ਨਵੀਂ ਦਿੱਲੀ – ਦਿੱਲੀ ’ਚ ਘੱਟੋ-ਘੱਟ ਪਿਛਲੇ 13 ਸਾਲ ਬਾਅਦ ਜਨਵਰੀ ’ਚ ਇਕ ਦਿਨ ’ਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ ਅਤੇ ਸ਼ੁੱਕਰਵਾਰ ਰਾਤ ਭਰ ਪਏ ਮੀਂਹ ਕਾਰਨ ਰਾਸ਼ਟਰੀ ਰਾਜਧਾਨੀ ਦੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ। ਭਾਰਤੀ ਮੌਸਮ ਵਿਗਿਆਨ ਵਿਭਾਗ ਦੀ ਵੈੱਬਸਾਈਟ ’ਤੇ ਉਪਲੱਬਧ ਅੰਕੜਿਆਂ ਅਨੁਸਾਰ, ਸ਼ਹਿਰ ਦੇ ਕਈ ਹਿੱਸਿਆਂ ’ਚ ਪਾਣੀ ਭਰਨ ਦੀ ਜਾਣਕਾਰੀ ਮਿਲੀ ਹੈ। ਸਫਦਰਜੰਗ ਵੇਧਸ਼ਾਲਾ ਨੇ 41 ਮਿਲੀਮੀਟਰ ਮੀਂਹ ਦਰਜ ਕੀਤਾ, ਜੋ ਘੱਟੋ-ਘੱਟ 13 ਸਾਲ ’ਚ ਜਨਵਰੀ ’ਚ ਇਕ ਦਿਨ ’ਚ ਪਿਆ ਸਭ ਤੋਂ ਵੱਧ ਮੀਂਹ ਹੈ। ਪਾਲਮ ’ਚ ਮੌਸਮ ਕੇਂਦਰ ਨੇ ਸ਼ਨੀਵਾਰ ਸਵੇਰੇ 8 ਵਜੇ ਤੱਕ ਪਿਛਲੇ 24 ਘੰਟਿਆਂ ’ਚ 48 ਮਿਲੀਮੀਟਰ ਮੀਂਹ ਦਰਜ ਕੀਤਾ। ਰਾਤ ਭਰ ਪਏ ਮੀਂਹ ਕਾਰਨ ਸ਼ਹਿਰ ਦੀ ਹਵਾ ਗੁਣਵੱਤਾ ’ਚ ਸੁਧਾਰ ਦੇਖਿਆ ਗਿਆ ਅਤੇ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕਾਂਕ (ਏ.ਕਿਊ.ਆਈ.) 114 ਦਰਜ ਕੀਤਾ ਗਿਆ, ਜੋ ਮੱਧਮ ਸ਼੍ਰੇਣੀ ’ਚ ਆਉਂਦਾ ਹੈ। ਇਹ ਸ਼ੁੱਕਰਵਾਰ ਨੂੰ 182 ਸੀ।
ਜ਼ੀਰੋ ਤੋਂ 50 ਦਰਮਿਆਨ ਏ.ਕਿਊ.ਈ. ‘ਚੰਗਾ’, 51 ਤੋਂ100 ਦਰਮਿਆਨ ‘ਸੰਤੋਸ਼ਜਨਕ’, 101 ਤੋਂ 2000 ਦਰਮਿਆਨ ‘ਮੱਧਮ’, 201 ਤੋਂ 300 ਦਰਮਿਆਨ ‘ਖ਼ਰਾਬ’, 301 ਤੋਂ 400 ਦਰਮਿਆਨ ‘ਬਹੁਤ ਖ਼ਰਾਬ’ ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਸ਼੍ਰੇਣੀ ’ਚ ਮੰਨਿਆ ਜਾਂਦਾ ਹੈ। ਮੌਸਮ ਵਿਗਿਆਨ ਵਿਭਾਗ ਨੇ ਦੱਸਿਆ ਕਿ ਰਾਸ਼ਟਰੀ ਰਾਜਧਾਨੀ ’ਚ ਘੱਟੋ-ਘੱਟ ਤਾਪਮਾਨ 15.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਮੌਸਮ ਦੇ ਆਮ ਤਾਪਮਾਨ ਤੋਂ 8 ਡਿਗਰੀ ਵੱਧ ਹੈ। ਵੱਧ ਤੋਂ ਵੱਧ ਤਾਪਮਾਨ ਦੇ 19 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।