ਆਮ ਆਦਮੀ ਪਾਰਟੀ (ਆਪ) ਦੇ ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਹਰਸਿਮਰਤ ਬਾਦਲ ‘ਤੇ ਕਾਂਗਰਸ ਨਾਲ ਮਿਲੀਭੁਗਤ ਦੇ ਇਲਜ਼ਾਮ ਲਗਾਏ ਹਨ।’ਆਪ’ ਆਗੂ ਨੇ ਹਰਸਿਮਰਤ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਸਵਾਲ ਚੁੱਕਿਆ ਹੈ ਕਿ ਉਨ੍ਹਾਂ ਦਾ ਮੁੱਖ ਮੰਤਰੀ ਚੰਨੀ ਨਾਲ ਕਿਹੜਾ ਸਮਝੌਤਾ ਹੋਇਆ ਸੀ ਜਿਸ ਕਾਰਨ ਅਗਾਊਂ ਜ਼ਮਾਨਤ ਰੱਦ ਹੋਣ ਮਗਰੋਂ ਵੀ ਬਿਕਰਮ ਮਜੀਠਿਆ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ।ਰਾਘਵ ਨੇ ਕਿਹਾ ਕਿ ਕਾਂਗਰਸ ਤੁਹਾਡੇ ਨਾਲ ਮਿਲੀ ਹੋਈ ਹੈ ਅਤੇ ਸਾਰੇ ਪੰਜਾਬ ਨੇ ਵੇਖਿਆ ਹੈ ਚੰਨੀ ਜੀ ਨੇ ਤੁਹਾਡੇ ਭਰਾ ਨੂੰ ਬਚਾਇਆ ।ਹਰਸਿਮਰਤ ‘ਤੇ ਵੱਡੇ ਇਲਜ਼ਾਮ ਲਗਾਉਂਦਿਆ ਰਾਘਵ ਨੇ ਕਿਹਾ ਕਿ ਤੁਸੀਂ ਪੰਜਾਬ ਵੇਚ ਦਿੱਤਾ ਹੈ, ਪੰਜਾਬੀਆਂ ਦਾ ਭਵਿੱਖ ਵੇਚ ਦਿੱਤਾ ਹੈ।ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬੀ ਤੁਹਾਡੇ ਇਕ-ਇਕ ਗੁਨਾਹ ਦਾ ਬਦਲਾ ਲੈਣਗੇ।
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਹਰਸਿਮਰਤ ਕੌਰ ਬਾਦਲ ਨੇ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਲਗਾਉਂਦਿਆਂ ਟਵੀਟ ਕੀਤਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ, ਚੋਣਾਂ ਇੱਕ ‘ਪੈਸਾ ਕਮਾਉਣ’ ਦਾ ਧੰਦਾ ਹੈ। ਜੇਕਰ ਪੰਜਾਬੀਆਂ ਨੂੰ ਵੋਟਾਂ ਲਈ ਲੁਭਾਉਣਾ ਕਾਫ਼ੀ ਨਹੀਂ ਸੀ ਤਾਂ ਹੁਣ ਉਹ ਪਾਰਟੀ ਦੀਆਂ ਟਿਕਟਾਂ ਵੇਚ ਕੇ ਲੋਕਤੰਤਰ ਦਾ ਮਜ਼ਾਕ ਉਡਾ ਰਹੇ ਹਨ। ਇਹ ਬਾਹਰਲੇ ਲੋਕ ਪੰਜਾਬ ‘ਤੇ ਰਾਜ ਕਰਨ ਦੇ ਸੁਫ਼ਨੇ ਵੇਖਦੇ ਹਨ। ਹਰਸਿਮਰਤ ਕੌਰ ਬਾਦਲ ਨੇ ਪੰਜਾਬੀਆਂ ਨੂੰ ਸਾਵਧਾਨ ਰਹਿਣ ਲਈ ਆਖਿਆ।