ਨਵੀਂ ਦਿੱਲੀ— ਦੇਸ਼ ’ਚ 15 ਤੋਂ 18 ਸਾਲ ਉਮਰ ਦੇ ਬੱਚਿਆਂ ਨੂੰ ਸੋਮਵਾਰ ਯਾਨੀ ਕਿ ਅੱਜ ਤੋਂ ਕੋਵਿਡ-19 ਰੋਕੂ ਟੀਕਿਆਂ ਦੀਆਂ ਖ਼ੁਰਾਕਾਂ ਦਿੱਤੀਆਂ ਜਾ ਰਹੀਆਂ ਹਨ। ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ‘ਓਮੀਕਰੋਨ’ ਦੇ ਵੱਧਦੇ ਕਹਿਰ ਦਰਮਿਆਨ ਇਸ ਉਮਰ ਵਰਗ ਦੇ ਬੱਚਿਆਂ ਦਾ ਅੱਜ ਤੋਂ ਟੀਕਾਕਰਨ ਸ਼ੁਰੂ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿਚ ਫੋਰਸਿਟ ਹਸਪਤਾਲ, ਸਰ ਗੰਗਾ ਰਾਮ ਹਸਪਤਾਲ ਅਤੇ ਹੋਰ ਕੇਂਦਰਾਂ ’ਤੇ ਬੱਚਿਆਂ ਨੂੰ ਟੀਕਿਆਂ ਦੀ ਖ਼ੁਰਾਕ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਕੋਰੋਨਾ ਟੀਕਾਕਰਨ ਲਈ ਬੱਚਿਆਂ ’ਚ ਉਤਸ਼ਾਹ ਵੇਖਿਆ ਜਾ ਰਿਹਾ ਹੈ।
ਲਾਈ ਜਾ ਰਹੀ ਹੈ ਕੋਵੈਕਸੀਨ ਟੀਕੇ ਦੀ ਖ਼ੁਰਾਕ-
ਕੇਂਦਰੀ ਸਿਹਤ ਮੰਤਰਾਲਾ ਨੇ 27 ਦਸੰਬਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕਿ ਇਸ ਉਮਰ ਵਰਗ ਦੇ ਬੱਚਿਆਂ ਨੂੰ ਸਿਰਫ ਕੋਵਿਡ-19 ਰੋਕੂ ‘ਕੋਵੈਕਸੀਨ’ ਟੀਕੇ ਦੀ ਖ਼ੁਰਾਕ ਦਿੱਤੀ ਜਾਵੇਗੀ। ਭਾਰਤ ਦੇ ਡਰੱਗ ਕੰਟਰੋਲਰ ਨੇ 24 ਦਸੰਬਰ ਨੂੰ ਕੁਝ ਸ਼ਰਤਾਂ ਨਾਲ 12 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਦੇਸ਼ ’ਚ ਵਿਕਸਿਤ ਭਾਰਤ ਬਾਇਓਟੈਕ ਕੋਵਿਡ-19 ਰੋਕੂ ‘ਕੋਵੈਕਸੀਨ’ ਟੀਕੇ ਦੀ ਐਮਰਜੈਂਸੀ ਸਥਿਤੀ ਵਿਚ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ।
6 ਲੱਖ ਤੋਂ ਵਧੇਰੇ ਬੱਚਿਆਂ ਨੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਕਰਵਾਈ-
ਟੀਕਾਰਨ ਦਾ ਰਜਿਸਟ੍ਰੇਸ਼ਨ ਕਰਾਉਣ ਲਈ ਬਣਾਏ ਗਏ ਕੋਵਿਨ ਪੋਰਟਲ ’ਤੇ ਐਤਵਾਰ ਸ਼ਾਮ ਤੱਕ 15 ਤੋਂ 18 ਉਮਰ ਵਰਗ ਦੇ 6 ਲੱਖ ਤੋਂ ਵਧੇਰੇ ਬੱਚਿਆਂ ਨੇ ਟੀਕਾ ਲਗਵਾਉਣ ਲਈ ਰਜਿਸਟ੍ਰੇਸ਼ਨ ਕਰਵਾ ਲਿਆ ਸੀ। ਕੋਵਿਨ ਪੋਰਟਲ ’ਤੇ ਰਜਿਸਟ੍ਰੇਸ਼ਨ 1 ਜਨਵਰੀ 2022 ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਮੰਤਰੀ ਮਨਸੁੱਖ ਮਾਂਡਵੀਆ ਨੇ ਐਤਵਾਰ ਨੂੰ ਕਿਹਾ ਸੀ ਕਿ 15 ਤੋਂ 18 ਸਾਲ ਉਮਰ ਦੇ ਬੱਚਿਆਂ ਦੇ ਟੀਕਾਕਰਨ ਦੌਰਾਨ ਕੋਵਿਡ-19 ਰੋਕੂ ਟੀਕਿਆਂ ’ਚ ਘਾਲਮੇਲ ਤੋਂ ਬਚਣ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੱਖ-ਵੱਖ ਟੀਕਾਕਰਨ ਕੇਂਦਰ ਸਥਾਪਤ ਕਰਨ ਸਮੇਤ ਜ਼ਰੂਰੀ ਉਪਾਅ ਕਰਨੇ ਚਾਹੀਦੇ ਹਨ। ਉਂਝ ਦੇਸ਼ ਵਿਚ ਪਿਛਲੇ ਸਾਲ 16 ਜਨਵਰੀ ਨੂੰ ਟੀਕਾਕਰਨ ਸ਼ੁਰੂ ਹੋਣ ਗਿਆ ਸੀ। ਹੁਣ ਤੱਕ ਦੇਸ਼ ’ਚ ਲੱਗਭਗ 1.45 ਕਰੋੜ ਕੋਰੋਨਾ ਟੀਕਾਕਰਨ ਹੋ ਚੁੱਕਾ ਹੈ।