ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਜਨਵਰੀ ਨੂੰ ਉਤਰ ਪ੍ਰਦਸ਼ ਦੇ ਮੇਰਠ ਜ਼ਿਲ੍ਹੇ ਦਾ ਦੌਰਾ ਕਰਨਗੇ ਅਤੇ ਉਥੇ ਮੇਜਰ ਧਿਆਨ ਚੰਦ ਸਪੋਰਟਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐਮ.ਓ.) ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਪੀ.ਐਮ.ਓ. ਨੇ ਕਿਹਾ ਕਿ ਇਹ ਸਪੋਰਟਸ ਯੂਨੀਵਰਸਿਟੀ ਮੇਰਠ ਦੇ ਸਰਧਾਨਾ ਸ਼ਹਿਰ ਦੇ ਸਲਾਵਾ ਅਤੇ ਕੈਲੀ ਪਿੰਡਾਂ ਵਿਚ 700 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾਏਗੀ।
ਪੀ.ਐਮ.ਓ. ਨੇ ਕਿਹਾ, ‘ਪ੍ਰਧਾਨ ਮੰਤਰੀ ਮੋਦੀ ਦੇਸ਼ ਵਿਚ ਖੇਡਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਖੇਡਾਂ ਦੇ ਸਰੋਤਾਂ ਨੂੰ ਵਿਸ਼ਵ ਪੱਧਰੀ ਬਣਾਉਣ ਦੀ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੇ ਹਨ। ਮੇਰਠ ਵਿਚ ਸਪੋਰਟਸ ਯੂਨੀਵਰਸਿਟੀ ਦੀ ਸਥਾਪਨਾ ਦਾ ਕਦਮ ਉਨ੍ਹਾਂ ਦੇ ਇਸੇ ਦ੍ਰਿਸ਼ਟੀਕੋਣ ਤਹਿਤ ਚੁੱਕਿਆ ਜਾ ਰਿਹਾ ਹੈ।’ ਇਸ ਸਪੋਰਟਸ ਯੂਨੀਵਰਸਿਟੀ ਵਿਚ ਸਿੰਥੈਟਿਕ ਹਾਕੀ, ਫੁੱਟਬਾਲ, ਬਾਸਕਟਬਾਲ, ਵਾਲੀਵਾਲ, ਹੈਂਡਬਾਲ ਅਤੇ ਕਬੱਡੀ ਦੇ ਮੈਦਾਨਾਂ ਦੇ ਨਾਲ ਹੀ ਆਯੁਨਿਕ ਉਪਕਰਨ ਅਤੇ ਉਚ ਪੱਧਰੀ ਖੇਡ ਉਪਕਰਨ ਹੋਣਗੇ। ਨਾਲ ਹੀ ਇਸ ਵਿਚ ਲੋਨ ਟੈਨਿਸ ਕੋਰਟ, ਜਿੰਮ, ਦੌੜ ਲਈ ਸਿੰਥੈਟਿਕ ਸਟੇਡੀਅਮ, ਸਵੀਮਿੰਗ ਪੂਲ ਸਮੇਤ ਹੋਰ ਸੁਵਿਧਾਵਾਂ ਵੀ ਹੋਣਗੀਆ।
ਪੀ.ਐਮ.ਓ. ਨੇ ਕਿਹਾ ਕਿ ਯੂਨੀਵਰਸਿਟੀ ਵਿਚ ਸ਼ੂਟਿੰਗ, ਸਕੁਐਸ਼, ਜਿਮਨਾਸਟਿਕ, ਵੇਟਲਿਫਟਿੰਗ, ਤੀਰਅੰਦਾਜ਼ੀ ਸਮੇਤ ਹੋਰ ਖੇਡਾਂ ਦੀਆਂ ਸੁਵਿਧਾਵਾਂ ਵੀ ਹੋਣਗੀਆਂ। ਇਸ ਯੂਨੀਵਰਸਿਟੀ ਵਿਚ 540 ਪੁਰਸ਼ ਅਤੇ 540 ਔਰਤਾਂ ਸਮੇਤ 1080 ਖਿਡਾਰੀਆਂ ਦੀ ਸਿਖਲਾਈ ਦੀ ਵਿਵਸਥਾ ਹੋਵੇਗੀ।