26 ਕੁੜੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਠੱਗਣ ਵਾਲਾ ਗ੍ਰਿਫਤਾਰ

ਬੇਂਗਲੁਰੂ – ਕਰਨਾਟਕ ’ਚ ਸਾਇਬਰ ਕ੍ਰਾਈਮ ਪੁਲਸ ਨੇ ਵਿਆਹ ਦਾ ਝਾਂਸਾ ਦੇ ਕੇ 26 ਕੁੜੀਆਂ ਨੂੰ ਕਥਿਤ ਤੌਰ ’ਤੇ ਠੱਗਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੇ ਕੁੜੀਆਂ ਲੱਭਣ ਲਈ ਮੈਟਰੀਮੋਨੀਅਲ ਸਾਈਟਾਂ ਦੀ ਵਰਤੋਂ ਕੀਤੀ। ਪੁਲਸ ਵਿਭਾਗ ’ਚ ਕੰਮ ਕਰਨ ਵਾਲੀ ਇਕ ਲੜਕੀ ਨੂੰ ਠੱਗਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮੁਲਜ਼ਮ ਗ੍ਰਿਫਤਾਰ ਹੋਇਆ। ਮੁਲਜ਼ਮ ਦੀ ਪਛਾਣ ਵਿਜੇਪੁਰ ਨਿਵਾਸੀ ਜੈ ਭੀਮ ਵਿੱਠਲ ਪਾਦੁਕੋਟੀ (33) ਦੇ ਰੂਪ ’ਚ ਹੋਈ ਹੈ। ਪੁਲਸ ਨੇ ਉਸ ਕੋਲੋਂ ਇਕ ਲਗਜ਼ਰੀ ਕਾਰ ਜ਼ਬਤ ਕਰਨ ਤੋਂ ਇਲਾਵਾ ਉਸ ਦੇ ਬੈਂਕ ਖਾਤੇ ਵੀ ਬਲਾਕ ਕਰ ਦਿੱਤੇ ਹਨ।
ਪਿਤਾ ਦੀ ਮੌਤ ਤੋਂ ਬਾਅਦ ਮੁਲਜ਼ਮ ਨੂੰ ਹੇਸਕਾਮ ’ਚ ਲਾਈਨਮੈਨ ਦੀ ਨੌਕਰੀ ਮਿਲ ਗਈ। ਉਸ ਨੇ 2013 ’ਚ ਕਵਿਤਾ ਨਾਂ ਦੀ ਕੁੜੀ ਨਾਲ ਵਿਆਹ ਕੀਤਾ ਸੀ ਅਤੇ ਕਥਿਤ ਤੌਰ ’ਤੇ ਝਗੜੇ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਦੇ ਲਈ ਉਸ ਨੂੰ 2 ਸਾਲ ਦੀ ਕੈਦ ਹੋਈ ਸੀ। ਜ਼ਮਾਨਤ ਮਿਲਣ ਤੋਂ ਬਾਅਦ ਜੇਲ ਤੋਂ ਬਾਹਰ ਆ ਕੇ ਉਸ ਨੇ ਆਲੀਸ਼ਾਨ ਜ਼ਿੰਦਗੀ ਜੀਣ ਲਈ ਕੁੜੀਆਂ ਨਾਲ ਵਿਆਹ ਕਰਨ ਦਾ ਝਾਂਸਾ ਦੇ ਕੇ ਠੱਗੀ ਦਾ ਸਹਾਰਾ ਲਿਆ। ਮੁਲਜ਼ਮ ਨੇ ਹੇਸਕਾਮ ’ਚ ਸੈਕਸ਼ਨ ਅਫਸਰ ਹੋਣ ਦਾ ਦਾਅਵਾ ਕਰਦੇ ਹੋਏ ਮੈਟਰੀਮੋਨੀਅਲ ਸਾਈਟਸ ’ਚ ਫਰਜ਼ੀ ਅਕਾਊਂਟ ਬਣਾਏ ਸਨ।
ਉਹ ਕੁੜੀਆਂ ਨੂੰ ਮੈਸੇਜ ਭੇਜਦਾ ਸੀ ਕਿ ਉਸ ਨੂੰ ਉਨ੍ਹਾਂ ਦੀ ਪ੍ਰੋਫਾਈਲ ਪਸੰਦ ਹੈ। ਬਾਅਦ ’ਚ ਉਹ ਕੁੜੀਆਂ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਦਾ ਵਿਸ਼ਵਾਸ ਜਿੱਤਣ ਲਈ ਉਨ੍ਹਾਂ ਦੇ ਘਰਾਂ ’ਚ ਜਾਂਦਾ ਸੀ। ਉਸ ਨੇ ਕੁੜੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਵੀ ਠੱਗ ਲਏ। ਪੀੜਤਾਂ ਨੇ ਜਦੋਂ ਵੀ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਉਹ ਉਨ੍ਹਾਂ ਨੂੰ ਧਮਕੀ ਦੇ ਕੇ ਟਾਲ ਦਿੰਦਾ ਸੀ। ਪੁਲਸ ਨੂੰ ਮੁਲਜ਼ਮ ਦੇ ਖਿਲਾਫ ਵਿਆਹ ਦਾ ਝਾਂਸਾ ਦੇ ਕੇ 3 ਔਰਤਾਂ ਨਾਲ ਸਰੀਰਕ ਸੰਬੰਧ ਬਣਾਉਣ ਤੋਂ ਬਾਅਦ ਉਨ੍ਹਾਂ ਦੇ ਨਾਲ ਧੋਖਾਦੇਹੀ ਕਰਨ ਦੇ ਸਬੂਤ ਮਿਲੇ।