ਦੁਬਈ – ਨਿਊ ਜ਼ੀਲੈਂਡ ਦੇ ਸਪਿਨਰ ਏਜਾਜ਼ ਪਟੇਲ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਭਾਰਤ ਦੇ ਖ਼ਿਲਾਫ਼ ਟੈੱਸਟ ਪਾਰੀ ‘ਚ ਰਿਕਾਰਡ 10 ਵਿਕਟਾਂ ਲੈਣ ਤੋਂ ਬਾਅਦ ਦਸੰਬਰ ਦੇ ICC ਪਲੇਅਰ ਔਫ਼ ਦਾ ਮੰਥ ਦਾ ਪੁਰਸਕਾਰ ਜਿੱਤਿਆ। ਏਜਾਜ਼ ਨੂੰ ਮਯੰਕ ਅਗਰਵਾਲ ਅਤੇ ਮਿਚੈਲ ਸਟਾਰਕ ਨਾਲ ਇਸ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਸੀ, ਪਰ ਏਜਾਜ਼ ਨੇ ਆਪਣੀ ਇਸ ਸ਼ਾਨਦਾਰ ਉਪਲੱਬਧੀ ਦੇ ਦਮ ‘ਤੇ ਦੋਹਾਂ ਨੂੰ ਮਾਤ ਦੇ ਦਿੱਤੀ।
ਏਜਾਜ਼ ਨੇ ਦਸੰਬਰ ਦੀ ਸ਼ੁਰੂਆਤ ‘ਚ ਭਾਰਤ ਖ਼ਿਲਾਫ਼ ਮੁੰਬਈ ਟੈੱਸਟ ਮੈਚ ‘ਚ 14 ਵਿਕਟਾਂ ਝਟਕਾਈਆਂ ਜਿਸ ‘ਚ ਪਹਿਲੀ ਪਾਰੀ ‘ਚ ਸਾਰੀਆਂ 10 ਵਿਕਟਾਂ ਸ਼ਾਮਿਲ ਸਨ। ਉਹ ਜਿਮ ਲੇਕਰ ਅਤੇ ਕੁੰਬਲੇ ਤੋਂ ਬਾਅਦ ਇਹ ਉਪਲਬਧੀ ਹਾਸਿਲ ਕਰਨ ਵਾਲਾ ਟੈੱਸਟ ਇਤਿਹਾਸ ‘ਚ ਤੀਜਾ ਖਿਡਾਰੀ ਬਣ ਗਿਆ। ਮੁੰਬਈ ‘ਚ ਜਨਮੇ ਏਜਾਜ਼ ਨੇ ਟੈੱਸਟ ਦੇ ਪਹਿਲੇ ਦਿਨ ਦਾ ਅੰਤ ਸਾਰੀਆਂ ਚਾਰ ਭਾਰਤੀ ਵਿਕਟਾਂ ਦੇ ਨਾਲ ਕੀਤਾ ਤੇ ਅਗਲੇ ਦਿਨ ਪਹਿਲੇ ਸੈਸ਼ਨ ‘ਚ ਬੈਕ ਟੂ ਬੈਕ ਡਲਿਵਰੀ ‘ਤੇ ਵਿਕਟ ਲੈ ਕੇ ਪ੍ਰਭਾਵਿਤ ਕੀਤਾ। ਹਾਲਾਂਕਿ ਉਹ ਹੈਟ੍ਰਿਕ ਨਾ ਲੈ ਸਕਿਆ, ਪਰ ਏਜਾਜ਼ ਨੇ ਪਾਰੀ ‘ਚ ਸਾਰੀਆਂ 10 ਵਿਕਟਾਂ ਲਈਆਂ ਅਤੇ ਆਪਣੀ ਟੀਮ ਦੇ ਨਾਲ ਹੀ ਵਿਰੋਧੀ ਖ਼ੇਮੇ ਤੋਂ ਵੀ ਸ਼ਲਾਘਾ ਪ੍ਰਾਪਤ ਕੀਤੀ।
ਏਜਾਜ਼ ਨੇ ਟੈੱਸਟ ਮੈਚ ਦੇ ਖ਼ਾਤਮੇ ‘ਤੇ ਕਿਹਾ, ”ਨਿੱਜੀ ਤੌਰ ‘ਤੇ ਮੈਨੂੰ ਲਗਦਾ ਹੈ ਕਿ ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਮਹਾਨ ਕ੍ਰਿਕਟ ਦਿਨਾਂ ‘ਚੋਂ ਇੱਕ ਸੀ ਅਤੇ ਸ਼ਾਇਦ ਇਹ ਹਮੇਸ਼ਾ ਰਹੇਗਾ। ਦਸੰਬਰ ਲਈ ICC ਦੀ ਵੋਟਿੰਗ ਅਕੈਡਮੀ ਦੇ ਮੈਂਬਰ ਜੇ.ਪੀ.ਡੁਮਿਨੀ ਨੇ ਇਸ ਉਪਲੱਬਧੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, ”ਇਤਿਹਾਸਕ ਉਪਲਬਧੀ! ਇੱਕ ਪਾਰੀ ‘ਚ 10 ਵਿਕਟਾਂ ਲੈਣਾ ਇੱਕ ਉਪਲੱਬਧੀ ਹੈ ਜਿਸ ਨੂੰ ਮਨਾਇਆ ਜਾਣਾ ਚਾਹੀਦਾ ਹੈ। ਇਸ ‘ਚ ਕੋਈ ਸ਼ੱਕ ਨਹੀਂ ਕਿ ਏਜਾਜ਼ ਦਾ ਪ੍ਰਦਰਸ਼ਨ ਇੱਕ ਮੀਲਪੱਥਰ ਹੈ ਜਿਸ ਨੂੰ ਆਉਣ ਵਾਲੇ ਸਾਲਾਂ ਤਕ ਯਾਦ ਕੀਤਾ ਜਾਵੇਗਾ।”