ਸਾਨੂੰ ਸਾਰਿਆਂ ਨੂੰ, ਬਹੁਤ ਹੀ ਛੋਟੀ ਉਮਰ ਤੋਂ, ਸੱਚ ਬੋਲਣਾ ਸਿਖਾਇਆ ਜਾਂਦੈ। ਪਰ ਸੱਚਾਈ ਇੱਕ ਵਿਵਾਦਿਤ ਨੀਤੀ ਹੋ ਸਕਦੀ ਹੈ। ਕੁਝ ਲੋਕ ਉਨ੍ਹਾਂ ਤੱਥਾਂ ਨਾਲ ਨਜਿੱਠਣ ਦੇ ਕਾਬਿਲ ਹੀ ਨਹੀਂ ਹੁੰਦੇ ਜਿਨ੍ਹਾਂ ਦਾ ਸਾਹਮਣਾ ਕਰਨ ਲਈ ਉਹ ਖ਼ੁਦ ਨੂੰ ਤਿਆਰ ਨਾ ਸਮਝਦੇ ਹੋਣ। ਉਹ ਇੰਨੇ ਜ਼ਿਆਦਾ ਸੰਵੇਦਨਸ਼ੀਲ ਬਣ ਸਕਦੇ ਹਨ ਕਿ ਉਨ੍ਹਾਂ ਨਾਲ ਉਹ ਬੁਰਾ ਵਿਹਾਰ ਕਰਨ ਤਕ ਜਾ ਸਕਦੇ ਹਨ ਜਿਹੜੇ ਉਨ੍ਹਾਂ ਨੂੰ ਉਹ ਦੱਸਣ ਦੀ ਕੋਸ਼ਿਸ਼ ਕਰਨ ਜੋ ਸੁਣਨਾ ਉਨ੍ਹਾਂ ਲਈ ਨਿਹਾਇਤ ਜ਼ਰੂਰੀ ਹੁੰਦੈ। ਕੀ ਕਿਸੇ ਨੂੰ ਤਾਜ਼ਾ ਹਾਲਾਤ ਤੋਂ ਪੂਰੀ ਤਰ੍ਹਾਂ ਜਾਣੂ ਕਰਾਉਣਾ ਸੱਚਮੁੱਚ ਤੁਹਾਡਾ ਫ਼ਰਜ਼ ਹੈ? ਕੀ ਇਹ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਨੂੰ ਸਾਰੀ ਲੋੜੀਂਦੀ ਸਿਖਿਆ ਪ੍ਰਦਾਨ ਕਰ ਕੇ ਜਾਗਰੂਕ ਕਰੋ? ਕੀ ਤੁਸੀਂ ਇਸ ਬਾਰੇ ਪੂਰੀ ਤਰ੍ਹਾਂ ਨਿਸ਼ਚਿਤ ਹੋ ਕਿ ਤੁਸੀਂ ਉਨ੍ਹਾਂ ਨੂੰ ਦੱਸਣਾ ਕੀ ਹੈ? ਸ਼ਾਇਦ ਤੁਹਾਨੂੰ ਸਿਆਣਪ ਤੋਂ ਕੰਮ ਲੈਣ ਦੀ ਲੋੜ ਹੈ।

ਜ਼ਿੰਦਗੀ ਅਕਸਰ ਓਦੋਂ ਆਪਣੇ ਪੂਰੇ ਜੋਬਨ ‘ਤੇ ਹੁੰਦੀ ਹੈ ਜਦੋਂ, ਪ੍ਰਤੱਖ ਤੌਰ ‘ਤੇ, ਉਹ ਜਿਊਣੀ ਬਿਲਕੁਲ ਹੀ ਨਾਮੁਮਕਿਨ ਲੱਗ ਰਹੀ ਹੋਵੇ। ਜਦੋਂ ਸਾਨੂੰ ਇਹ ਵੀ ਪਤਾ ਨਾ ਚੱਲਦਾ ਹੋਵੇ ਕਿ ਅੱਗੇ ਕਿਵੇਂ ਵਧਣੈ, ਜਦੋਂ ਸਾਨੂੰ ਲੱਗਦਾ ਹੋਵੇ ਜਿਵੇਂ ਸਾਡੀ ਹਰ ਚੋਣ ਹੀ ਕਿਸੇ ਨਾ ਕਿਸੇ ਪੱਖੋਂ ਅਸੰਤੁਸ਼ਟੀਜਨਕ ਹੈ, ਅਸੀਂ ਮਜਬੂਰ ਹੋ ਜਾਂਦੇ ਉਹ ਸੋਚਣਾ ਸ਼ੁਰੂ ਕਰਨ ਲਈ ਜਿਸ ਦੀ ਕਲਪਨਾ ਕਰਨੀ ਵੀ ਅਸੰਭਵ ਹੋਵੇ। ਅਜਿਹਾ ਕਰਨਾ ਸਾਡੇ ਲਈ ਤਕਲੀਫ਼ਦੇਹ ਹੁੰਦਾ ਹੈ, ਪਰ ਇਹ ਸਾਨੂੰ ਆਜ਼ਾਦ ਵੀ ਕਰਦੈ। ਤੁਸੀਂ ਖ਼ੁਦ ਨੂੰ ਉਸ ਵਚਨਬੱਧਤਾ ਨਾਲ ਆਪਣੇ ਰਿਸ਼ਤੇ ਨੂੰ ਮੁੜ ਵਿਚਾਰਣ ਦੀ ਲੋੜ ਮਹਿਸੂਸ ਕਰਦੇ ਪਾ ਰਹੇ ਹੋ ਜਿਹੜੀ ਕਿਸੇ ਕਾਰਨ ਪਵਿੱਤਰ ਜਾਪਦੀ ਹੈ। ਤੁਸੀਂ ਓਨੇ ਜ਼ਿਆਦਾ ਫ਼ਸੇ ਜਾਂ ਹਾਰੇ ਹੋਏ ਨਹੀਂ ਜਿੰਨਾ ਤੁਹਾਨੂੰ ਡਰ ਹੈ।

ਕੁਝ ਵੀ ਸਦਾ ਨਹੀਂ ਰਹਿੰਦਾ। ਜਦੋਂ ਅਸੀਂ ਵਕਤ ਨੂੰ ਇੱਕ ਜਗ੍ਹਾ ਰੋਕ ਕੇ ਰੱਖਣ ਦੀ ਬਹੁਤ ਜ਼ਿਆਦਾ ਕੋਸ਼ਿਸ਼ ਕਰੀਏ, ਅਸੀਂ ਅੰਤ ‘ਚ ਤਬਦੀਲੀ ਦੀ ਰਫ਼ਤਾਰ ਨੂੰ ਹੀ ਤੇਜ਼ ਕਰ ਦਿੰਦੇ ਹਾਂ। ਤੁਹਾਨੂੰ ਇਸ ਵਕਤ ਆਪਣਾ ਦਿਲ ਮਜ਼ਬੂਤ ਕਰਨ ਅਤੇ ਆਪਣੇ ਉਚਤਮ ਆਦਰਸ਼ ਪ੍ਰਤੀ ਵਫ਼ਾਦਾਰ ਹੋਣ ਦੀ ਲੋੜ ਹੈ। ਜੇਕਰ ਕੋਈ ਸਥਿਤੀ ਅਨੁਚਿਤ ਜਾਪ ਰਹੀ ਹੈ – ਜਾਂ ਕਿਸੇ ਨੂੰ ਬਚਾਉਣ ਦੀ ਤੁਹਾਨੂੰ ਤੀਬਰ ਇੱਛਾ ਮਹਿਸੂਸ ਹੋ ਰਹੀ ਹੈ – ਕੇਵਲ ਇੰਨਾ ਚੇਤੇ ਰੱਖੋ ਕਿ ਇਸ ਸਮੁੱਚੇ ਸੰਸਾਰ ‘ਚ ਸਭ ਤੋਂ ਸ਼ਕਤੀਸ਼ਾਲੀ ਸ਼ਕਤੀ ਕੇਵਲ ਰਹਿਮਦਿਲੀ ਹੈ। ਸਵਾਰਥੀਪੁਣੇ ਦਾ ਮੁਕਾਬਲਾ ਫ਼ਰਾਖ਼ਦਿਲੀ ਨਾਲ ਕਰੋ। ਅਗਿਆਨਤਾ ਦਾ ਮੁਕਾਬਲਾ ਸਮਝਦਾਰੀ ਨਾਲ। ਅਤੇ ਭੈਅ ਦਾ ਮੁਕਾਬਲਾ ਵਿਸ਼ਵਾਸ ਨਾਲ। ਜਿੰਨਾ ਸੰਭਵ ਹੋਵੇ ਓਨੀ ਬਿਹਤਰੀਨ ਉਦਾਹਰਣ ਸਥਾਪਿਤ ਕਰਨ ਦਾ ਸਾਹਸ ਦਿਖਾਓ, ਅਤੇ ਤੁਸੀਂ ਸਿਰਫ਼ ਜੇਤੂ ਹੋ ਕੇ ਹੀ ਨਿਕਲ ਸਕਦੇ ਹੋ।

ਇਹ ਸੰਸਾਰ ਬੇਸ਼ੱਕ ਇੱਕ ਸਰਵਉੱਤਮ ਸਥਾਨ ਨਾ ਹੋਵੇ, ਪਰ ਇਹ ਨਿਰਾਸ਼ਾਜਨਕ ਹੱਦ ਤਕ ਨੁਕਸਦਾਰ ਵੀ ਨਹੀਂ। ਜਦੋਂ ਕਿ ਤੁਸੀਂ ਉਸ ਵਿਸ਼ੇ ਬਾਰੇ ਸੋਚ ਰਹੇ ਹੋ ਜਿਹੜਾ ਅਪ੍ਰਵਾਨਿਤ ਲੱਗ ਰਿਹੈ, ਇਹ ਮੰਨ ਕੇ ਨਾ ਚੱਲੋ ਕਿ ਤੁਸੀਂ ਉਸ ਬਾਰੇ ਕੁਝ ਵੀ ਉਸਾਰੂ ਨਹੀਂ ਕਰ ਸਕਦੇ। ਇੱਕ ਸਪੱਸ਼ਟ ਅਤੇ ਨਿਸ਼ਚਿਤ ਕਦਮ ਜਿਹੜਾ ਤੁਸੀਂ ਚੁੱਕ ਸਕਦੇ ਹੋ ਉਸ ਵਿੱਚ ਹਰ ਉਸ ਸ਼ੈਅ ਨੂੰ ਲੈ ਕੇ ਨਿਰਾਸ਼ ਅਤੇ ਹਤਾਸ਼ ਹੋਣ ਦੇ ਆਪਣੇ ਰੁਝਾਨ ਨੂੰ ਨੱਥ ਪਾਉਣਾ ਸ਼ਾਮਿਲ ਹੈ ਜਿਹੜੀ ਤੁਹਾਨੂੰ ਪਰੇਸ਼ਾਨ ਕਰਦੀ ਹੈ। ਆਪਣੇ ਦਿਲ ਅੰਦਰਲੇ ਵਧੇਰੇ ਆਸ਼ਾਵਾਦੀ ਅਤੇ ਸਹਿਣਸ਼ੀਲ ਵਿਹਾਰ ਨੂੰ ਬਾਹਰ ਲਿਆਓ। ਵਿਸ਼ਵਾਸ ਅਤੇ ਮੁਆਫ਼ ਕਰਨ ਦੀ ਖ਼ੁਦ ਦੀ ਚੇਤਨਤਾ ਨੂੰ ਹੋਰ ਪ੍ਰਚੰਡ ਕਰੋ। ਜੇ ਤੁਸੀਂ ਕਿਸੇ ਸਥਿਤੀ ਨੂੰ ਬਦਲ ਨਹੀਂ ਵੀ ਸਕਦੇ, ਤੁਸੀਂ ਉਸ ਬਾਰੇ ਜਿਵੇਂ ਮਹਿਸੂਸ ਕਰਦੇ ਹੋ ਉਸ ‘ਚ ਤਾਂ ਤਬਦੀਲੀ ਲਿਆ ਹੀ ਸਕਦੇ ਹੋ।

ਤੁਸੀਂ ਇਹ ਕਿਉਂ ਸੋਚਦੇ ਹੋ ਕਿ ਜੇਕਰ ਤੁਸੀਂ ਕਿਸੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸਲ ਚੱਲ ਕੀ ਰਿਹੈ, ਉਹ ਸਮਝਣਗੇ ਹੀ ਨਹੀਂ? ਕੀ ਤੁਹਾਨੂੰ ਉਨ੍ਹਾਂ ਦੀ ਸਿਆਣਪ ‘ਤੇ ਸ਼ੱਕ ਹੈ? ਕੀ ਤੁਹਾਨੂੰ ਸਮਝਾਉਣ ਦੀ ਆਪਣੀ ਕਾਬਲੀਅਤ ‘ਚ ਵਿਸ਼ਵਾਸ ਨਹੀਂ? ਜਾਂ ਫ਼ਿਰ ਕੀ ਕਿਸੇ ਮੌਜੂਦਾ ਸਥਿਤੀ ਬਾਰੇ ਕੁਝ ਅਜਿਹਾ ਹੈ ਜੋ ਤੁਹਾਨੂੰ ਇਸ ਹੱਦ ਤਕ ਦੁਬਿਧਾ ‘ਚ ਪਾਉਂਦੈ ਕਿ ਤੁਸੀਂ ਸੋਚਦੇ ਹੋ, ਜੇਕਰ ਤੁਸੀਂ ਉਸ ਦੇ ਕੋਈ ਅਰਥ ਨਹੀਂ ਕੱਢ ਸਕੇ ਤਾਂ ਕੋਈ ਹੋਰ ਵੀ ਕਦੇ ਨਹੀਂ ਕੱਢ ਸਕੇਗਾ? ਕਿਸੇ ਡਰ ਤੋਂ ਉੱਪਰ ਉਠਣਾ ਅਤੇ ਮਹੱਤਵਪੂਰਨ ਤੱਥ ਨੂੰ ਸਾਂਝਾ ਕਰਨਾ ਨਿਹਾਇਤ ਜ਼ਰੂਰੀ ਹੈ। ਵਿਕਸਿਤ ਹੋ ਰਹੇ ਕਿਸੇ ਨਾਟਕ ‘ਚ ਤੁਸੀਂ ਕੇਵਲ ਇੱਕ ਕਿਰਦਾਰ ਨਿਭਾ ਰਹੇ ਹੋ। ਤੁਹਾਨੂੰ ਕਿਸੇ ਹੋਰ ਨੂੰ ਉਨ੍ਹਾਂ ਦੀ ਭੂਮਿਕਾ ਵੀ ਨਿਭਾਉਣ ਦੇਣੀ ਚਾਹੀਦੀ ਹੈ।