ਬੁਢਲਾਡਾ : ਕਾਂਗਰਸ ਪਿਛਲੇ 100 ਦਿਨਾਂ ਦਾ ਹਿਸਾਬ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਸਰਕਾਰ ਤਾਂ 5 ਸਾਲ ਲਈ ਲੋਕਾਂ ਦੀ ਸੇਵਾ ਲਈ ਆਉਂਦੀ ਹੈ ਤਾਂ ਫਿਰ ਪਿਛਲੇ ਸਾਢੇ ਸਾਲ ਦਾ ਹਿਸਾਬ ਕੌਣ ਦੇਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਬੁਢਲਾਡਾ ਵਿਖੇ ‘ਆਪ’ ਉਮੀਦਵਾਰ ਪ੍ਰਿੰਸੀਪਲ ਬੁੱਧਰਾਮ ਦੇ ਹੱਕ ਵਿੱਚ ਰੈਲੀ ਕਰਨ ਪੁੱਜੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕੀਤਾ।
ਕਾਂਗਰਸ ’ਤੇ ਨਿਸ਼ਾਨਾ ਲਗਾਉਂਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਿਛਲੇ 100 ਦਿਨਾਂ ਦਾ ਹਿਸਾਬ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਜਦੋਂ ਕੈਪਟਨ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਦੀ ਕੈਬਨਿਟ ‘ਚ ਚਰਨਜੀਤ ਸਿੰਘ ਚੰਨੀ, ਰਜ਼ੀਆ ਸੁਲਤਾਨਾ, ਬ੍ਰਹਮ ਮਹਿੰਦਰਾ ਸਾਰੇ ਸ਼ਾਮਲ ਸਨ। ਇਕੱਲੇ ਕੈਪਟਨ ਦੇ ਗ਼ਲਤ ਹੋਣ ਨਾਲ ਪੱਲਾ ਨਹੀਂ ਝਾੜਿਆ ਜਾ ਸਕਦਾ, ਮੰਤਰੀਆਂ ਦੀ ਸਲਾਹ ਨਾਲ ਹੀ ਮੁੱਖ ਮੰਤਰੀ ਚੱਲਦਾ ਹੈ। ਮਾਨ ਨੇ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਸਰਕਾਰ ਤੋਂ ਅੱਕ ਚੁੱਕੀ ਹੈ ਕਿਉਂਕਿ ਇਨ੍ਹਾਂ ਵਾਅਦੇ ਤਾਂ ਬਹੁਤ ਕੀਤੇ ਸਨ ਪਰ ਲਾਗੂ ਕੋਈ ਨਹੀਂ ਕੀਤਾ। ਇਸ ਨਾਲ ਪੰਜਾਬ ਦੇ ਲੋਕਾਂ ਨੂੰ ਡੂੰਘੀ ਸੱਟ ਵੱਜੀ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਧਰਨੇ ’ਤੇ ਬੈਠਾ ਹੋਇਆ ਹੈ ਉਹ ਚਾਹੇ ਅਧਿਆਪਕ, ਨਰਸਾਂ, ਡਰਾਈਵਰ ਹੋਣ ਜਾਂ ਪਟਵਾਰੀ ਅਤੇ ਬਿਜਲੀ ਵਿਭਾਗ ਦੇ ਵਰਕਰ ਹੋਣ। ਹਰ ਵਰਗ ਮੌਜੂਦਾ ਸਰਕਾਰ ਤੋਂ ਅੱਕ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮਜੀਠੀਆ ’ਤੇ ਕਾਰਵਾਈ ਕਰਨਾ ਇਕ ਸਿਆਸੀ ਸਟੰਟ ਹੈ ਜੋ ਸਿਰਫ਼ ਚੋਣਾਂ ਸਮੇਂ ਖੇਡਿਆ ਜਾ ਰਿਹਾ ਹੈ। ਪੰਜਾਬ ਦੀ ਜਨਤਾ ਬਹੁਤ ਸਿਆਣੀ ਹੈ। ਉਹ ਜਾਣਦੇ ਹਨ ਕਿ ਜੋ ਕੰਮ 4 ਸਾਲਾਂ ’ਚ ਨਹੀਂ ਕੀਤਾ ਉਹ ਇਕਦਮ ਚੋਣਾਂ ਨੇੜੇ ਕਿਵੇਂ ਸੰਭਵ ਹੋ ਗਿਆ। ਪੰਜਾਬ ਸਰਕਾਰ ‘ਤੇ ਵੱਡੇ ਇਲਜ਼ਾਮ ਲਗਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਨਾ ਤਾਂ ਰੇਤ ਮਾਫ਼ੀਆ ਖ਼ਤਮ ਕਰ ਸਕੀ ਅਤੇ ਨਾ ਹੀ ਬਾਦਲਾਂ ਦੀਆਂ ਬੱਸਾਂ ਨੂੰ ਰੋਕ ਸਕੀ।
ਭਗਵੰਤ ਮਾਨ ਨੇ ਨਵਜੋਤ ਸਿੱਧੂ ’ਤੇ ਨਿਸ਼ਾਨਾ ਲਗਾਉਂਦੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਹਰ ਔਰਤ ਨੂੰ 1000 ਰੁਪਏ ਦੇਣ ਦਾ ਐਲਾਨ ਕੀਤਾ ਸੀ ਤਾਂ ਸਿੱਧੂ ਨੇ ਕਿਹਾ ਸੀ ਕਿ ਪੰਜਾਬ ਦੀਆਂ ਔਰਤਾਂ ਨੂੰ ਭੀਖ ਨਹੀਂ ਚਾਹੀਦੀ ਅਤੇ ਆਪਣੇ ਬੀਤੇ ਦਿਨੀਂ ਦਿੱਤੇ ਭਾਸ਼ਣ ’ਚ ਹਰ ਔਰਤ ਨੂੰ 2000 ਰੁਪਏ ਮਹੀਨਾ ਦੇਣ ਦੀ ਗੱਲ ਕਹੀ ਗਈ। ਸਿੱਧੂ ਆਪਣੇ ਬੋਲਾਂ ’ਤੇ ਕੁਝ ਦਿਨ ਵੀ ਨਹੀਂ ਟਿਕ ਸਕਦੇ ਤਾਂ ਭਵਿੱਖ ’ਚ ਲੋਕਾਂ ਨੂੰ ਕੀ ਭਰੋਸਾ ਦੇਣਗੇ।
ਸ਼੍ਰੋਮਣੀ ਅਕਾਲੀ ਦਲ ’ਤੇ ਤੰਜ ਕੱਸਦਿਆਂ ਮਾਨ ਨੇ ਕਿਹਾ ਕਿ ਸਭ ਮਹਿਕਮਿਆਂ ਦੀ ਰਿਟਾਰਮੈਂਟ ਹੁੰਦੀ ਹੈ ਪਰ ਸਿਆਸਤ ’ਚ ਆਉਣ ਵਾਲਿਆਂ ਦੀ ਕੋਈ ਰਿਟਾਰਮੈਂਟ ਨਹੀਂ ਹੁੰਦੀ। ਪ੍ਰਕਾਸ਼ ਸਿੰਘ ਬਾਦਲ ’ਤੇ ਨਿਸ਼ਾਨਾ ਲਗਾਉਂਦੇ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਬਹੁਤ ਬਜ਼ੁਰਗ ਹੋ ਚੁੱਕੇ ਹਨ। ਰੱਬ ਕਰੇ ਉਨ੍ਹਾਂ ਦੀ ਉਮਰ ਲੰਮੀ ਹੋਵੇ ਤਾਂ ਜੋ ਉਹ ਅਕਾਲੀ ਦਲ ਦਾ ਕੀ ਹਾਲ ਹੁੰਦਾ ਹੈ ਆਪਣੀਆਂ ਅੱਖਾਂ ਨਾਲ ਵੇਖ ਸਕਣ।