ਜਲੰਧਰ – ਪੰਜਾਬ ਦੇ ਉਪ-ਮੁੱਖ ਮੰਤਰੀ (ਗ੍ਰਹਿ) ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਕੇਂਦਰੀ ਚੋਣ ਕਮਿਸ਼ਨ ਵੱਲੋਂ ਤਾਰੀਕਾਂ ਦਾ ਐਲਾਨ ਕਰ ਦਿੱਤੇ ਜਾਣ ਤੋਂ ਬਾਅਦ ਕਿਹਾ ਹੈ ਕਿ ਸੂਬੇ ਦੀ ਜਨਤਾ ਕਾਂਗਰਸ ਨੂੰ ਇਕ ਹੋਰ ਮੌਕਾ ਦੇਵੇਗੀ। ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਕ ਵਾਰ ਫਿਰ ਤੋਂ ਹਾਰ ਦਾ ਸਾਹਮਣਾ ਕਰਨਾ ਪਵੇਗਾ ਜੋ ਕਿ ਇਸ ਵਾਰ ਜਨਤਾ ਨੂੰ ਪਤਾ ਹੈ ਕਿ ‘ਆਪ’ ’ਤੇ ਭਰੋਸਾ ਕਰਨਾ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ’ਚ ਆਮ ਆਦਮੀ ਪਾਰਟੀ ਸਰਕਾਰ ਦੀ ਕੀ ਕਾਰਗੁਜ਼ਾਰੀ ਰਹੀ ਹੈ, ਇਹ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਦਿੱਲੀ ’ਚ ਤਾਂ ਕੇਜਰੀਵਾਲ ਸਰਕਾਰ ਹਾਲਾਤ ਸੰਭਾਲ ਨਹੀਂ ਸਕੀ ਸੀ ਫਿਰ ਉਹ ਪੰਜਾਬ ਨੂੰ ਉੱਨਤੀ ਅਤੇ ਤਰੱਕੀ ਦੇ ਰਸਤੇ ’ਤੇ ਕਿਵੇਂ ਅੱਗੇ ਲਿਜਾ ਸਕੇਗੀ।
ਡਿਪਟੀ ਸੀ. ਐੱਮ. ਨੇ ਕਿਹਾ ਕਿ ਕਾਂਗਰਸ ’ਤੇ ਲੋਕ ਇਸ ਲਈ ਵੀ ਭਰੋਸਾ ਕਰ ਸਕਦੇ ਹਨ, ਕਿਉਂਕਿ ਕਾਂਗਰਸ ਨੇ ਹੀ ਸੂਬੇ ਲਈ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਦੌਰ ਦੇ ਸਮੇਂ ਵੀ ਕਾਂਗਰਸ ਹੀ ਕੁਰਬਾਨੀਆਂ ਦੇਣ ਲਈ ਸਭ ਤੋਂ ਅੱਗੇ ਸੀ। ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨਾਲ ਜੁੜਿਆ ਜਦੋਂ ਵੀ ਕੋਈ ਮਸਲਾ ਸਾਹਮਣੇ ਆਉਂਦਾ ਹੈ ਤਾਂ ਕਾਂਗਰਸ ਹੀ ਅੱਗੇ ਆ ਕੇ ਉਨ੍ਹਾਂ ਦੇ ਨਾਲ ਖੜ੍ਹੀ ਹੁੰਦੀ ਹੈ। ਇਸ ਵਾਰ ਚੋਣਾਂ ’ਚ ਸਭ ਤੋਂ ਮਹੱਤਵਪੂਰਣ ਮਸਲਾ ਸੂਬੇ ’ਚ ਅਮਨ ਅਤੇ ਸ਼ਾਂਤੀ ਨੂੰ ਬਹਾਲ ਰੱਖਣਾ ਅਤੇ ਪੰਜਾਬ ਨੂੰ ਖੁਸ਼ਹਾਲੀ ਅਤੇ ਤਰੱਕੀ ਦੇ ਰਸਤੇ ਵੱਲ ਲੈ ਜਾਣਾ ਹੋਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਨੇ ਸਾਰੇ ਵਾਅਦਿਆਂ ਨੂੰ ਪੂਰਾ ਕਰ ਦਿੱਤਾ ਹੈ ਅਤੇ ਜਨਤਾ ਨੂੰ ਵੀ ਪਤਾ ਹੈ ਕਿ ਤਿੰਨ ਮਹੀਨਿਆਂ ’ਚ ਸਰਕਾਰ ਦਿਨ-ਰਾਤ ਉਨ੍ਹਾਂ ਦੇ ਹਿੱਤਾਂ ਲਈ ਕੰਮ ਕਰਦੀ ਰਹੀ। ਉਨ੍ਹਾਂ ਚੋਣ ਕਮਿਸ਼ਨ ਵੱਲੋਂ ਲਾਈਆਂ ਕੋਵਿਡ ਪਾਬੰਦੀਆਂ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਅਸੀਂ ਚੋਣ ਕਮਿਸ਼ਨ ਦੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਅਤੇ ਲੋਕਾਂ ਦੀ ਜਾਨ ਨੂੰ ਬਚਾਉਣਾ ਅਤੇ ਉਨ੍ਹਾਂ ਨੂੰ ਤੰਦੁਰੁਸਤ ਰੱਖਣਾ ਇਸ ਸਮੇਂ ਸਭ ਤੋਂ ਵੱਡੀ ਤਰਜੀਹ ਹੈ। ਕੋਵਿਡ ਪਾਬੰਦੀਆਂ ਦੀ ਪਾਲਣਾ ਕਰ ਕੇ ਹੀ ਅਸੀਂ ਚੋਣ ਜੰਗ ’ਚ ਉੱਤਰਨ ਜਾ ਰਹੇ ਹਾਂ।