ਦੇਸ਼ ਦੀਆਂ ਸਰਹੱਦਾਂ ‘ਤੇ ਵੀ ਸੁਰੱਖਿਆ ‘ਚ ਹੋ ਰਹੀ ਅਣਗਹਿਲੀ, ਕੀ PM ਇਸ ਬਾਰੇ ਕਰਨਗੇ ਗੱਲ : ਰਾਹੁਲ

ਨਵੀਂ ਦਿੱਲੀ- ਪੰਜਾਬ ਦੌਰੇ ‘ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ‘ਚ ਹੋਈ ਅਣਗਹਿਲੀ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਇਸ ਮਾਮਲੇ ‘ਤੇ ਗ੍ਰਹਿ ਮੰਤਰਾਲਾ ਨੇ ਜਾਂਚ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ। ਤਿੰਨ ਮੈਂਬਰਾਂ ਵਾਲੀ ਇਸ ਕਮੇਟੀ ਦੀ ਅਗਵਾਈ ਕੈਬਨਿਟ ਸਕੱਤਰੇਤ (ਸੁਰੱਖਿਆ) ਸੁਧੀਰ ਕੁਮਾਰ ਸਕਸੈਨਾ ਕਰਨਗੇ। ਇਸ ਤੋਂ ਇਲਾਵਾ ਕਮੇਟੀ ‘ਚ ਆਈ.ਬੀ. ਦੇ ਸੰਯੁਕਤ ਡਾਇਰੈਕਟਰ ਬਲਬੀਰ ਸਿੰਘ ਅਤੇ ਐੱਸ.ਪੀ.ਜੀ. ਆਈ.ਜੀ. ਐੱਸ. ਸੁਰੇਸ਼ ਸ਼ਾਮਲ ਹਨ।
ਉੱਥੇ ਹੀ ਇਸ ਮਾਮਲੇ ‘ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐੱਮ. ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ,”ਸਾਡੀਆਂ ਸਰਹੱਦਾਂ ‘ਤੇ ਜੋ ਹੋ ਰਿਹਾ ਹੈ ਉਹ ਵੀ ਰਾਸ਼ਟਰੀ ਸੁਰੱਖਿਆ ਦੀ ਇਕ ਵੱਡੀ ਅਣਗਹਿਲੀ ਹੈ, ਕੀ ਪੀ.ਐੱਮ. ਕਦੇ ਇਸ ਬਾਰੇ ਗੱਲ ਕਰਨਗੇ?” ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਰਾਹੁਲ ਨੇ ਸਾਲ ਦੇ ਆਖ਼ਰੀ ਦਿਨ ਇਕ ਟਵੀਟ ਕਰ ਕੇ ਚੀਨ ਦੇ ਅਰੁਣਾਚਲ ਪ੍ਰਦੇਸ਼ ‘ਚ 15 ਥਾਂਵਾਂ ਦੇ ਨਵੇਂ ਨਾਮ ਰੱਖਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨ੍ਹਿਆ ਸੀ। ਰਾਹੁਲ ਨੇ ਇਕ ਅਖ਼ਬਾਰ ‘ਚ ਛਪੀ ਇਕ ਰਿਪੋਰਟ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਹਾਲੇ ਕੁਝ ਦਿਨ ਪਹਿਲਾਂ ਅਸੀਂ 1971 ‘ਚ ਭਾਰਤ ਦੀ ਜਿੱਤ ਨੂੰ ਯਾਦ ਕਰ ਰਹੇ ਸੀ। ਦੇਸ਼ ਦੀ ਸੁਰੱਖਿਆ ਅਤੇ ਜਿੱਤ ਲਈ ਸਮਝਦਾਰੀ ਅਤੇ ਮਜ਼ਬੂਤ ਫ਼ੈਸਲਿਆਂ ਦੀ ਜ਼ਰੂਰਤ ਹੁੰਦੀ ਹੈ। ਖੋਖਲ੍ਹੇ ਜੁਮਲਿਆਂ ਨਾਲ ਜਿੱਤ ਨਹੀਂ ਮਿਲਦੀ।