ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣ ਪਹੁੰਚੇ ਬਿਕਰਮ ਸਿੰਘ ਮਜੀਠੀਆ

ਮੁਹਾਲੀ : ਡਰੱਗ ਕੇਸ ਵਿਚ ਫਸੇ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਐੱਸ. ਆਈ. ਟੀ ਸਾਹਮਣੇ ਪੇਸ਼ ਹੋਏ ਹਨ। ਜਿੱਥੇ ਉਨ੍ਹਾਂ ਤੋਂ ਆਈ. ਜੀ. ਬਲਰਾਜ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਮਜੀਠੀਆ ਨੂੰ ਸੋਮਵਾਰ ਨੂੰ ਅੰਤਰਿਮ ਜ਼ਮਾਨਤ ਦਿੰਦੇ ਹੋਏ ਮੁਹਾਲੀ ਸਟੇਟ ਕ੍ਰਾਈਮ ਬ੍ਰਾਂਚ ਅੱਗੇ ਪੇਸ਼ ਹੋਣ ਲਈ ਕਿਹਾ ਸੀ। ਇਥੇ ਪਹੁੰਚੇ ਮਜੀਠੀਆ ਨੇ ਜ਼ਿਆਦਾ ਕੁੱਝ ਨਹੀਂ ਕਿਹਾ ਪਰ ਇਹ ਜ਼ਰੂਰ ਆਖਿਆ ਕਿ ਉਹ ਐੱਸ. ਆਈ. ਟੀ. ਦੇ ਅੱਗੇ ਪੇਸ਼ ਹੋਣ ਲਈ ਆਏ ਹਨ ਅਤੇ ਉਹ ਅਦਾਲਤੀ ਹੁਕਮਾਂ ਦਾ ਸਨਮਾਨ ਕਰਦੇ ਹਨ, ਇਸੇ ਤਹਿਤ ਉਹ ਐੱਸ. ਆਈ. ਟੀ. ਅੱਗੇ ਪੇਸ਼ ਹੋਏ ਹਨ।
ਸ਼ਰਤਾਂ ’ਤੇ ਮਿਲੀ ਮਜੀਠੀਆ ਨੂੰ ਜ਼ਮਾਨਤ
ਹਾਈਕੋਰਟ ਨੇ ਮਜੀਠੀਆ ਨੂੰ ਸ਼ਰਤਾਂ ’ਤੇ ਜ਼ਮਾਨਤ ਦਿੱਤੀ ਸੀ, ਜਿਸ ਵਿਚ ਹਾਈਕੋਰਟ ਨੇ ਕਿਹਾ ਸੀ ਕਿ ਜਦੋਂ ਵੀ ਜ਼ਰੂਰਤ ਪਵੇਗੀ, ਉਦੋਂ ਬਿਕਰਮ ਮਜੀਠੀਆ ਨੂੰ ਐੱਸ. ਆਈ. ਟੀ. ਅੱਗ ਪੇਸ਼ ਹੋਣਾ ਪਵੇਗਾ। ਮਜੀਠੀਆ ਸੁਣਵਾਈ ਦੀ ਅਗਲੀ ਤਾਰੀਖ਼ ਤੱਕ ਦੇਸ਼ ਨਹੀਂ ਛੱਡ ਸਕਦੇ ਹਨ। ਮਜੀਠੀਆ ਜਾਂਚ ਏਜੰਸੀ ਨੂੰ ਆਪਣਾ ਫੋਨ ਨੰਬਰ ਦੇਣਗੇ, ਜਿਹੜਾ 24 ਘੰਟੇ ਚਾਲੂ ਰਹੇਗਾ। ਇਸ ਤੋਂ ਇਲਾਵਾ ਮਜੀਠੀਆ ਜਾਂਚ ਕਰ ਰਹੀ ਟੀਮ ਨੂੰ ਹਰ ਸਮੇਂ ਆਪਣੀ ਲਾਈਵ ਲੋਕੇਸ਼ਨ ਸਾਂਝੀ ਕਰਨਗੇ।