ਨਵੀਂ ਦਿੱਲੀ – ਦੇਸ਼ ‘ਚ ਕੋਰੋਨਾ ਸੰਕਰਮਣ ਦੇ 1,94,720 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਗਿਣਤੀ 3,60,70,510 ਹੋ ਗਈ ਹੈ, ਜਿਨ੍ਹਾਂ ‘ਚ 4,868 ਮਾਮਲੇ ਓਮੀਕ੍ਰੋਨ ਵੇਰੀਐਂਟ ਦੇ ਹਨ। ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ‘ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 9,55,319 ਦਰਜ ਕੀਤੀ ਗਈ ਹੈ, ਜੋ ਪਿਛਲੇ 211 ਦਿਨਾਂ ‘ਚ ਸਭ ਤੋਂ ਵੱਧ ਹੈ। ਨਾਲ ਹੀ 442 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਕੋਰੋਨਾ ਮ੍ਰਿਤਕਾਂ ਦੀ ਗਿਣਤੀ 4,84,655 ਪਹੁੰਚ ਗਈ ਹੈ।
ਓਮੀਕ੍ਰੋਨ ਦੇ ਕੁੱਲ 4,868 ਮਾਮਲਿਆਂ ‘ਚੋਂ 1,805 ਲੋਕ ਹੁਣ ਤੱਕ ਸਿਹਤਮੰਦ ਹੋ ਚੁਕੇ ਹਨ ਜਾਂ ਦੇਸ਼ ਤੋਂ ਬਾਹਰ ਚਲੇ ਗਏ ਹਨ। ਮਹਾਰਾਸ਼ਟਰ ‘ਚ ਸਭ ਤੋਂ ਵੱਧ 1,281 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਰਾਜਸਥਾਨ 645, ਦਿੱਲੀ ‘ਚ 546, ਕਰਨਾਟਕ ‘ਚ 479 ਅਤੇ ਕੇਰਲ ‘ਚ 350 ਮਾਮਲੇ ਸਾਹਮਣੇ ਆਏ ਹਨ। ਮੰਤਰਾਲਾ ਨੇ ਦੱਸਿਆ ਕਿ ਇਲਾਜ ਅਧੀਨ ਮਰੀਜ਼ਾਂ ਦਾ ਫੀਸਦੀ ਸੰਕਰਮਣ ਦੇ ਕੁੱਲ ਮਾਮਲਿਆਂ ਦਾ 2.65 ਫੀਸਦੀ ਹੈ, ਜਦੋਂ ਕਿ ਕੋਰੋਨਾ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ ਘੱਟ ਕੇ 96.01 ਫੀਸਦੀ ਹੋ ਗਈ ਹੈ। ਪਿਛਲੇ 24 ਘੰਟਿਆਂ ‘ਚ ਕੋਰੋਨਾ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ ‘ਚ 1,33,873 ਦਾ ਵਾਧਾ ਹੋਇਆ ਹੈ। ਉੱਥੇ ਹੀ ਪਿਛਲੇ 24 ਘੰਟਿਆਂ ‘ਚ 85 ਲੱਖ ਤੋਂ ਵੱਧ ਕੋਰੋਨਾ ਟੀਕੇ ਲਗਾਏ ਗਏ ਹਨ। ਇਸ ਦੇ ਨਾਲ ਹੀ ਕੁੱਲ ਟੀਕਾਕਰਨ 153.80 ਕਰੋੜ ਤੋਂ ਵੱਧ ਹੋ ਗਿਆ ਹੈ।