ਚੋਣ ਜ਼ਾਬਤਾ ਲੱਗਣ ਮਗਰੋਂ ਭਗਵੰਤ ਮਾਨ ਦਾ ਵੱਡਾ ਬਿਆਨ, ਕਿਹਾ-ਪੰਜਾਬੀਆਂ ਨੇ ਸੱਤਾ ‘ਆਪ’ ਨੂੰ ਸੌਂਪਣ ਦਾ ਬਣਾਇਆ ਪੱਕਾ ਮਨ

ਚੰਡੀਗੜ੍ਹ-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੇਸ਼ ਦੇ ਚੋਣ ਕਮਿਸ਼ਨ ਵੱਲੋਂ ਪੰਜਾਬ ਸਮੇਤ ਪੰਜ ਸੂਬਿਆਂ ‘ਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਐਲਾਨਣ ਦਾ ਜ਼ੋਰਦਾਰ ਸਵਾਗਤ ਕੀਤਾ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹੈ। ਮਾਨ ਨੇ ਪੰਜਾਬ ਵਾਸੀਆਂ ਨੂੰ ਪੰਜਾਬ ਨੂੰ ਮੁੜ ਖੁਸ਼ਹਾਲ ਤੇ ਸ਼ਾਂਤਮਈ ਪੰਜਾਬ ਬਣਾਉਣ ਲਈ 14 ਫਰਵਰੀ ਨੂੰ ਨਵੀਂ ਇਬਾਰਤ ਆਪਣੇ ਹੱਥਾਂ ਨਾਲ ਲਿਖਣ ਦੀ ਅਪੀਲ ਵੀ ਕੀਤੀ।
ਸ਼ਨੀਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਭਗਵੰਤ ਮਾਨ ਦਾ ਟਵੀਟ ਜਾਰੀ ਕੀਤਾ ਗਿਆ, ਜਿਸ ‘ਚ ਉਨ੍ਹਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ 14 ਫਰਵਰੀ ਨੂੰ ਘਰਾਂ ਤੋਂ ਵੱਡੀ ਗਿਣਤੀ ’ਚ ਬਾਹਰ ਨਿਕਲਣ ਅਤੇ ਆਪਣੇ ਹੱਥਾਂ ਨਾਲ ਵੱਡੀ ਗਿਣਤੀ ‘ਚ ਵੋਟਾਂ ਪਾ ਕੇ ਪੰਜਾਬ ਦੀ ਨਵੀਂ ਕਿਸਮਤ ਲਿਖਣ। ਸੂਬੇ ਦੇ ਵੋਟਰ ਆਪਣੀਆਂ ਵੋਟਾਂ ਪਾ ਕੇ ਪੰਜਾਬ, ਪੰਜਾਬੀਅਤ ਅਤੇ ਪੰਜਾਬ ਵਾਸੀਆਂ ਨੂੰ ਲੁੱਟਣ ਅਤੇ ਕੁੱਟਣ ਵਾਲਿਆਂ ਨੂੰ ਪੰਜਾਬ ਦੀ ਸੱਤਾ ਤੋਂ ਦੂਰ ਕਰਨ, ਤਾਂ ਜੋ ਕਰਜ਼ੇ, ਡਰੱਗ, ਮਾਫੀਆ ਅਤੇ ਭ੍ਰਿਸ਼ਟਾਚਾਰ ‘ਚ ਡੁੱਬੇ ਪੰਜਾਬ ਨੂੰ ਮੁੜ ਸੋਹਣਾ ਅਤੇ ਖੁਸ਼ਹਾਲ ਪੰਜਾਬ ਬਣਾਇਆ ਜਾ ਸਕੇ।
ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ‘ਚ ਲਿਆਉਣ ਦਾ ਪੱਕਾ ਮਨ ਬਣਾ ਲਿਆ ਹੈ। ਪਾਰਟੀ ਉਮੀਦਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਚੋਣ ਰੈਲੀਆਂ ‘ਚ ਪੰਜਾਬ ਵਾਸੀ ਆਪੋ-ਆਪਣੇ ਸਾਧਨਾਂ ਨਾਲ ਵੱਡੀ ਗਿਣਤੀ ‘ਚ ਪਹੁੰਚ ਰਹੇ ਹਨ ਅਤੇ ਕੇਜਰੀਵਾਲ ਦੀਆਂ ਗਾਰੰਟੀਆਂ ਨੂੰ ਖੁੱਲ੍ਹੇ ਮਨ ਨਾਲ ਸਮਰਥਨ ਦੇ ਰਹੇ ਹਨ। ਇਸ ਲਈ 10 ਮਾਰਚ ਨੂੰ ਆਉਣ ਵਾਲੇ ਨਤੀਜੇ ਪੰਜਾਬ ਦੇ ਲੋਕਾਂ ਦੀ ਜਿੱਤ ਦਾ ਐਲਾਨ ਕਰਨਗੇ।
ਮਾਨ ਨੇ ਟਵੀਟ ਕੀਤਾ, ‘‘ ਪੰਜਾਬੀਓ, … ਪੰਜਾਬ ਦੀ ਆਪਣੇ ਹੱਥਾਂ ਨਾਲ ਕਿਸਮਤ ਲਿਖਣ ਦੀ ਤਾਰੀਖ 14 ਫਰਵਰੀ …. ਤਿਆਰ ਹੋ ਜਾਓ, … 10 ਮਾਰਚ ਨੂੰ ਪੰਜਾਬ ਦੇ ਲੋਕਾਂ ਦੀ ਜਿੱਤ ਹੋਵੇਗੀ…. ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ।’’ਇਸ ਦੇ ਨਾਲ ਹੀ ਭਗਵੰਤ ਮਾਨ ਨੇ ਦੇਸ਼ ਦੇ ਚੋਣ ਕਮਿਸ਼ਨ ਦੇ ਫ਼ੈਸਲਿਆਂ ਦਾ ਸਵਾਗਤ ਕਰਦਿਆਂ ਉਮੀਦ ਪ੍ਰਗਟ ਕੀਤੀ ਕਿ ਕਮਿਸ਼ਨ ਵੱਲੋਂ ਪੰਜਾਬ ‘ਚ ਨਿਰਪੱਖ, ਸ਼ਾਂਤਮਈ ਅਤੇ ਸੰਵਿਧਾਨਕ ਤਰੀਕੇ ਨਾਲ ਚੋਣਾਂ ਕਰਵਾਈਆਂ ਜਾਣਗੀਆਂ, ਤਾਂ ਜੋ ਲੋਕਤੰਤਰ ‘ਚ ਲੋਕਾਂ ਦਾ ਹੋਰ ਵਿਸ਼ਵਾਸ ਪੱਕਾ ਹੋਵੇ।