ਲਖਨਊ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਖਨਊ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਦੇਸ਼ ਦੀ ਯੋਗੀ ਸਰਕਾਰ ਸਮੇਤ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ 2017 ‘ਚ ਭਾਜਪਾ ਦੇ ਸਭ ਤੋਂ ਵੱਡੇ ਨੇਤਾ ਨੇ ਕਿਹਾ ਸੀ ਕਿ ਕਬਰਸਤਾਨ ਬਣਨਾ ਚਾਹੀਦਾ ਤਾਂ ਸ਼ਮਸ਼ਾਨ ਵੀ ਬਣਨਾ ਚਾਹੀਦਾ। ਪੁਰਾਣੀਆਂ ਸਰਕਾਰਾਂ ਨੇ ਯੂ.ਪੀ. ‘ਚ ਸ਼ਮਸ਼ਾਨ ਅਤੇ ਕਬਰਸਤਾਨ ਬਣਵਾਏ। ਸਾਨੂੰ ਉੱਤਰ ਪ੍ਰਦੇਸ਼ ‘ਚ ਮੌਕਾ ਦਿਓ, ਅਸੀਂ ਸਕੂਲ ਅਤੇ ਹਸਪਤਾਲ ਬਣਵਾ ਦੇਵਾਂਗੇ। ਕੇਜਰੀਵਾਲ ਨੇ ਕਿਹਾ ਕਿ ਯੋਗੀ ਸਰਕਾਰ ਨੇ ਕੋਰੋਨਾ ਦੌਰਾਨ ਜਨਤਾ ਦੀ ਮਦਦ ਨਹੀਂ ਕੀਤੀ। ਲੋਕ ਆਕਸੀਜਨ ਦੀ ਕਮੀ ਨਾਲ ਸੜਕਾਂ ‘ਤੇ ਮਰਦੇ ਰਹੇ ਅਤੇ ਸਰਕਾਰ ਉਨ੍ਹਾਂ ਨੂੰ ਨਾ ਇਲਾਜ ਦੇ ਸਕੀ ਅਤੇ ਨਾ ਹੀ ਆਕਸੀਜਨ। ਦੁਨੀਆ ਦਾ ਸਭ ਤੋਂ ਖ਼ਰਾਬ ਕੋਰੋਨਾ ਪ੍ਰਬੰਧਨ ਉੱਤਰ ਪ੍ਰਦੇਸ਼ ‘ਚ ਹੋਇਆ।
ਕੇਜਰੀਵਾਲ ਨੇ ਕਿਹਾ ਕਿ ਯੋਗੀ ਸਰਕਾਰ ਨੇ ਕਰੋੜਾਂ ਰੁਪਏ ਵਿਗਿਆਪਨ ‘ਚ ਫੂਕ ਦਿੱਤੇ। ਹਾਲ ਇਹ ਹੈ ਕਿ ਦਿੱਲੀ ‘ਚ ਯੋਗੀ ਦੇ 850 ਹੋਰਡਿੰਗ ਲੱਗੇ ਹਨ ਅਤੇ ਸਾਡੇ 106 ਲੱਗੇ ਹਨ। ਕੇਜਰੀਵਾਲ ਨੇ ਖ਼ੁਦ ਨੂੰ ਬਾਬਾ ਸਾਹਿਬ ਦਾ ਭਗਤ ਦੱਸਿਆ ਅਤੇ ਆਪਣੇ ਭਾਸ਼ਣ ਦੀ ਸ਼ੁਰੂਆਤ ਭਾਰਤ ਮਾਤਾ ਦੀ ਜੈ ਦੇ ਨਾਅਰੇ ਨਾਲ ਕੀਤੀ। ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਸਾਰੇ ਅਹੁਦਾ ਅਧਿਕਾਰੀਆਂ ਨੂੰ ਜ਼ਿੰਮੇਵਾਰੀ ਸੌਂਪੀ ਸੀ। ਪਾਰਟੀ ਦੇ ਪ੍ਰਦੇਸ਼ ਇੰਚਾਰਜ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਵੀ ਚਾਰ ਜ਼ਿਲ੍ਹਿਆਂ ਦਾ ਚਾਰਜ ਦਿੱਤਾ ਗਿਆ ਹੈ।