ਨਵੀਂ ਦਿੱਲੀ – ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਕੋਰੋਨਾ ਦੇ ਮਾਮਲੇ ਸਥਿਰ ਹੋ ਗਏ ਹਨ ਅਤੇ ਜਲਦ ਹੀ ਇਨ੍ਹਾਂ ਦੇ ਘੱਟ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੰਕਰਮਣ ਦਰ ਤੋਂ ਮਾਮਲਿਆਂ ਦੇ ਸਿਖ਼ਰ ‘ਤੇ ਪਹੁੰਚਣ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਹੈ ਅਤੇ ਕਿਹਾ ਕਿ ਦਿੱਲੀ ‘ਚ ਬੁੱਧਵਾਰ ਨੂੰ 25 ਹਜ਼ਾਰ ਦੇ ਨੇੜੇ-ਤੇੜੇ ਨਵੇਂ ਮਾਮਲੇ ਆ ਸਕਦੇ ਹਨ। ਸਿਹਤ ਮੰਤਰੀ ਨੇ ਕਿਹਾ,”ਮਰੀਜ਼ਾਂ ਦੇ ਹਸਪਤਾਲ ‘ਚ ਦਾਖ਼ਲ ਹੋਣ ਦੀ ਦਰ ਸਥਿਰ ਹੈ ਅਤੇ ਮਾਮਲੇ ਵੀ ਸਥਿਰ ਹੋ ਗਏ ਹਨ। ਹਸਪਤਾਲ ‘ਚ ਹਾਲੇ ਵੀ ਬੈੱਡ ਖ਼ਾਲੀ ਹਨ।”
ਮੁੰਬਈ ਨਾਲ ਤੁਲਨਾ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਉੱਥੇ ਮਾਮਲਿਆਂ ‘ਚ ਗਿਰਾਵਟ ਸ਼ੁਰੂ ਹੋ ਗਈ ਹੈ ਅਤੇ ਇੱਥੇ ਵੀ ਜਲਦ ਅਜਿਹਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਜੇਕਰ 2-3 ਦਿਨ ‘ਚ ਸੰਕਰਮਣ ਦੇ ਮਾਮਲੇ ਘੱਟ ਹੋ ਗਏ ਤਾਂ ਪਾਬੰਦੀਆਂ ਹਟਾ ਦਿੱਤੀਆਂ ਜਾਣਗੀਆਂ। ਰਾਸ਼ਟਰੀ ਰਾਜਧਾਨੀ ‘ਚ ਮੰਗਲਵਾਰ ਨੂੰ ਸੰਕਰਮਣ ਨਾਲ 23 ਮਰੀਜ਼ਾਂ ਦੀ ਮੌਤ ਹੋ ਗਈ ਸੀ। ਇਸ ਮਹੀਨੇ 11 ਦਿਨ ‘ਚ 93 ਲੋਕਾਂ ਦੀ ਹੁਣ ਤੱਕ ਸੰਕਰਮਣ ਨਾਲ ਮੌਤ ਹੋ ਚੁਕੀ ਹੈ, ਜਦੋਂ ਕਿ ਪਿਛਲੇ 5 ਮਹੀਨਿਆਂ ‘ਚ ਦਿੱਲੀ ‘ਚ ਸੰਕਰਮਣ ਨਾਲ 54 ਲੋਕਾਂ ਦੀ ਮੌਤ ਹੋਈ ਸੀ। ਜੈਨ ਨੇ ਕਿਹਾ,”ਗੰਭੀਰ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ, ਜਦੋਂ ਕਿ ਕੋਰੋਨਾ ਵਾਇਰਸ ਦੇ ਇਲਾਜ ਲਈ ਵੱਧ ਲੋਕ ਹਸਪਤਾਲ ਨਹੀਂ ਆ ਰਹੇ ਹਨ।”