ਹਰ ਵਾਰ ਜਦੋਂ ਤੁਸੀਂ ਕੋਈ ਸਵਾਲ ਪੁੱਛਦੇ ਹੋ, ਤੁਹਾਡਾ ਸਾਹਮਣਾ ਇੱਕ ਹੋਰ ਸਵਾਲ ਨਾਲ ਹੋ ਜਾਂਦਾ ਹੈ। ਤੁਸੀਂ ਸਪੱਸ਼ਟ ਢੰਗ ਨਾਲ ਸੋਚ ਵੀ ਨਹੀਂ ਸਕਦੇ। ਇਹ ਤਾਂ ਇੰਝ ਹੈ ਜਿਵੇਂ ਤੁਸੀਂ ਇੱਕ ਅਜਿਹੇ ਸਮੁੰਦਰੀ ਜਹਾਜ਼ ਦੇ ਕਪਤਾਨ ਹੋਵੋ ਜਿਹੜਾ ਚਲਦਾ-ਚਲਦਾ ਧੁੰਦ ਦੇ ਬਦਲ ‘ਚ ਘਿਰ ਗਿਐ। ਤੁਸੀਂ ਨਿਸ਼ਚਿਤ ਤੌਰ ‘ਤੇ ਪੱਕੀ ਤਰ੍ਹਾਂ ਇਹ ਨਹੀਂ ਦੱਸ ਸਕਦੇ ਕਿ ਤੁਹਾਡੇ ਆਲੇ ਦੁਆਲੇ ਕੀ ਹੈ, ਪਰ ਤੁਹਾਨੂੰ ਲਗਾਤਾਰ ਅਜਿਹੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ ਜਿਹੜੀਆਂ ਸੁਝਾਅ ਰਹੀਆਂ ਹਨ ਕਿ ਕਿਸੇ ਦੂਸਰੇ ਜਹਾਜ਼ ਨਾਲ ਟੱਕਰ ਅਟੱਲ ਹੈ। ਜਾਂ ਫ਼ਿਰ ਕਿਤੇ ਇਹ ਤੁਹਾਡੀ ਖ਼ੁਦ ਦੀ ਕਿਸ਼ਤੀ ਦੇ ਹੇਠਾਂ ਤੋਂ ਅੰਦਰ ਨੂੰ ਲੀਕ ਹੁੰਦੇ ਪਾਣੀ ਦੀ ਆਵਾਜ਼ ਤਾਂ ਨਹੀਂ? ਅਤੇ ਜੇ ਅਜਿਹਾ ਹੈ ਤਾਂ ਤੁਸੀਂ ਉਸ ਬਾਰੇ ਕੀ ਕਰ ਸਕਦੇ ਹੋ? ਤੁਸੀਂ ਨਿਸ਼ਚਿੰਤ ਹੋਣ ਦੀ ਕੋਸ਼ਿਸ਼ ਕਰ ਸਕਦੇ ਹੋ। ਇੱਕ ਡੂੰਘਾ ਸਾਹ ਅੰਦਰ ਖਿੱਚੋ, ਫ਼ਿਰ ਬਾਹਰ ਛੱਡੋ, ਬਾਰ-ਬਾਰ ਅਜਿਹਾ ਕਰੋ ਅਤੇ ਵਿਸ਼ਵਾਸ ਰੱਖੋ। ਕੋਹਰਾ ਛੱਟ ਜਾਏਗਾ, ਅਤੇ ਤੁਸੀਂ ਦੇਖੋਗੇ ਕਿ ਜਿੰਨਾ ਤੁਹਾਨੂੰ ਡਰ ਸੀ, ਤੁਸੀਂ ਉਸ ਤੋਂ ਕਿਤੇ ਵੱਧ ਸੁਰੱਖਿਅਤ ਹੋ।

ਛੋਟੇ ਐਕਸ਼ਨਾਂ ਦਾ ਵੱਡਾ ਪ੍ਰਭਾਵ ਹੋ ਸਕਦੈ। ਇੱਕ ਦਿਆਲੂ ਦੋਸਤਾਨਾ ਕਰਮ ਨਾਲ ਹੀ ਇਸ ਸੰਸਾਰ ‘ਚ ਸਾਰਾ ਫ਼ਰਕ ਪੈਂਦੈ। ਜਿਵੇਂ ਦੁੱਧ ਦੀ ਇੱਕ ਵੱਡੀ ਬੋਤਲ ‘ਚ ਸੁਗੰਧੀ ਦਾ ਇੱਕ ਤੁਪਕਾ ਪਾਉਣ ਨਾਲ ਸਾਰਾ ਸਵਾਦ ਹੀ ਬਦਲ ਜਾਂਦੈ। ਵਾਕਈ, ਇੱਕ ਵਾਰ ਜਦੋਂ ਤੁਸੀਂ ਉਸ ‘ਚ ਕੋਈ ਫ਼ਲੇਵਰ ਪਾ ਦਿੱਤੀ ਤਾਂ ਫ਼ਿਰ ਉਸ ਖ਼ੁਸ਼ਬੂ ਨੂੰ ਖ਼ਤਮ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਇਹੋ ਕੰਮ ਇੱਕ ਮੁਸਕਾਨ ਕਰਦੀ ਹੈ, ਜਾਂ ਇੱਕ ਜੱਫ਼ੀ ਦਾ ਜਾਦੂ ਕਰਦਾ ਹੈ ਜਾਂ ਤਾਰੀਫ਼ ਦਾ ਇੱਕ ਜੁਮਲਾ ਜਾਂ ਇੱਕ ਛੋਟਾ ਜਿਹਾ, ਅਕਸਮਾਤ ਦਿੱਤਾ ਹੋਇਆ ਤੋਹਫ਼ਾ। ਕਿਸੇ ਦੂਸਰੇ ਦੀ ਜ਼ਿੰਦਗੀ ‘ਚ ਬਿਹਤਰੀ ਲਿਆਉਣ ਦੀ ਆਪਣੀ ਕਾਬਲੀਅਤ ‘ਤੇ ਸ਼ੱਕ ਨਾ ਕਰੋ। ਅਤੇ, ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਆਪਣੇ ਜੀਵਨ ‘ਚ ਵੀ ਅਜਿਹੀ ਕਿਸੇ ਤਬਦੀਲੀ ਦੀ ਲੋੜ ਹੈ ਤਾਂ ਇਹ ਨਾ ਸੋਚਿਓ ਇਸ ਲਈ ਕਿਸੇ ਅਸੰਭਵ ਵੱਡੇ ਫ਼ੇਰ-ਬਦਲ ਦੀ ਲੋੜ ਪਵੇਗੀ।

ਤੁਸੀਂ ਕਿਸੇ ਹੋਰ ਦੀ ਪਰਸਨਲ ਡਾਇਰੀ ਨਹੀਂ ਫ਼ਰੋਲੋਗੇ ਜਾਂ ਉਨ੍ਹਾਂ ਦਾ ਫ਼ੇਸਬੁੱਕ ਅਕਾਊਂਟ ਨੂੰ ਹੈਕ ਨਹੀਂ ਕਰੋਗੇ; ਤੁਸੀਂ ਦੂਸਰਿਆਂ ਦੀ ਨਿੱਜਤਾ ਦਾ ਬਹੁਤ ਸਨਮਾਨ ਕਰਦੇ ਹੋ। ਪਰ ਫ਼ਿਰ ਵੀ ਤੁਹਾਨੂੰ ਕਿਸੇ ਹੋਰ ਵਿਅਕਤੀ ਦੀ ਸਥਿਤੀ ਬਾਰੇ ਲੋੜੋਂ ਵੱਧ ਪਤਾ ਹੋ ਸਕਦਾ ਹੈ। ਸੰਵੇਦਨਸ਼ੀਲ ਦਖ਼ਲ ਅਤੇ ਘੁਸਪੈਠੀ ਟੋਕਾਟਾਕੀ ਦਰਮਿਆਨ ਇੱਕ ਬਹੁਤ ਹੀ ਮਹੀਨ ਲਕੀਰ ਹੁੰਦੀ ਹੈ। ਕੀ ਤੁਸੀਂ ਅਣਜਾਣਪੁਣੇ ‘ਚ ਗ਼ਲਤੀ ਨਾਲ ਇਸ ਰੇਖਾ ਨੂੰ ਉਲੰਘਣਾ ਚਾਹੋਗੇ? ਅਤੇ ਕੀ ਇਹ ਇੱਕ ਦੋਤਰਫ਼ੀ ਸੜਕ ਵੀ ਹੋ ਸਕਦੀ ਹੈ? ਕਿਸੇ ਦੂਸਰੇ ਨੂੰ ਤੁਹਾਡੇ ਬਾਰੇ ਕਿੰਨੀ ਜਾਣਕਾਰੀ ਹਾਸਿਲ ਕਰਨ ਦੀ ਲੋੜ ਹੈ? ਅਕਲਮੰਦੀ ਦੀ ਕੁੱਝ ਮਾਤਰਾ ਦਾ ਇਸਤੇਮਾਲ ਕੀਤਾ ਜਾਵੇ।

ਲੋਕ ਹਮੇਸ਼ਾ ਉਹ ਨਹੀਂ ਕਹਿੰਦੇ ਜੋ ਉਨ੍ਹਾਂ ਦੇ ਕਹਿਣ ਦਾ ਮਤਲਬ ਹੁੰਦਾ ਹੈ ਜਾਂ ਉਹ ਕਹਿੰਦੇ ਹਨ ਜੋ ਉਨ੍ਹਾਂ ਦੇ ਕਹਿਣ ਦਾ ਮਤਲਬ ਨਹੀਂ ਹੁੰਦਾ। ਅਸੀਂ, ਉਦਾਹਰਣ ਦੇ ਤੌਰ ‘ਤੇ, ਇਹ ਦਾਅਵਾ ਕਰ ਸਕਦੇ ਹਾਂ ਕਿ ਸਾਨੂੰ ਸਦਭਾਵਨਾ ਦਰਕਾਰ ਹੈ, ਪਰ ਜੇਕਰ ਅਸੀਂ ਹਮੇਸ਼ਾ ਆਪਣੇ ਆਲੇ-ਦੁਆਲੇ ਵਿਚਰਦੇ ਲੋਕਾਂ ‘ਚ ਨੁਕਸ ਹੀ ਭਾਲਦੇ ਰਹੀਏ, ਅਸੀਂ ਵਿਵਾਦ ਦੇ ਵਾਤਾਵਰਣ ਨੂੰ ਹੋਰ ਖ਼ਰਾਬ ਕਰਨ ‘ਚ ਆਪਣਾ ਯੋਗਦਾਨ ਪਾ ਰਹੇ ਹੋਵਾਂਗੇ। ਅਸੀਂ ਇਹ ਤਾਂ ਕਹਿ ਸਕਦੇ ਹਾਂ ਕਿ ਅਸੀਂ ਕਿਸੇ ਨਿਹਾਇਤ ਜ਼ਰੂਰੀ ਮਸਲੇ ਦਾ ਸਰਲ ਹੱਲ ਭਾਲ ਰਹੇ ਹਾਂ, ਪਰ ਜੇਕਰ ਅਸੀਂ ਪੇਚੀਦਾ ਸਵਾਲ ਹੀ ਪੁੱਛਦੇ ਰਹੀਏ ਤਾਂ ਇਸ ਦਾ ਅਰਥ ਹੋ ਸਕਦਾ ਹੈ ਕਿ ਗੁਪਤ ਤੌਰ ‘ਤੇ ਅਸੀਂ ਉਨ੍ਹਾਂ ਚੋਣਾਂ ਤੋਂ ਨਾਖ਼ੁਸ਼ ਹਾਂ ਜਿਹੜੀਆਂ ਸਾਡੇ ਲਈ ਉਪਲਬਧ ਹਨ। ਤੁਹਾਡੇ ਸੰਸਾਰ ‘ਚ ਕੋਈ ਵਿਅਕਤੀ ਉਸ ਤਰ੍ਹਾਂ ਦਾ ਵਿਹਾਰ ਕਿਉਂ ਕਰ ਰਿਹਾ ਹੈ ਜਿਵੇਂ ਦਾ ਉਹ ਕਰ ਰਿਹੈ? ਤੁਹਾਨੂੰ ਦੋਹਾਂ ਨੂੰ ਇੱਕ ਡੂੰਘੀ ਸਮਝ ਪੈਦਾ ਕਰਨ ਦੀ ਲੋੜ ਹੈ।

ਜਿਓਂ ਜਿਓਂ ਸਾਡੀ ਉਮਰ ਵਧਦੀ ਹੈ, ਅਸੀਂ ਇਸ ਗੱਲ ਨੂੰ ਸਮਝਣ ਲਈ ਇੱਕ ਬਿਹਤਰ ਸਥਿਤੀ ‘ਚ ਹੁੰਦੇ ਹਾਂ ਕਿ ਇਹ ਸੰਸਾਰ ਕਿੰਝ ਚੱਲਦੈ। ਜਾਂ ਸਾਨੂੰ ਅਜਿਹਾ ਦੱਸਿਆ ਜਾਂਦੈ। ਪਰ ਸਾਡੇ ‘ਚੋਂ ਕਈਆਂ ਨੂੰ ਮਹਿਸੂਸ ਹੁੰਦੈ ਕਿ ਗੁਜ਼ਰਦੇ ਸਾਲ ਸਾਨੂੰ ਪਹਿਲਾਂ ਨਾਲੋਂ ਵੀ ਵੱਧ ਬੌਂਦਲਾ ਜਾਂਦੇ ਨੇ। ਸੱਚਮੁੱਚ, ਅਸੀਂ ਇੱਕ ਅਜਿਹੇ ਪੱਧਰ ‘ਤੇ ਪਹੁੰਚ ਜਾਂਦੇ ਹਾਂ ਜਿੱਥੇ ਜੇਕਰ ਅਸੀਂ ਆਪਣੇ ਚਸ਼ਮਿਆਂ ਤੋਂ ਬਿਨਾ ਕੁੱਝ ਵੀ ਕਰਨ ਦੀ ਹਿੰਮਤ ਦਿਖਾ ਦੇਈਏ, ਅਸੀਂ ਛੋਟੇ ਤੋਂ ਛੋਟੇ ਅਤੇ ਸਾਧਾਰਣ ਸੁਨੇਹਿਆਂ ਦੇ ਮਤਲਬ ਵੀ ਨਹੀਂ ਕੱਢ ਸਕਦੇ। ਅਤੇ ਇਹ ਸਿਰਫ਼ ਲਿਖਤੀ ਲਫ਼ਜ਼ ਹੀ ਨਹੀਂ ਜਿਹੜੇ ਸਾਨੂੰ ਭੌਚੱਕਾ ਜਾਂ ਹੱਕਾ-ਬੱਕਾ ਛੱਡ ਜਾਂਦੇ ਨੇ। ਗੱਲੀਂ-ਬਾਤੀਂ ਵੀ ਬਹੁਤ ਆਸਾਨੀ ਨਾਲ ਅਸੀਂ ਪੇਚੀਦਾ ਬਹਿਸਾਂ ‘ਚ ਫ਼ਸ ਸਕਦੇ ਹਾਂ। ਕਿਸੇ ਤੁੱਛ ਅਨਿਸ਼ਚਿਤਤਾ ਨੂੰ ਸ਼ੰਕਿਆਂ ਦੇ ਨਾਟਕ ਦਾ ਇੱਕ ਮਹਾਂਕਾਵਿ ਨਾ ਬਣਨ ਦਿਓ।