ਲਖੀਮਪੁਰ ਖੀਰੀ — ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਿਕੁਨੀਆ ਖੇਤਰ ਵਿਚ ਪਿਛਲੇ ਸਾਲ 3 ਅਕਤੂਬਰ ਨੂੰ ਹੋਈ ਹਿੰਸਾ ਦੀ ਜਾਂਚ ਕਰ ਰਹੇ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੇ 2 ਹੋਰ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਤਿਕੁਨੀਆ ਇਲਾਕੇ ’ਚ 3 ਅਕਤੂਬਰ ਨੂੰ ਕਿਸਾਨ ਅੰਦੋਲਨ ਦੌਰਾਨ ਭੜਕੀ ਹਿੰਸਾ ਵਿਚ 4 ਕਿਸਾਨ ਅਤੇ ਇਕ ਪੱਤਰਕਾਰ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਦੂਜੇ ਪੱਖ ਦੇ ਹਮਲੇ ਵਿਚ ਭਾਜਪਾ ਦੇ ਦੋ ਵਰਕਰਾਂ ਅਤੇ ਇਕ ਚਾਲਕ ਦੀ ਮੌਤ ਹੋ ਗਈ ਸੀ।
ਭਾਜਪਾ ਵਰਕਰਾਂ ਵਲੋਂ ਦਰਜ ਕਰਵਾਈ ਗਈ ਐੱਫ. ਆਈ. ਆਰ. ਵਿਚ ਐੱਸ. ਆਈ. ਟੀ. ਨੇ ਸ਼ਨੀਵਾਰ ਦੀ ਸ਼ਾਮ ਨੂੰ 2 ਲੋਕਾਂ ਨੂੰ ਗਿ੍ਰਫ਼ਤਾਰ ਕਰ ਲਿਆ। ਐੱਸ. ਆਈ. ਟੀ. ਅਧਿਕਾਰੀਆਂ ਮੁਤਾਬਕ ਗਿ੍ਰਫ਼ਤਾਰ ਕੀਤੇ ਗਏ ਦੋਸ਼ੀਆਂ ਦੇ ਨਾਂ ਤਿਕੁਨੀਆ ਕੋਤਵਾਲੀ ਸਰਹੱਦ ਅਧੀਨ ਖੈਰਤੀਆ ਪਿੰਡ ਵਾਸੀ ਕੰਵਲਜੀਤ ਸਿੰਘ ਅਤੇ ਪਲੀਆ ਕੋਤਵਾਲੀ ਖੇਤਰ ਦੇ ਬਬੌਰਾ ਵਾਸੀ ਕਮਲਜੀਤ ਸਿੰਘ ਹਨ। ਇਸ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਭਾਜਪਾ ਵਰਕਰਾਂ- ਸ਼ੁੱਭਮ ਵਾਜਪਾਈ ਅਤੇ ਸ਼ਿਆਮ ਸੁੰਦਰ ਨਿਸ਼ਾਦ ਅਤੇ ਇਕ ਚਾਲਕ ਹਰੀਓਮ ਦੇ ਕਤਲ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਐੱਸ. ਆਈ. ਟੀ. ਹੁਣ ਤੱਕ ਕੁੱਲ 6 ਲੋਕਾਂ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ, ਇਸ ਤੋਂ ਪਹਿਲਾਂ 4 ਹੋਰ ਵਿਚਿੱਤਰ ਸਿੰਘ, ਗੁਰਵਿੰਦਰ ਸਿੰਘ, ਰਣਜੀਤ ਸਿੰਘ ਅਤੇ ਅਵਤਾਰ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ, ਜੋ ਜੇਲ੍ਹ ’ਚ ਨਜ਼ਰਬੰਦ ਹਨ।
ਜ਼ਿਕਰਯੋਗ ਹੈ ਕਿ ਤਿਕੁਨੀਆ ਹਿੰਸਾ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਦਰਜਨਾਂ ਸਾਥੀਆਂ ਖ਼ਿਲਾਫ਼ 4 ਕਿਸਾਨਾਂ ਨੂੰ ਥਾਰ ਜੀਪ ਤੋਂ ਕੁਚਲ ਕੇ ਮਾਰਨ ਅਤੇ ਉਨ੍ਹਾਂ ’ਤੇ ਫਾਇਰਿੰਗ ਕਰਨ ਵਰਗੇ ਕਈ ਗੰਭੀਰ ਦੋਸ਼ ਹਨ। ਗ੍ਰਹਿ ਰਾਜ ਮੰਤਰੀ ਦਾ ਪੁੱਤਰ ਵੀ ਆਪਣੇ ਸਾਥੀਆਂ ਸਮੇਤ ਉਪਰੋਕਤ ਦੋਸ਼ਾਂ ਵਿਚ ਜੇਲ੍ਹ ’ਚ ਬੰਦ ਹੈ। ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਕਿਸਾਨਾਂ ਵਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ’ਤੇ ਕਤਲ, ਕਤਲ ਦੀ ਕੋਸ਼ਿਸ਼ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।