ਸਿਹਤ ਮੰਤਰੀ ਜੈਨ ਬੋਲੇ- ‘ਦਿੱਲੀ ’ਚ ਕੋਵਿਡ-19 ਦੀ ਤੀਜੀ ਲਹਿਰ ਆ ਗਈ ਹੈ’

ਨਵੀਂ ਦਿੱਲੀ — ਦਿੱਲੀ ਦੇ ਸਿਹਤ ਮੰਤਰੀ ਸਤਯੇਂਦਰ ਜੈਨ ਨੇ ਅੱਜ ਯਾਨੀ ਕਿ ਬੁੱਧਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਕੋਵਿਡ-19 ਦੀ ਤੀਜੀ ਲਹਿਰ ਆ ਗਈ ਹੈ। ਉਨ੍ਹਾਂ ਆਖਿਆ ਕਿ ਰੋਜ਼ਾਨਾ 10 ਹਜ਼ਾਰ ਦੇ ਕਰੀਬ ਨਵੇਂ ਕੋਰੋਨਾ ਮਾਮਲੇ ਸਾਹਮਣੇ ਆ ਸਕਦੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਅਜੇ ਸਾਰੇ ਪੀੜਤਾਂ ਦੇ ਨਮੂਨਿਆਂ ਦਾ ਜੀਨੋਮ ਕ੍ਰਮ ਮੁਮਕਿਨ ਨਹੀਂ ਹੈ, ਸਿਰਫ਼ 300 ਤੋਂ 400 ਨਮੂਨਿਆਂ ਦਾ ਹੀ ਜੀਨੋਮ ਕ੍ਰਮ ਕੀਤਾ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਕਿਹਾ ਕਿ ਕੋਵਿਡ-19 ਸਬੰਧੀ ਜਾਂਚ ਦਾ ਦਾਇਰਾ ਵਧਾਇਆ ਗਿਆ ਹੈ। ਮੰਗਲਵਾਰ ਨੂੰ ਕਰੀਬ 90 ਹਜ਼ਾਰ ਕੋਰੋਨਾ ਨਮੂਨਿਆਂ ਦੀ ਜਾਂਚ ਕੀਤੀ ਗਈ। ਜੈਨ ਨੇ ਦੱਸਿਆ ਕਿ ਦਿੱਲੀ ਸਰਕਾਰ ਨੇ ਇਕ ਕੋਵਿਡ ਵਾਰ ਰੂਮ ਬਣਾਇਆ ਹੈ, ਜੋ ਕਿ ਬਿਸਤਰੇ ਦੀ ਉਪਲੱਬਧਤਾ, ਮਰੀਜ਼ਾਂ, ਆਕਸੀਜਨ ਆਦਿ ਬਾਰੇ ਜ਼ਿਲ੍ਹਾ ਅਤੇ ਹਸਪਤਾਲ-ਵਾਰ ਬਿਊਰਾ ਤਿਆਰ ਕਰੇਗਾ।
ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੱਖਦੇ ਹੋਏ ਵੀਕੈਂਡ ਕਰਫਿਊ ਦਾ ਐਲਾਨ ਕੀਤਾ ਹੈ। ਨਾਈਟ ਕਰਫਿਊ ਦਿੱਲੀ ’ਚ ਪਹਿਲਾਂ ਤੋਂ ਹੀ ਲਾਗੂ ਹੈ। ਰਾਜਧਾਨੀ ਦਿੱਲੀ ਵਿਚ ਕੋਵਿਡ-19 ਦੇ ਮੰਗਲਵਾਰ ਯਾਨੀ ਕਿ ਬੀਤੇ ਕੱਲ 5,481 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ 16 ਮਈ ਤੋਂ ਬਾਅਦ ਆਏ ਸਭ ਤੋਂ ਵੱਧ ਰੋਜ਼ਾਨਾ ਮਾਮਲੇ ਸਨ। ਉੱਥੇ ਹੀ ਵਾਇਰਸ ਦੀ ਦਰ 8.37 ਫ਼ੀਸਦੀ ਸੀ ਅਤੇ 3 ਹੋਰ ਮਰੀਜ਼ਾਂ ਦੀ ਮੌਤ ਹੋ ਗਈ।