ਕ੍ਰਾਈਸਟਚਰਚ – ਨਿਊ ਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਟੌਮ ਲੇਥਮ ਨੇ ਬੰਗਲਾਦੇਸ਼ ਵਿਰੁੱਧ ਦੂਜੇ ਕ੍ਰਿਕਟ ਟੈੱਸਟ ਮੈਚ ਦੇ ਦੂਜੇ ਦਿਨ ਸੋਮਵਾਰ ਨੂੰ 252 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਪਣਾ ਨਾਂ ਕੁੱਝ ਸੀਨੀਅਰ ਸਲਾਮੀ ਬੱਲੇਬਾਜ਼ਾਂ ਦੀ ਸ਼੍ਰੇਣੀ ‘ਚ ਦਰਜ ਕਰ ਲਿਆ ਹੈ। ਟੈੱਸਟ ਕ੍ਰਿਕਟ ‘ਚ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਸਿਰਫ਼ ਵਰਿੰਦਰ ਸਹਿਵਾਗ ਦੇ ਨਾਂ 250+ ਦੀਆਂ ਤੋਂ ਜ਼ਿਆਦਾ ਕੁਲ ਚਾਰ ਪਾਰੀਆਂ ਹਨ। ਸਨਤ ਜੈਸੂਰੀਆ, ਗ੍ਰੈਮ ਸਮਿਥ, ਕ੍ਰਿਸ ਗੇਲ, ਐਲਿਸਟੇਅਰ ਕੁਕ ਅਤੇ ਡੇਵਿਡ ਵਾਰਨਰ ਦੇ ਨਾਂ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ 250+ ਦੀਆਂ ਦੋ ਪਾਰੀਆਂ ਹਨ। ਹੁਣ ਲੇਥਮ ਨੇ ਵੀ ਇਸ ਸੂਚੀ ‘ਚ ਆਪਣਾ ਨਾਮ ਲਿਖਵਾ ਲਿਆ ਹੈ। ਲੇਥਮ ਦਾ 252 ਬੰਗਲਾਦੇਸ਼ ਵਿਰੁੱਧ ਟੈੱਸਟ ਮੈਚਾਂ ‘ਚ ਚੌਥਾ ਸਭ ਤੋਂ ਜ਼ਿਆਦਾ ਵਿਅਕਤੀਗਤ ਸਕੋਰ ਸੀ। ਕੁਮਾਰ ਸੰਗਕਾਰਾ, ਬੰਗਲਾਦੇਸ਼ ਵਿਰੁੱਧ ਇਕਲੌਤਾ ਤੇਹਰਾ ਸੈਂਕੜਾ ਲਗਾਉਣ ਵਾਲਾ ਖਿਡਾਰੀ ਹੈ। ਉਸ ਨੇ 2014 ਦੇ ਚਟਗਾਓਂ ਟੈੱਸਟ ‘ਚ 319 ਦੌੜਾਂ ਬਣਾਈਆਂ ਸਨ।
ਇਸ ਦੌਰਾਨ ਰਾਮਨਰੇਸ਼ ਸਰਵਨ ਦੇ ਨਾਂ ਕਿੰਗਸਟਨ ‘ਚ 2004 ‘ਚ ਅਜੇਤੂ 261 ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ ਜਦਕਿ ਮਾਰਲੋਨ ਸੈਮੁਅਲਜ਼ ਨੇ ਖੁਲਨਾ ‘ਚ 2012 ‘ਚ ਬੰਗਲਾਦੇਸ਼ ਵਿਰੁੱਧ 260 ਦੌੜਾਂ ਦੀ ਪਾਰੀ ਖੇਡੀ ਸੀ। ਕਿਸੇ ਵੀ ਕੀਵੀ ਕਪਤਾਨ ਦਾ ਓਪਨਿੰਗ ਕਰਦੇ ਹੋਏ ਇਹ ਸਭ ਤੋਂ ਵੱਡਾ ਸਕੋਰ ਵੀ ਹੈ। ਲੇਥਮ ਨੇ 1968 ‘ਚ ਭਾਰਤ ਵਿਰੁੱਧ ਬਣਾਏ ਗਏ ਗ੍ਰੈਹਮ ਡੌਓਲਿੰਗ ਦੇ 239 ਦੌੜਾਂ ਦਾ ਰਿਕਾਰਡ ਤੋੜਿਆ। ਇਹ ਨਿਊ ਜ਼ੀਲੈਂਡ ਦੇ ਕਿਸੇ ਵੀ ਕਪਤਾਨ ਦਾ ਪੰਜਵਾਂ ਸਭ ਤੋਂ ਜ਼ਿਆਦਾ ਟੈੱਸਟ ਸਕੋਰ ਹੈ। ਇਸ ਤੋਂ ਇਲਾਵਾ ਉਹ ਦੁਨੀਆਂ ਦੇ ਸਿਰਫ਼ ਉਨ੍ਹਾਂ ਛੇ ਕਪਤਾਨਾਂ ਵਿੱਚ ਵੀ ਸ਼ਾਮਿਲ ਹੋ ਗਿਆ ਜਿਨ੍ਹਾਂ ਦੇ ਨਾਂ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ 250+ ਦਾ ਸਕੋਰ ਦਰਜ ਹੈ। ਉਸ ਨੇ ਆਪਣੇ ਸਾਰੇ 12 ਟੈੱਸਟ ਸੈਂਕੜੇ ਸਲਾਮੀ ਬੱਲੇਬਾਜ਼ ਦੇ ਤੌਰ ‘ਤੇ ਹੀ ਬਣਾਏ ਹਨ। ਉਹ ਜੌਹਨ ਰਾਈਟ ਤੋਂ ਬਾਅਦ 12 ਸੈਂਕੜੇ ਲਗਾਉਣ ਵਾਲਾ ਨਿਊ ਜ਼ੀਲੈਂਡ ਦਾ ਸਿਰਫ਼ ਦੂਜਾ ਸਲਾਮੀ ਬੱਲੇਬਾਜ਼ ਹੈ। ਇਹ ਨਿਊ ਜ਼ੀਲੈਂਡ ਲਈ ਸਾਂਝੇ ਤੌਰ ‘ਤੇ ਚੌਥਾ ਸਥਾਨ ਵੀ ਹੈ। ਡੇਵੋਨ ਕੌਨਵੇ ਨੇ ਹੁਣ ਤਕ ਸਿਰਫ਼ ਪੰਜ ਟੈੱਸਟ ਮੈਚ ਖੇਡੇ ਹਨ ਅਤੇ ਉਸ ਦੇ ਨਾਂ ਇਨ੍ਹਾਂ ਸਾਰਿਆਂ ਟੈੱਸਟਾਂ ਦੀ ਪਹਿਲੀ ਪਾਰੀ ‘ਚ 50 ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਦਰਜ ਹੈ।