ਭਿਵਾਨੀ – ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਅੰਦੋਲਨ ਹਾਲੇ ਖ਼ਤਮ ਨਹੀਂ ਹੋਇਆ ਹੈ, 15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਹੋਵੇਗੀ, ਜਿਸ ‘ਚ ਮਹੱਤਵਪੂਰਨ ਫ਼ੈਸਲੇ ਲਏ ਜਾਣਗੇ। ਟਿਕੈਤ ਨੇ ਦੋਸ਼ ਲਗਾਉਂਦੇ ਹੋਏ ਕਿਹਾ,”ਸਰਕਾਰ ਦਾ ਧਿਆਨ ਕਿਸਾਨਾਂ ਦੀ ਜ਼ਮੀਨ ‘ਤੇ ਹੈ, ਇਸ ਤੋਂ ਚੌਕਸ ਰਹਿਣ ਦੀ ਜ਼ਰੂਰਤ ਹੈ। ਸਰਕਾਰ ਦਾ ਅਗਲਾ ਵਾਰ ਉਨ੍ਹਾਂ ਭੂਮੀਹੀਣ ਕਿਸਾਨਾਂ ‘ਤੇ ਹੈ, ਜੋ ਪਸ਼ੂ ਪਾਲ ਕੇ, ਦੁੱਧ ਵੇਚ ਕੇ ਗੁਜਾਰਾ ਕਰਦੇ ਹਨ।” ਉਨ੍ਹਾਂ ਨੇ ਕਿਹਾ ਕਿ ਹਰ ਸਾਲ 26 ਜਨਵਰੀ ਨੂੰ ਕਿਸਾਨਾਂ ਦਾ ‘ਟਰੈਕਟਰ ਮਾਰਚ’ ਕੱਢਿਆ ਜਾਵੇਗਾ। ਟਿਕੈਤ ਨੇ ਚਰਖੀ ਦਾਦਰੀ ’ਚ ਕਿਹਾ ਕਿ ਖਾਪ ਸਮਾਜ ਦਾ ਸ਼ੀਸ਼ਾ ਹੈ ਅਤੇ ਇਨ੍ਹਾਂ ਦਾ ਗੌਰਵਸ਼ਾਲੀ ਇਤਿਹਾਸ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚਾ ਨੇ ਜਦੋਂ-ਜਦੋਂ ਕਿਹਾ ਖਾਪਾਂ ਨੇ ਮਜ਼ਬੂਤੀ ਨਾਲ ਸਾਥ ਦਿੱਤਾ। ਟਿਕੈਤ ਆਜ਼ਾਦ ਵਿਧਾਇਕ ਫੌਗਾਟ ਖਾਪ 40 ਦੇ ਪ੍ਰਧਾਨ ਸੋਮਵੀਰ ਸਾਂਗਵਾਨ ਵਲੋਂ ਆਯੋਜਿਤ ਸਰਵ ਖਾਪ ਮਹਾਪੰਚਾਇਤ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੋਸ਼ ਲਗਾਇਆ,‘‘ਸਰਕਾਰ ਦੀ ਨੀਅਤ ਠੀਕ ਨਹੀਂ ਹੈ। ਹਾਲੇ ਪੂਰੀ ਤਰ੍ਹਾਂ ਮੁਕੱਦਮੇ ਵਾਪਸ ਨਹੀਂ ਹੋਏ ਹਨ। 15 ਜਨਵਰੀ ਨੂੰ ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਹੋਵੇਗੀ, ਜਿਸ ’ਚ ਮਹੱਤਵਪੂਰਨ ਫ਼ੈਸਲੇ ਲਏ ਜਾਣਗੇ।’’ ਉਨ੍ਹਾਂ ਕਿਹਾ ਕਿ ਅੰਦੋਲਨ ਦੀ ਬਦੌਲਤ ਨਹੀਂ ਜ਼ਮੀਨ ਅਤੇ ਪਿੰਡ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਹਰ ਵਿਭਾਗ ਦਾ ਨਿੱਜੀਕਰਨ ਕਰ ਕੇ ਬੇਰੁਜ਼ਗਾਰਾਂ ਦੀ ਫ਼ੌਜ ਖੜ੍ਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਹਰ ਮੁੱਦੇ ਨੂੰ ਲੈ ਕੇ ਗੰਭੀਰ ਹੈ ਅਤੇ ਹੁਣ ਪਿੱਛੇ ਹਟਣ ਵਾਲੇ ਨਹੀਂ ਹਨ। 100 ਤੋਂ ਵੱਧ ਖਾਪਾਂ ਦੀ ਮਹਾਪੰਚਾਇਤ ’ਚ ਸਮਾਜਿਕ ਬੁਰਾਈਆਂ, ਕੁਰੀਤੀਆਂ ਦੂਰ ਕਰਨ ’ਤੇ ਜ਼ੋਰ ਦਿੱਤਾ ਗਿਆ ਹੈ।