ਹੈਦਰਾਬਾਦ– ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਸੰਕਟ ਵਿਚਕਾਰ ਕੋਰੋਨਾ ਦੇ ਨਵੇਂ ਮਾਮਲਿਆਂ ’ਚ ਵੀ ਉਛਾਲ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਹੁਣ ਤੇਲੰਗਾਨਾ ਦੇ ਰੰਗਾਰੈੱਡੀ ਦੇ ਨਿੱਜੀ ਕਾਲਜ ’ਚ ਕੋਰੋਨਾ ਬਲਾਸਟ ਹੋਇਆ ਹੈ। ਦਰਅਸਲ, ਇਥੇ 38 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਉਥੇ ਹੀ ਇਸਤੋਂ ਪਹਿਲਾਂ ਵੀਰਵਾਰ ਨੂੰ ਤੇਲੰਗਾਨਾ ’ਚ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੇ 5 ਨਵੇਂ ਮਾਮਲੇ ਸਾਹਮਣੇ ਆਏ ਸਨ। ਜਿਸਦੇ ਚਲਦੇ ਇਥੇ ਇਸ ਵੇਰੀਐਂਟ ਦੇ ਕੁੱਲ ਮਾਮਲਿਆਂ ਦੀ ਗਿਣਤੀ ਵਧ ਕੇ 67 ਹੋ ਗਈ ਹੈ। ਸੂਬੇ ਦੇ ਸਿਹਤ ਵਿਭਾਗ ਨੇ ਇਕ ਬੁਲੇਟਿਨ ’ਚ ਇਹ ਜਾਣਕਾਰੀ ਦਿੱਤੀ। ਇਸ ਵਿਚਕਾਰ ਸੂਬੇ ’ਚ ਵੀਰਵਾਰ ਨੂੰ ਕੋਵਿਡ-19 ਦੇ 280 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਪਾਜ਼ੇਟਿਵ ਮਰੀਜ਼ਾਂ ਦੀ ਵਧ ਕੇ ਕੁੱਲ 6,81,587 ਹੋ ਗਈ। ਉਥੇ ਹੀ ਸੂਬੇ ’ਚ ਕੋਰੋਨਾ ਨਾਲ ਇਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧਕੇ 4,021 ਹੋ ਗਈ ਹੈ।
ਸੂਬੇ ਦੇ ਸਿਹਤ ਵਿਭਾਗ ਦੁਆਰਾ ਜਾਰੀ ਇਕ ਬੁਲੇਟਿਨ ਮੁਤਾਬਕ, ਤੇਲੰਗਾਨਾ ’ਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 206 ਮਰੀਜ਼ ਠੀਕ ਹੋਏ ਹਨ, ਜਿਸ ਨਾਲ ਸੂਬੇ ’ਚ ਹੁਣ ਤਕ ਠੀਕ ਹੋਣ ਵਾਲਿਆਂ ਦੀ ਗਿਣਤੀ ਵਧ ਕੇ 6,73,999 ਹੋ ਗਈ। ਸੂਬੇ ’ਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਅਜੇ 3,563 ਹੈ। ਤੇਲੰਗਾਨਾ ’ਚ ਬੀਤੇ 24 ਘੰਟਿਆਂ ਦੌਰਾਨ ਕਰੀਬ 38,000 ਨਮੂਨਿਆਂ ਦੀ ਕੋਵਿਡ-19 ਜਾਂਚ ਕੀਤੀ ਗਈ। ਹੁਣ ਤਕ ਕੁੱਲ 2.96 ਕਰੋੜ ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਸੂਬੇ ’ਚ ਮੌਤ ਦਰ 0.59 ਫੀਸਦੀ ਜਦਕਿ ਇਨਫੈਕਸ਼ਨ ਤੋਂ ਠੀਕ ਹੋਣ ਦੀ ਦਰ 98.88 ਫੀਸਦੀ ਹੋ ਗਈ ਹੈ।