ਕੇਪਟਾਊਨ – ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਟੈੱਸਟ ਸੀਰੀਜ਼ ਦਾ ਤੀਜਾ ਮੈਚ ਕੇਪਟਾਊਨ ‘ਚ ਖੇਡਿਆ ਜਾ ਰਿਹਾ ਹੈ। ਇਸ ਮੈਚ ‘ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੱਕ ਵਾਰ ਫ਼ਿਰ ਟੀਮ ਨੂੰ ਸੰਭਾਲਦੇ ਹੋਏ ਕਪਤਾਨੀ ਪਾਰੀ ਖੇਡੀ। ਉਸ ਦਿਨ ਵਿਰਾਟ ਕੋਹਲੀ ਦੀ ਬੇਟੀ ਵਾਮਿਕਾ ਦਾ ਜਨਮਦਿਨ ਵੀ ਸੀ, ਅਤੇ ਇਸ ਮੌਕੇ ‘ਤੇ ਉਸ ਨੇ ਸ਼ਾਨਦਾਰ 79 ਦੌੜਾਂ ਦੀ ਪਾਰੀ ਖੇਡੀ। ਹਾਲਾਂਕਿ ਉਹ ਸੈਂਕੜਾ ਲਗਾਉਣ ਤੋਂ ਖੁੰਝ ਗਿਆ, ਪਰ ਇਸ ਦੌਰਾਨ ਆਪਣੇ ਨਾਮ ਕਈ ਵੱਡੇ ਰਿਕਾਰਡ ਵੀ ਦਰਜ ਕਰ ਲਏ।
ਵਿਰਾਟ ਕੋਹਲੀ ਦੱਖਣੀ ਅਫ਼ਰੀਕਾ ਦੀ ਧਰਤੀ ‘ਤੇ ਇੱਕ ਹਜ਼ਾਰ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ ਹੈ। ਇਸ ਲਿਸਟ ‘ਚ ਵਿਰਾਟ ਕੋਹਲੀ ਨੇ ਧੋਨੀ ਅਤੇ ਗਾਂਗੁਲੀ ਵਰਗੇ ਦਿੱਗਜ ਕਪਤਾਨਾਂ ਨੂੰ ਪਿੱਛੇ ਛੱਡ ਦਿੱਤਾ। ਵਿਰਾਟ ਤੋਂ ਬਾਅਦ ਇਸ ਲਿਸਟ ‘ਚ ਸੌਰਭ ਗਾਂਗੁਲੀ ਦਾ ਨਾਂ ਆਉਾਂਦਾ ਹੈ। ਸੌਰਭ ਗਾਂਗੁਲੀ ਨੇ ਦੱਖਣੀ ਅਫ਼ਰੀਕਾ ‘ਚ ਬਤੌਰ ਕਪਤਾਨ 911 ਦੌੜਾਂ ਬਣਾਈਆਂ ਸਨ ਜਦਕਿ ਧੋਨੀ ਨੇ ਬਤੌਰ ਕਪਤਾਨ 592 ਦੌੜਾਂ ਬਣਾਈਆਂ ਸਨ।
ਵਿਰਾਟ ਕੋਹਲੀ ਪੰਜ ਦੇਸ਼ਾਂ ‘ਚ ਇੱਕ ਹਜ਼ਾਰ ਦੌੜਾਂ ਪੂਰੀਆਂ ਕਰਨ ਵਾਲਾ ਪਹਿਲਾ ਭਾਰਤੀ ਕਪਤਾਨ ਬਣ ਗਿਆ। ਇਹ ਦੇਸ਼ ਹਨ: ਭਾਰਤ, ਆਸਟਰੇਲੀਆ, ਇੰਗਲੈਂਡ, ਵੈੱਸਟ ਇੰਡੀਜ਼ ਅਤੇ ਦੱਖਣੀ ਅਫ਼ਰੀਕਾ। ਏਸ਼ੀਆਈ ਕਪਤਾਨਾਂ ਵਲੋਂ ਕੇਪਟਾਊਨ ‘ਚ ਟੌਪ ਟੈੱਸਟ ਸਕੋਰਰ ਹਨ: ਸਚਿਨ ਤੇਂਦੁਲਕਰ – 169, ਵਿਰਾਟ ਕੋਹਲੀ – 79, ਤਿਲਕਰਤਨੇ ਦਿਲਸ਼ਾਨ – 78 ਅਤੇ ਦੱਖਣੀ ਅਫ਼ਰੀਕਾ ‘ਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਵਾਰ 50 ਪਲੱਸ ਦੇ ਸਕੋਰ ਕਰਨ ਵਾਲਿਆਂ ‘ਚ ਸ਼ਾਮਿਲ ਹਨ: ਸਚਿਨ ਤੇਂਦੁਲਕਰ – 8, ਵਿਰਾਟ ਕੋਹਲੀ – 5, ਸੌਰਭ ਗਾਂਗੁਲੀ – 4, ਵੀ.ਵੀ.ਐੱਸ.ਲਛਮਣ – 4, ਅਤੇ ਚੇਤੇਸ਼ਵਰ ਪੁਜਾਰਾ ਜਿਸ ਨੇ 4 ਵਾਰ 50 ਪਲੱਸ ਦੌੜਾਂ ਦਾ ਯੋਗਦਾਨ ਪਾਇਆ। ਟੈੱਸਟ ਕਪਤਾਨ ਦੇ ਰੂਪ ‘ਚ ਸਭ ਤੋਂ ਜ਼ਿਆਦਾ 200 ਪਲੱਸ ਗੇਂਦਾਂ ਦਾ ਸਾਹਮਣਾ ਕਰਨ ਵਾਲੇ ਕਪਤਾਨ ਹਨ: ਐਲਨ ਬਾਰਡਰ 19 ਵਾਰ, ਗ੍ਰੀਮ ਸਮਿਥ 17 ਵਾਰ ਅਤੇ ਮਾਈਕ ਆਥਰਟਨ 17 ਵਾਰ ਅਤੇ ਵਿਰਾਟ ਕੋਹਲੀ 15 ਵਾਰ।