ਬਰਨਾਲਾ — ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਬਰਨਾਲਾ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਸਿੱਧੂ ਨੇ ਔਰਤਾਂ ਲਈ ਵੱਡੇ ਐਲਾਨ ਕੀਤੇ। ਵੱਡੇ ਐਲਾਨ ਕਰਦਿਆਂ ਸਿੱਧੂ ਨੇ ਕਿਹਾ ਕਿ ਸਾਡੀ ਸਰਕਾਰ ਮੁੜ ਸੱਤਾ ’ਚ ਆਉਣ ’ਤੇ ਔਰਤਾਂ ਨੂੰ 2 ਹਜ਼ਾਰ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ 8 ਸਿਲੰਡਰ ਵੀ ਦਿੱਤੇ ਜਾਣਗੇੇ। ਉਥੇ ਹੀ ਸਿੱਧੂ ਨੇ ਧੀਆਂ ਲਈ ਵੀ ਵੱਡੇ ਐਲਾਨ ਕਰਦੇ ਹੋਏ ਕਿਹਾ ਕਿ 5ਵੀਂ ਪਾਸ ਕਰਨ ਵਾਲੀਆਂ ਕੁੜੀਆਂ ਦੀ ਹੌਂਸਲਾ ਅਫ਼ਜ਼ਾਈ ਲਈ 5 ਹਜ਼ਾਰ ਰੁਪਏ ਦਿੱਤੇ ਜਾਣਗੇ ਅਤੇ 10ਵੀਂ ਪਾਸ ਕੁੜੀਆਂ ਲਈ 15 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੇ ਇਲਾਵਾ ਸਿੱਧੂ ਨੇ ਕਿਹਾ ਕਿ 12ਵੀਂ ਪਾਸ ਕੁੜੀਆਂ ਨੂੰ ਪੰਜਾਬ ਸਰਕਾਰ ਵੱਲੋਂ 20 ਹਜ਼ਾਰ ਰੁਪਏ ਦਿੱਤੇ ਜਾਣਗੇ।
ਹੋਰ ਵੀ ਵੱਡੇ ਐਲਾਨ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਆਪਣਾ ਮਕਾਨ ਆਪਣੀ ਧੀ, ਮਾਂ ਦੇ ਨਾਮ ਕਰਵਾਉਂਦਾ ਹੈ, ਉਹ ਮੁਫ਼ਤ ਹੋਵੇਗਾ, ਇਸ ਦੇ ਲਈ ਕੋਈ ਪੈਸਾ ਨਹੀਂ ਲੱਗੇਗਾ। ਪੰਜਾਬ ’ਚ ਕੁੜੀਆਂ ਅਤੇ ਔਰਤਾਂ ਦੇ ਨਾਂ ’ਤੇ ਰਜਿਸਟਰੀ ਮੁਫ਼ਤ ਹੋਇਆ ਕਰੇਗੀ। ਸਿੱਧੂ ਨੇ ਕਿਹਾ ਕਿ ਇਹ ਸਾਰਾ ਪੈਸਾ ਔਰਤਾਂ ਨੂੰ ਮਾਫ਼ੀਆ ਖ਼ਤਮ ਕਰਕੇ ਦਿੱਤਾ ਜਾਵੇਗਾ। ਅੱਗੇ ਬੋਲਦੇ ਹੋਏ ਸਿੱਧੂ ਨੇ ਕਿਹਾ ਕਿ ਜੇਕਰ ਕੁੜੀ ਨੇ ਇਥੋਂ ਪੜ੍ਹਾਈ ਖ਼ਤਮ ਕਰਕੇ ਬਾਹਰ ਜਾ ਕੇ ਆਪਣੀ ਵੱਡੀ ਪੜ੍ਹਾਈ ਕਰਨੀ ਹੈ, ਉਸ ਨੂੰ ਇਕ ਕੰਪਿਊਟਰ ਦਿੱਤਾ ਜਾਵੇਗਾ ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਦੇਵਾਂਗੇ ਇਲੈਕਟ੍ਰਿਕ ਸਕੂਟਰੀ ਮੁਹੱਈਆ ਕਰਵਾਈ ਜਾਵੇਗੀ। ਅਸੀਂ ਪੰਜਾਬ ’ਚ ਹਰ ਔਰਤ ਨੂੰ ਆਤਮ ਨਿਰਭਰ ਬਣਾਉਣਾ ਹੈ। ਉਥੇ ਹੀ ਖੇਤ ਮਜ਼ਦੂਰੀ ਕਰਨ ਵਾਲੀਆਂ ਔਰਤਾਂ ਨੂੰ 400 ਰੁਪਏ ਦਿਹਾੜੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਸਿੱਧੂ ਨੇ ਔਰਤਾਂ ਦੀ ਸੁਰੱਖਿਆ ਲਈ ਪਿੰਡਾਂ ’ਚ ਮਹਿਲਾ ਕਮਾਂਡੋ ਬਟਾਲੀਅਨ ਬਣਾਈ ਜਾਵੇਗੀ।
ਉਥੇ ਹੀ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਕਿ ਹਰ ਵਾਰੀ ਪੰਜਾਬ ’ਚ ਆ ਕੇ ਕੇਜਰੀਵਾਲ ਡਰਾਮਾ ਕਰਦੇ ਹਨ। ਦਿੱਲੀ ਦੀ ਕੈਬਨਿਟ ’ਚ ਇਕ ਵੀ ਔਰਤ ਨੂੰ ਨਹੀਂ ਰੱਖਿਆ ਹੈ। ਇਥੇ ਦੱਸ ਦੇਈਏ ਕੇਜਰੀਵਾਲ ਵੱਲੋਂ ਪਿਛਲੇ ਦਿਨੀਂ ਔਰਤਾਂ ਲਈ ਐਲਾਨ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ’ਤੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਦਿੱਤੇ ਜਾਣਗੇ। ਉਥੇ ਹੀ ਹੁਣ ਨਵਜੋਤ ਸਿੱਧੂ ਨੇ ਵੱਡੇ ਐਲਾਨ ਕਰਦੇ ਹੋਏ ਔਰਤਾਂ ਨੂੰ 2 ਹਜ਼ਾਰ ਰੁਪਏ ਅਤੇ 8 ਸਿਲੰਡਰ ਦੇਣ ਦਾ ਐਲਾਨ ਕੀਤਾ ਹੈ।