ਫਗਵਾੜਾ — ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਫਗਵਾੜਾ ਵਿਖੇ ਵੱਡੀ ਰੈਲੀ ਕੀਤੀ ਗਈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਵਿਰੋਧੀ ਧਿਰਾਂ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਵੱਡੇ ਸ਼ਬਦੀ ਹਮਲੇ ਕੀਤੇ। ਸਿੱਧੂ ਨੇ ਅਕਾਲੀ ਦਲ ਅਤੇ ਭਾਜਪਾ ’ਤੇ ਵੱਡੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਇਹ ਦੋਵੇਂ ਪਾਰਟੀਆਂ ਦਾ ਅੰਦਰ ਖਾਤੇ ਗਠਜੋੜ ਹੋਇਆ ਪਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰ ‘ਫਰੈਂਡਲੀ ਮੈਚ’ ਖੇਡਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ-ਅਕਾਲੀ ਦਲ ਅਤੇ ਕੈਪਟਨ ਸਾਰੇ ਹੀ ਰਲੇ ਹੋਏ ਹਨ। ਕੈਪਟਨ ਅਤੇ ਸੁਖਬੀਰ ਬਾਦਲ ਰਲ ਕੇ 75-25 ਖੇਡਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਕਹਿੰਦਾ ਰਿਹਾ ਕਿ ਹੁਣ ਤੁਹਾਡੀ ਵਾਰੀ ਹੈ ਅਤੇ ਸੁਖਬੀਰ ਕਹਿੰਦਾ ਰਿਹਾ ਹੁਣ ਤੁਹਾਡੀ ਵਾਰੀ ਹੈ। ਇਨ੍ਹਾਂ ’ਚੋਂ ਕਿਸੇ ਨੂੰ ਵੀ ਵੋਟ ਪਈ ਤਾਂ ਇਹ ਸਾਰੇ ਇਲੈਕਸ਼ਨ ਤੋਂ ਬਾਅਦ ਇਕੱਠੇ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਚੋਣਾਂ ਬਹੁਤ ਹੀ ਵੱਡੀਆਂ ਹਨ, ਇਸ ਲਈ ਹਰ ਕੋਈ ਵੋਟ ਸੋਚ-ਸਮਝ ਕੇ ਪਾਵੇ। ਉਨ੍ਹਾਂ ਕਿਹਾ ਕਿ ਇਸ ਵਾਰ ਜਾਂ ਤਾਂ ਪੰਜਾਬ ਨੂੰ ਬਚਾ ਲਈਓ ਜਾਂ ਫਿਰ ਮਾਫ਼ੀਆ ਨੂੰ। ਸਿੱਧੂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਰਾਜ ’ਚ ਅਪਰਾਧ ਹਾਵੀ ਸੀ ਅਤੇ ਵਪਾਰ ਕਰਨ ਵਾਲੇ ਅਕਾਲੀ ਦਲ ਨੂੰ ਵੋਟ ਨਾ ਪਾਇਓ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਸ ਵਾਰ ਲੋਕ ਹਰਾਮ ਜਾਂ ਇਮਾਨ, ਚੰਗਿਆਈ ਜਾਂ ਮਾਫ਼ੀਆ ਇਹ ਸੋਚ ਲੈਣ ਅਤੇ ਫਿਰ ਵੀ ਵੋਟਾਂ ਪਾਉਣ। ਅਸੀਂ ਪੰਜਾਬ ਨੂੰ ਵੋਟ ਪਾਉਣੀ ਹੈ ਅਤੇ ਮਾਫ਼ੀਆ ਨੂੰ ਹਰਾਉਣਾ ਹੈ।
ਸਿੱਧੂ ਅੱਗੇ ਬੋਲਦੇ ਹੋਏ ਕਿਹਾ ਕਿ 5 ਸਾਲ ਸੱਤਾ ਨਹੀਂ ਹੰਡਾਈ ਸਗੋਂ ਮਨਿਸਟਰੀਆਂ ਛੱਡੀਆਂ ਹਨ। ਸਿੱਧੂ ਨੇ ਕਦੇ ਵੀ ਪੰਜਾਬ ਨਾਲ ਧੋਖਾ ਨਹੀਂ ਕੀਤਾ ਅਤੇ ਨਾ ਹੀ ਕਦੇ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਢੇ ਚਾਰ ਸਾਲਾਂ ਤੱਕ ਡੱਰਗ ਮਾਫ਼ੀਆ ਖ਼ਿਲਾਫ਼ ਕੌਣ ਲੜਦਾ ਰਿਹਾ ਹੈ। ਇਨ੍ਹਾਂ ’ਚੋਂ ਕੋਈ ਵੀ ਨਹੀਂ ਲੜਦਾ ਰਿਹਾ। ਪੰਜਾਬ ਮਾਡਲ ਦੀ ਗੱਲ ਕਰਦੇ ਹੋਏ ਸਿੱੱਧੂ ਨੇ ਕਿਹਾ ਕਿ ਅਰਬਨ ਇੰਪਲਾਇਮੈਂਟ ਗਾਰੰਟੀ ਦੇ ਅਧੀਨ ਕੋਈ ਵੀ ਨੌਜਵਾਨ ਰੋਜ਼ਗਾਰ ਮੰਗੇਗਾ ਨਹੀਂ ਸਗੋਂ ਦੇਵੇਗਾ। ਸੂਬੇ ’ਤੇ 8 ਹਜ਼ਾਰ ਕਰੋੜ ਰੁਪਇਆ ਚੜਿ੍ਹਆ ਹੋਇਆ ਹੈ। ਪੰਜਾਬ ਮਾਡਲ ਕਾਂਗਰਸ ਦਾ ਮਾਲ ਹੈ। ਜਦੋਂ ਤੱਕ ਪੰਜਾਬ ਦੇ ਹਰ ਮਸਲੇ ਦਾ ਹੱਲ, ਅਧਿਆਪਕਾਂ ਦਾ ਹੱਲ, ਡਾਕਟਰਾਂ ਦਾ ਹੱਲ, ਪੰਜਾਬ ਦੇ ਸਟੇਟ ਦੀ ਚੋਰੀ ਰੋਕਣ ਦੀ ਗੱਲ ਹੈ। ਜੇਕਰ ਪੰਜਾਬ ’ਚ ਚੋਰੀ ਨਾ ਰੋਕੀ ਗਈ ਤਾਂ ਪੰਜਾਬੀ ਸੂਬਾ ਰਹਿਣ ਜੋਗਾ ਨਹੀਂ ਰਹਿਣਾ।
ਅਰਵਿੰਦ ਕੇਜੀਰਵਾਲ ਨੂੰ ਦੱਸਿਆ ਮੌਸਮੀ ਡੱਡੂ
ਉਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਨਿਸ਼ਾਨਾ ਲਾਉਂਦੇ ਹੋਏ ਕਿਹਾ ਮੌਸਮੀ ਡੱਡੂ ਦੱਸਿਆ। ਜਦੋਂ ਮੌਸਮ ਬਦਲਦਾ ਹੈ ਤਾਂ ਟਰਰਰ-ਟਰਰਰ ਕਰਦੇ ਹਨ। ਇਹ ਅੱਜ ਆ ਕੇ ਪੰਜਾਬ ਦੇ ਲੋਕਾਂ ਝੂਠ ਬੋਲਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆ ਕੇ ਕੇਜਰੀਵਾਲ ਸਿਰਫ਼ ਝੂਠੇ ਵਾਅਦੇ ਕਰ ਰਹੇ ਹਨ। ਦਿੱਲੀ ਵਿਚ ਤਾਂ ਇਕ ਵੀ ਅਧਿਆਪਕ ਨੂੰ ਪੱਕਾ ਨਹੀਂ ਕੀਤਾ ਅਤੇ ਹੁਣ ਪੰਜਾਬ ਵਿਚ ਆ ਕੇ ਝੂਠੇ ਵਾਅਦੇ ਕਰ ਰਹੇ ਹਨ। ਸਿੱਧੂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਦਿੱਲੀ ਦੀ ਕੈਬਨਿਟ ਵਿੱਚ ਇਕ ਵੀ ਪੰਜਾਬੀ ਨਹੀਂ ਹੈ। ਸਿੱਧੂ ਨੇ ਕਿਹਾ ਕਿ ਇਹ ਅਧਿਆਪਕ ਪੱਕੇ ਕਰਨ ਦੀ ਗੱਲ ਕਰਦੇ ਹਨ, ਮੈਂ 22 ਹਜ਼ਾਰ ਅਧਿਆਪਕਾਂ ਨਾਲ ਦਿੱਲੀ ’ਚ ਬੈਠ ਕੇ ਆਇਆ ਹਾਂ। 15-15 ਦਿਨਾਂ ਦੇ ਕਾਂਟਰੈਕਟ ਉਨ੍ਹਾਂ ਨਾਲ ਕੇਜਰੀਵਾਲ ਨੇ ਕੀਤੇ ਹੋਏ ਹਨ। 22 ਹਜ਼ਾਰ ਅਧਿਆਪਕ ਕਹਿੰਦੇ ਹਨ ਕਿ ਇਨ੍ਹਾਂ ਨੇ ਸਾਨੂੰ ਦਿਹਾੜੀ ’ਤੇ ਰੱਖਿਆ ਹੈ ਅਤੇ ਜੇਕਰ ਕੋਈ ਅਧਿਆਪਕ ਬੀਮਾਰ ਹੋ ਜਾਂਦਾ ਹੈ ਤਾਂ ਦਿਹਾੜੀ ਨਹੀਂ ਮਿਲਦੀ।