ਪੁਡੂਚੇਰੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕਿਹਾ ਕਿ ਆਤਮਨਿਰਭਰ ਭਾਰਤ ਬਣਾਉਣ ‘ਚ ਸੂਖਮ, ਲਘੁ ਅਤੇ ਮੱਧਮ ਉੱਦਮ (ਐੱਮ.ਐੱਸ.ਐੱਮ.ਈ.) ਖੇਤਰ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ, ਇਸ ਲਈ ਜ਼ਰੂਰੀ ਹੈ ਕਿ ਇਹ ਖੇਤਰ ਦੁਨੀਆ ‘ਚ ਉਭਰਦੀ ਤਕਨਾਲੋਜੀ ਦੀ ਵਰਤੋਂ ਕਰਨ। ਪ੍ਰਧਾਨ ਮੰਤਰੀ ਨੇ ਇੱਥੇ ਆਯੋਜਿਤ 2 ਦਿਨਾ 25ਵੇਂ ਰਾਸ਼ਟਰੀ ਯੂਥ ਮਹੋਤਸਵ ਦਾ ਵੀਡੀਓ ਕਾਫਰੰਸ ਦੇ ਮਾਧਿਅਮ ਨਾਲ ਉਦਘਾਟਨ ਕਰਨ ਤੋਂ ਬਾਅਦ ਇਹ ਵੀ ਕਿਹਾ ਕਿ ਅੱਜ ਦੁਨੀਆ ਭਾਰਤ ਨੂੰ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਹੈ, ਕਿਉਂਕਿ ਦੇਸ਼ ਦਾ ਜਨ ਤੋਂ ਮਨ ਤੱਕ, ਚਿੰਤਨ ਤੋਂ ਲੈ ਤੇ ਚੇਤਨਾ ਤੱਕ ਸਭ ਕੁਝ ਨੌਜਵਾਨ ਹਨ। ਉਨ੍ਹਾਂ ਕਿਹਾ,”ਇਸ ਲਈ ਭਾਰਤ ਅੱਜ ਜੋ ਕਹਿੰਦਾ ਹੈ, ਦੁਨੀਆ ਉਸ ਨੂੰ ਆਉਣ ਵਾਲੇ ਕੱਲ ਦੀ ਆਵਾਜ਼ ਮੰਨਦੀ ਹੈ। ਅੱਜ ਜੋ ਭਾਰਤ ਸੁਫ਼ਨੇ ਦੇਖਦਾ ਹੈ, ਜੋ ਸੰਕਲਪ ਲੈਂਦਾ ਹੈ, ਉਸ ‘ਚ ਭਾਰਤ ਦੇ ਨਾਲ-ਨਾਲ ਵਿਸ਼ਵ ਦਾ ਵੀ ਭਵਿੱਖ ਦਿਖਾਈ ਦਿੰਦਾ ਹੈ।”
ਕੋਵਿਡ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਇਸ ਮਹੋਤਸਵ ਦਾ ਆਯੋਜਨ ਡਿਜੀਟਲ ਮਾਧਿਅਮ ਨਾਲ ਕੀਤਾ ਗਿਆ। ਇਸ ਮੌਕੇ ਯੂਥ ਅਤੇ ਖੇਡ ਮਾਮਲਿਆਂ ਦੇ ਮੰਤਰੀ ਅਨੁਰਾਗ ਠਾਕੁਰ, ਪੁਡੂਚੇਰੀ ਦੇ ਮੁੱਖ ਮੰਤਰੀ ਐੱਨ. ਰੰਗਾਸਵਾਮੀ ਅਤੇ ਪੁਡੂਚੇਰੀ ਦੇ ਉੱਪ ਰਾਜਪਾਲ ਤਮਿਲਸਾਈ ਸੌਂਦਰਰਾਜਨ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਮੇਰੇ ਸੁਫ਼ਨਿਆਂ ਦਾ ਭਾਰਤ’ ਅਤੇ ‘ਅਨਸੰਗ ਹੀਰੋਜ਼ ਆਫ਼ ਇੰਡੀਅਨ ਫ੍ਰੀਡਮ ਮੂਵਮੈਂਟ’ (ਭਾਰਤੀ ਆਜ਼ਾਦੀ ਅੰਦੋਲਨ ਦੇ ਗੁੰਮਨਾਮ ਮਹਾਨਾਇਕ) ‘ਤੇ ਚੁਣੇ ਲੇਖਾਂ ਦਾ ਉਦਘਾਟਨ ਕੀਤਾ। ਇਕ ਲੱਖ ਤੋਂ ਵੱਧ ਨੌਜਵਾਨਾਂ ਨੇ ਇਨ੍ਹਾਂ 2 ਵਿਸ਼ਿਆਂ ‘ਤੇ ਲੇਖ ਲਿਖੇ ਸਨ, ਜਿਨ੍ਹਾਂ ‘ਚੋਂ ਕੁਝ ਨੂੰ ਚੁਣਿਆ ਗਿਆ ਹੈ।