ਜਲੰਧਰ: ਪੰਜਾਬ ’ਚ ਕੋਰੋਨਾ ਇਨਫੈਕਸ਼ਨ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਜਿੱਥੇ ਪੰਜਾਬ ’ਚ ਕੁਝ ਹੀ ਸਮੇਂ ਬਾਅਦ ਚੋਣਾਂ ਹੋਣੀਆਂ ਹਨ, ਉੱਥੇ ਹੀ ਕੋਰੋਨਾ ਵੀ ਤੇਜ਼ੀ ਨਾਲ ਫ਼ੈਲ ਰਿਹਾ ਹੈ। ਅਜਿਹੇ ਵੇਲੇ ਪੰਜਾਬ ਸਰਕਾਰ ਵੱਲੋਂ ਕੀ ਤਿਆਰੀਆਂ ਕੀਤੀਆਂ ਗਈਆਂ ਹਨ, ਕੋਰੋਨਾ ਦਾ ਸਾਹਮਣਾ ਕਰਨ ਲਈ ਕੀ ਪਲਾਨ ਹਨ, ਇਸ ਨੂੰ ਲੈ ਕੇ ‘ਜਗ ਬਾਣੀ’ ਦੇ ਨਵੀਨ ਸੋਢੀ ਨੇ ਪੰਜਾਬ ਦੇ ਉਪ-ਮੁੱਖ ਮੰਤਰੀ ਤੇ ਸਿਹਤ ਮੰਤਰੀ ਓ. ਪੀ. ਸੋਨੀ ਨਾਲ ਖ਼ਾਸ ਗੱਲਬਾਤ ਕੀਤੀ।
*ਲੋਕ ਕਹਿ ਰਹੇ ਹਨ ਕਿ ਕੋਰੋਨਾ ਆਮ ਲੋਕਾਂ ਲਈ ਹੈ, ਨੇਤਾਵਾਂ ਲਈ ਨਹੀਂ
*ਕਾਨੂੰਨ ਸਾਰਿਆਂ ਲਈ ਬਰਾਬਰ ਹੈ। ਜਿੱਥੋਂ ਤਕ ਰੈਲੀਆਂ ਦਾ ਸਵਾਲ ਹੈ, ਉਸ ਦੇ ਲਈ ਵਿਚਾਰ ਕੀਤਾ ਜਾ ਸਕਦਾ ਹੈ। ਜੇ ਕੋਈ ਗਾਈਡਲਾਈਨਜ਼ ਕੇਂਦਰ ਸਰਕਾਰ ਵੱਲੋਂ ਸੂਬਿਆਂ ਲਈ ਆਉਂਦੀਆਂ ਹਨ ਤਾਂ ਸਰਕਾਰ ਜਲਦ ਹੀ ਇਸ ’ਤੇ ਫ਼ੈਸਲਾ ਕਰੇਗੀ। ਅਜੇ ਤਾਂ ਕੇਂਦਰ ਸਰਕਾਰ ਵੱਲੋਂ ਕੋਈ ਗਾਈਡਲਾਈਨ ਨਹੀਂ ਆਈ। ਜਿੱਥੋਂ ਤਕ ਰੈਲੀਆਂ ਦਾ ਮਾਮਲਾ ਹੈ ਤਾਂ ਮੈਂ ਸਮਝਦਾ ਹਾਂ ਕਿ ਜੇ ਕੋਰੋਨਾ ਦੇ ਕੇਸ ਇਸੇ ਤਰ੍ਹਾਂ ਵਧਣਗੇ ਤਾਂ ਜਲਦੀ ਹੀ ਸਭ ਕੁਝ ਬੈਨ ਹੋ ਜਾਵੇਗਾ।
*ਪੰਜਾਬ ’ਚ ਕੋਰੋਨਾ ਦੀ ਕੀ ਸਥਿਤੀ ਹੈ?
*ਸੂਬੇ ’ਚ ਕੋਰੋਨਾ ਦੇ ਕੇਸ ਵਧ ਰਹੇ ਹਨ। ਸਰਕਾਰ ਵੱਲੋਂ ਹਰ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਹਨ। ਤੀਜੀ ਲਹਿਰ ਬਾਰੇ ਸਾਨੂੰ ਪਹਿਲਾਂ ਪਤਾ ਸੀ। ਹੁਣ ਇਹ ਲਹਿਰ ਆ ਗਈ ਹੈ, ਕੇਸ ਵਧ ਰਹੇ ਹਨ ਪਰ ਘਬਰਾਉਣ ਦੀ ਲੋੜ ਨਹੀਂ। ਸਭ ਨੂੰ ਅਹਿਤਿਆਤ ਵਰਤਣ ਦੀ ਲੋੜ ਹੈ।
*ਸਰਕਾਰ ਕੀ ਪ੍ਰੀਕਾਸ਼ਨ ਲੈ ਰਹੀ ਹੈ ਇਸ ਨੂੰ ਲੈ ਕੇ?
*ਸਰਕਾਰ ਐਡਵਰਟਾਈਜ਼ਮੈਂਟ ਕਰ ਰਹੀ ਹੈ। ਸਭ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕੋਰੋਨਾ ’ਤੇ ਸਰਕਾਰ ਦੀਆਂ ਜੋ ਗਾਈਡਲਾਈਨਜ਼ ਹਨ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇ।
*ਪਹਿਲੀ ਲਹਿਰ ਵੇਲੇ ਸਾਨੂੰ ਜਾਣਕਾਰੀ ਨਹੀਂ ਸੀ। ਹੁਣ ਤੀਜੀ ਲਹਿਰ ਦਾ ਪਤਾ ਹੈ ਤਾਂ ਹਸਪਤਾਲਾਂ ਵਿਚ ਕੀ ਪ੍ਰਬੰਧ ਕੀਤੇ ਗਏ ਹਨ?
*ਹਸਪਤਾਲਾਂ ਵਿਚ ਸਾਰੇ ਪ੍ਰਬੰਧ ਹਨ। ਸਭ ਕੁਝ ਠੀਕ ਹੈ। ਸਾਡੇ ਕੋਲ ਪੂਰੇ ਬੈੱਡ ਹਨ। ਆਕਸੀਜਨ ਤੇ ਵੈਂਟੀਲੇਟਰ ਦਾ ਵੀ ਪੂਰਾ ਇੰਤਜ਼ਾਮ ਹੈ। ਆਕਸੀਜਨ ਦੀ ਪਿਛਲੀ ਵਾਰ ਘਾਟ ਰਹਿ ਗਈ ਸੀ। ਇਸ ਵਾਰ ਆਕਸੀਜਨ ਦਾ ਹਰ ਤਰ੍ਹਾਂ ਦਾ ਪ੍ਰਬੰਧ ਹੈ। ਹਸਪਤਾਲਾਂ ਵਿਚ ਆਕਸੀਜਨ ਪਲਾਂਟ ਲੱਗੇ ਹਨ। 70 ਹਸਪਤਾਲਾਂ ਵਿਚ ਆਕਸੀਜਨ ਪਲਾਂਟ ਸ਼ੁਰੂ ਹੋ ਗਏ ਹਨ ਅਤੇ ਬਾਕੀ ਹਸਪਤਾਲਾਂ ਵਿਚ ਵੀ ਕੰਮ ਚੱਲ ਰਿਹਾ ਹੈ। ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
*ਸਭ ਤੋਂ ਵੱਧ ਕੇਸ ਪੰਜਾਬ ’ਚ ਕਿੱਥੋਂ ਆ ਰਹੇ ਹਨ?
*ਅੱਜ ਵੀ ਪੰਜਾਬ ’ਚ 2400 ਦੇ ਲਗਭਗ ਕੇਸ ਆਏ ਹਨ। ਕੇਸ ਰੋਜ਼ਾਨਾ ਵਧ ਰਹੇ ਹਨ। ਕੱਲ 24 ਹਜ਼ਾਰ ਦੇ ਲਗਭਗ ਟੈਸਟ ਕੀਤੇ ਗਏ, ਜਿਸ ਦੌਰਾਨ 2400 ਵਿਅਕਤੀ ਕੋਰੋਨਾ ਪਾਜ਼ੇਟਿਵ ਮਿਲੇ। ਅਸੀਂ ਜ਼ਿਆਦਾ ਸੈਂਪਲ ਲੈ ਰਹੇ ਹਾਂ। ਅਸੀਂ ਟਾਰਗੈੱਟ ਦਿੱਤਾ ਹੋਇਆ ਹੈ ਕਿ ਰੋਜ਼ਾਨਾ 30 ਤੋਂ 35 ਹਜ਼ਾਰ ਟੈਸਟ ਕਰਨੇ ਹਨ।
*ਬੂਸਟਰ ਡੋਜ਼ ਕਿਸ-ਕਿਸ ਨੂੰ ਲਾਈ ਜਾ ਰਹੀ ਹੈ? ਇਸ ਸਬੰਧੀ ਕੀ ਪਲਾਨਿੰਗ ਕੀਤੀ ਗਈ ਹੈ?
*60 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਅਸੀਂ ਕਹਿ ਰਹੇ ਹਾਂ ਕਿ ਉਹ ਬੂਸਟਰ ਡੋਜ਼ ਲਵਾਉਣ। ਉਸ ਤੋਂ ਬਾਅਦ ਅਸੀਂ 15 ਤੋਂ 18 ਸਾਲ ਦੇ ਬੱਚਿਆਂ ਨੂੰ ਕਹਿ ਰਹੇ ਹਾਂ ਕਿ ਉਨ੍ਹਾਂ ਲਈ ਵੀ ਵੈਕਸੀਨ ਜ਼ਰੂਰੀ ਹੈ। ਸਭ ਨੂੰ ਤੇਜ਼ੀ ਨਾਲ ਵੈਕਸੀਨ ਲੱਗ ਰਹੀ ਹੈ। 2-3 ਦਿਨਾਂ ’ਚ ਅਸੀਂ ਡੇਢ ਲੱਖ ਦੇ ਲਗਭਗ ਬੱਚਿਆਂ ਨੂੰ ਵੈਕਸੀਨ ਲਾ ਦਿੱਤੀ ਹੈ। ਰੋਜ਼ਾਨਾ ਇਕ ਲੱਖ ਤਕ ਅਸੀਂ 15 ਤੋਂ 18 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਾ ਰਹੇ ਹਾਂ।
*ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਗਈਆਂ ਹਨ, ਹੁਣ ਉਨ੍ਹਾਂ ਨੂੰ ਬੂਸਟਰ ਡੋਜ਼ ਲੱਗੇਗੀ। ਇਹ ਕਦੋਂ ਤੋਂ ਸ਼ੁਰੂ ਹੋਵੇਗੀ?
*ਜਿਨ੍ਹਾਂ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗ ਗਈਆਂ ਹਨ, ਉਨ੍ਹਾਂ ਨੂੰ ਬੂਸਟਰ ਡੋਜ਼ ਲਾਈ ਜਾਵੇਗੀ। ਅਜੇ ਅਸੀਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਵੈਕਸੀਨ ਲਵਾਓ। ਸਿੰਗਲ ਡੋਜ਼ ਹੁਣ ਤਕ 85 ਫ਼ੀਸਦੀ ਤੋਂ ਵੱਧ ਲੋਕਾਂ ਨੂੰ ਲੱਗ ਚੁੱਕੀ ਹੈ। ਡਬਲ ਡੋਜ਼ ਨੂੰ ਲੈ ਕੇ ਲੋਕਾਂ ਨੇ ਲਾਪ੍ਰਵਾਹੀ ਵਰਤੀ ਸੀ ਪਰ ਫਿਰ ਵੀ ਅਸੀਂ 50 ਫ਼ੀਸਦੀ ਤੋਂ ਵੱਧ ਨੂੰ ਵੈਕਸੀਨ ਦੀ ਦੂਜੀ ਡੋਜ਼ ਲਾ ਦਿੱਤੀ ਹੈ। ਬਾਕੀ ਅਸੀਂ ਸਾਰਿਆਂ ਨੂੰ ਕਹਿ ਰਹੇ ਹਾਂ ਕਿ ਜਿਨ੍ਹਾਂ ਨੇ ਸਿੰਗਲ ਡੋਜ਼ ਲਵਾ ਲਈ ਹੈ, ਉਹ ਦੂਜੀ ਡੋਜ਼ ਵੀ ਜ਼ਰੂਰ ਲਵਾਉਣ।
*ਜਨਤਕ ਥਾਵਾਂ ’ਤੇ ਲੋਕਾਂ ਦੀ ਭੀੜ ਇਕੱਠੀ ਨਾ ਹੋਵੇ, ਇਸ ਨੂੰ ਲੈ ਕੇ ਕੀ ਪਲਾਨਿੰਗ ਕੀਤੀ ਗਈ ਹੈ?
*ਸਾਡਾ ਸਿਸਟਮ ਬਿਲਕੁਲ ਠੀਕ ਹੈ। ਸਰਕਾਰ ਸਭ ਕੁਝ ਵੇਖ ਰਹੀ ਹੈ। ਰੋਜ਼ਾਨਾ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਸਾਡਾ ਸਥਿਤੀ ਵੱਲ ਪੂਰਾ ਧਿਆਨ ਹੈ। ਤੀਜੀ ਲਹਿਰ ਨੂੰ ਲੈ ਕੇ ਜਿਸ ਤਰ੍ਹਾਂ ਦੀ ਵੀ ਲੋੜ ਪਵੇਗੀ, ਸਰਕਾਰ ਨੇ ਇੰਤਜ਼ਾਮ ਪੂਰੇ ਕਰ ਲਏ ਹਨ।
*ਇਟਲੀ ਤੋਂ ਅੰਮ੍ਰਿਤਸਰ ਪਰਤੀ ਫਲਾਈਟ ਵਿਚ ਮਿਲੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ ਕੁਝ ਭੱਜ ਗਏ ਸਨ। ਕੀ ਉਹ ਵਾਪਸ ਆ ਗਏ ਹਨ?
*ਡਿਪਟੀ ਕਮਿਸ਼ਨਰ, ਅੰਮ੍ਰਿਤਸਰ ਇਸ ਮਾਮਲੇ ਨੂੰ ਵੇਖ ਰਹੇ ਹਨ। ਭੱਜੇ ਹੋਏ ਲੋਕਾਂ ਖ਼ਿਲਾਫ਼ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ, ਅਮਲ ਵਿਚ ਲਿਆਂਦੀ ਜਾਵੇਗੀ।