ਪਟਿਆਲਾ : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਲੱਗੇ ਚੋਣ ਜ਼ਾਬਤੇ ਦੌਰਾਨ ਪਟਿਆਲਾ ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ। ਜਿੱਥੇ ਕਾਂਗਰਸੀ ਆਗੂ ’ਤੇ ਅਣਵਛਾਤੇ ਲੋਕਾਂ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲ਼ੀਆਂ ਲੱਗਣ ਕਾਰਣ ਤਾਰਾ ਦੱਤ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਦਰਅਸਲ ਵਿਕਾਸ ਕਲੋਨੀ ਵਿਚ ਕਾਂਗਰਸੀ ਆਗੂ ਅਤੇ ਸਾਬਕਾ ਸਰਪੰਚ ਤਾਰਾ ਦੱਤ ’ਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਗੋਲ਼ੀਆਂ ਮਾਰ ਦਿੱਤੀਆਂ ਜਦੋਂ ਉਹ ਮਜ਼ਦੂਰਾਂ ਨੂੰ ਚਾਹ ਦੇਣ ਲਈ ਜਾ ਰਿਹਾ ਸੀ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ’ਤੇ ਪਹੁੰਚ ਗਈ। ਪੁਲਸ ਨੇ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਪੁਲਸ ਅਧਿਕਾਰੀਆਂ ਅਨੁਸਾਰ ਜਦੋਂ ਤਾਰਾ ਦੱਤ ਵਿਕਾਸ ਨਗਰ ਵਿਚ ਬਣ ਰਹੀ ਆਪਣੀ ਕੋਠੀ ਵਿਖੇ ਮਜ਼ਦੂਰਾਂ ਨੂੰ ਚਾਹ ਦੇਣ ਆਇਆ ਸੀ ਤਾਂ ਉਸ ਸਮੇਂ ਕਾਰ ਵਿਚ ਸਵਾਰ ਹੋਕੇ ਆਏ ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਗੋਲ਼ੀਆਂ ਮਾਰ ਦਿੱਤੀਆਂ। ਉਨ੍ਹਾਂ ਅਨੁਸਾਰ ਪੁਰਾਣੀ ਰੰਜਿਸ਼ ਦੇ ਚੱਲਦੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਤਾਰਾ ਦੱਤ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਦਾ ਖਾਸਮ ਖਾਸ ਹੈ।