਜਾਗੋ-ਮੀਚੀ ਵਿਚ ਕੱਢਦਾ ਹੈ। ਇਸ ਨਾਲ ਪਾਣੀ ਦੀ ਬਰਬਾਦੀ ਵੀ ਰੁਕੇਗੀ ਕਿਉਂਕਿ ਹੁਣ ਤਾਂ ਕਿਸਾਨ ਮੋਟਰ ਚਲਾ ਕੇ ਘਰ ਪਰਤ ਆਉਂਦੇ ਹਨ ਅਤੇ ਬਿਜਲੀ ਆਉਣ ’ਤੇ ਅੰਨ੍ਹੇਵਾਹ ਮੋਟਰਾਂ ਚੱਲਦੀਆਂ ਰਹਿੰਦੀਆਂ ਹਨ।