ਨਵੀਂ ਦਿੱਲੀ – ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਭਾਰਤ ਵਿਰੁੱਧ ਯੁੱਧ ਛੇੜਨ ਅਤੇ ਪੰਜਾਬ ‘ਚ ਅੱਤਵਾਦ ਨੂੰ ਮੁੜ ਸ਼ੁਰੂ ਕਰਨ ਦੀ ਕੋਸ਼ਿਸ਼ ਲਈ ਅਪਰਾਧਕ ਸਾਜਿਸ਼ ਰਚਣ ਦੇ ਦੋਸ਼ ‘ਚਟ ਜਰਮਨੀ ‘ਚ ਹਿਰਾਸਤ ‘ਚ ਲਏ ਗਏ ਸਿੱਖ ਫਾਰ ਜਸਟਿਸ (ਐੱਸ.ਐੱਫ.ਜੇ.) ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ, ਪਿਛਲੇ ਹਫ਼ਤੇ ਜਰਮਨੀ ‘ਚ ਹਿਰਾਸਤ ‘ਚ ਲਏ ਗਏ ਮੁਲਤਾਨੀ ਦੇ ਦੇਸ਼ ਵਿਰੁੱਧ ਯੁੱਧ ਛੇੜਨ ਨਾਲ ਸੰਬੰਧਤ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਗੈਰ-ਕਾਨੂੰਨੀ ਗਤੀਵਿਧੀ (ਰੋਕਥਾਮ) ਕਾਨੂੰਨ (ਯੂ.ਏ.ਪੀ.ਏ.) ਦੇ ਪ੍ਰਾਸੰਗਿਕ ਪ੍ਰਬੰਧ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਪੰਜਾਬ ਨੂੰ ਭਾਰਤ ਸੰਘ ਤੋਂ ਵੱਖ ਕਰਨ ਦੀ ਸਾਜਿਸ਼ ਦੇ ਅਧੀਨ ਮੁਲਤਾਨੀ ਵਲੋਂ ਵਿਦੇਸ਼ਾਂ ‘ਚ ਸਥਿਤ ਕਈ ਹੋਰ ਖ਼ਾਲਿਸਤਾਨ ਸਮਰਥਕਾਂ ਨਾਲ ਮਿਲ ਕੇ ਸੂਬੇ ‘ਚ ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ, ਉਨ੍ਹਾਂ ਨੂੰ ਉਕਸਾਉਣ ਅਤੇ ਅਜਿਹੇ ਸੰਗਠਨਾਂ ‘ਚ ਭਰਤੀ ਕਰਨ ਲਈ ਜ਼ਮੀਨੀ ਪੱਧਰ ‘ਤੇ ਅਤੇ ਆਨਲਾਈਨ ਸੋਸ਼ਲ ਮੀਡੀਆ ਮੰਚਾਂ ਦੇ ਮਾਧਿਅਮ ਨਾਲ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਨਾਲ ਸੰਬੰਧਤ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਸੂਬੇ ‘ਚ ਅੱਤਵਾਦ ਨੂੰ ਮੁੜ ਜੀਵਿਤ ਕਰਨ ਲਈ ਪੰਜਾਬ ‘ਚ ਤਸਕਰੀ ਨੈੱਟਵਰਕ ਦਾ ਉਪਯੋਗ ਕਰ ਕੇ ਹਥਿਆਰ, ਗੋਲਾ ਬਾਰੂਦ ਅਤੇ ਵਿਸਫ਼ੋਟਕ ਖਰੀਦਣ ਲਈ ਧਨ ਜੁਟਾਉਣ ‘ਚ ਸ਼ਾਮਲ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮੁਲਤਾਨੀ ਮੁੰਬਈ ਅਤੇ ਦੇਸ਼ ਦੇ ਹੋਰ ਹਿੱਸਿਆਂ ‘ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਗੁਰਗਾਂ ਦੇ ਸੰਪਰਕ ‘ਚ ਵੀ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਹੋਣ ਨਾਲ ਸਰਕਾਰ ਨੂੰ ਕਾਨੂੰਨ ਅਨੁਸਾਰ ਜ਼ਰੂਰੀ ਕਾਰਵਾਈ ਕਰਨ ‘ਚ ਮਦਦ ਮਿਲੇਗੀ ਤਾਂ ਕਿ ਮੁਲਤਾਨੀ ਨੂੰ ਜਾਂ ਦੇਸ਼ ਨਿਕਾਲਾ ਕੀਤਾ ਜਾ ਸਕੇ ਜਾਂ ਭਾਰਤ ਹਵਾਲੇ ਕੀਤਾ ਜਾ ਸਕੇ।