2021 ਦੀਆਂ ਬੌਲੀਵੁਡ ਫ਼ਿਲਮਾਂ ਜੋ OTT ‘ਤੇ ਵੀ ਰਹੀਆਂ ਫ਼ਲੌਪ

ਸਾਲ 2021 ਬੌਲੀਵੁਡ ਲਈ ਕਈ ਮਾਇਨਿਆਂ ਤੋਂ ਫ਼ਿੱਕਾ ਰਿਹਾ ਹੈ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮਾਰਚ ‘ਚ ਸਿਨੇਮਾਘਰਾਂ ਦੇ ਬੰਦ ਹੋਣ ਦੇ ਚੱਲਦੇ ਕਈ ਫ਼ਿਲਮਾਂ ਨੂੰ OTT ‘ਤੇ ਰਿਲੀਜ਼ ਕਰਨਾ ਪਿਆ, ਪਰ ਇਥੇ ਵੀ ਇਨ੍ਹਾਂ ਫ਼ਿਲਮਾਂ ਨੂੰ ਚੰਗਾ ਰਿਸਪੌਂਸ ਨਹੀਂ ਮਿਲਿਆ। ਇਸ ਸਾਲ ਰਿਲੀਜ਼ ਹੋਣ ਵਾਲੀਆਂ ਕਈਆਂ ਫ਼ਿਲਮਾਂ ਅਜਿਹੀਆਂ ਸਨ ਜੋ ਦਰਸ਼ਕਾਂ ਦੇ ਨਾ ਤਾਂ ਦਿਲ ‘ਚ ਉਤਰੀਆਂ, ਨਾ ਹੀ ਦਿਮਾਗ਼ ‘ਚ, ਕੁੱਲ ਮਿਲਾ ਕੇ ਫ਼ਿੱਕੀਆਂ ਰਹੀਆਂ। ਇਸ ਹਫ਼ਤੇ ਅਸੀਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦੇ ਹਾਂ ਅਜਿਹੀਆਂ ਹੀ ਕੁੱਝ ਫ਼ਿਲਮਾਂ ਜੋ ਆਪਣਾ ਅਸਰ ਛੱਡਣ ‘ਚ ਪੂਰੀ ਤਰ੍ਹਾਂ ਨਾਲ ਨਾਕਾਮ ਰਹੀਆਂ। ਆਓ ਇੱਕ ਨਜ਼ਰ ਮਾਰਦੇ ਹਾਂ ਅਜਿਹੀਆਂ ਪੰਜ ਬੌਲੀਵੁਡ ਫ਼ਿਲਮਾਂ ‘ਤੇ ਜਿਨ੍ਹਾਂ ਨੂੰ IMBD ਰੇਟਿੰਗ ਦੇ ਆਧਾਰ ‘ਤੇ ਚੁਣਿਆ ਗਿਆ ਹੈ।
ਰਾਧੇ: ਯੋਰ ਮੋਸਟ ਵੌਂਟਿੰਡ ਭਾਈ: ਇਸ ਲਿਸਟ ‘ਚ ਸਭ ਤੋਂ ਪਹਿਲਾਂ ਨੰਬਰ ਆਉਂਦਾ ਹੈ ਫ਼ਿਲਮ ਰਾਧੇ: ਯੋਰ ਮੋਸਟ ਵੌਂਟਿੰਡ ਭਾਈ ਦਾ। ਫ਼ਿਲਮ ਨੂੰ ਸਲਮਾਨ ਖ਼ਾਨ ਵਰਗਾ ਸੁਪਰਸਟਾਰ ਵੀ ਬਚਾ ਨਹੀਂ ਪਾਇਆ ਅਤੇ ਇਹ ਬੇਅਸਰ ਸਾਬਿਤ ਹੋਈ। ਈਦ ‘ਤੇ ਰਿਲੀਜ਼ ਹੋਈ ਇਸ ਫ਼ਿਲਮ ਨੂੰ IMDB ‘ਤੇ 10 ‘ਚੋਂ 1.9 ਦੀ ਰੇਟਿੰਗ ਹੀ ਮਿਲ ਸਕੀ।
ਹੰਗਾਮਾ 2: ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਇਸ ਫ਼ਿਲਮ ਨਾਲ ਇੱਕ ਲੰਬੇ ਸਮੇਂ ਤੋਂ ਬਾਅਦ ਪਰਦੇ ‘ਤੇ ਵਾਪਸੀ ਕੀਤੀ। ਆਪਣੇ ਸੁਪਰਹਿੱਟ ਸਾਂਗ ‘ਚੁਰਾ ਕੇ ਦਿਲ ਤੇਰਾ ‘ਤੇ ਦੁਬਾਰਾ ਭੂਮਿਕਾ ਨਿਭਾਉਣ ਦੇ ਬਾਵਜੂਦ ਵੀ ਹੰਗਾਮਾ 2 ਬੁਰੀ ਤਰ੍ਹਾਂ ਫ਼ਲੌਪ ਹੋ ਗਈ। ਫ਼ਿਲਮ ਨੂੰ ਲੈ ਕੇ ਕਈ ਮੀਮਜ਼ ਵਾਇਰਲ ਹੋਏ ਹਾਲਾਂਕਿ ਰਾਜਪਾਲ ਯਾਦਵ ਦੀ ਕੌਮੇਡੀ ਨੂੰ ਦਰਸ਼ਕਾਂ ਨੇ ਪਸੰਦ ਕੀਤਾ। ਇਸ ਨੂੰ IMDB ‘ਤੇ 10 ‘ਚੋਂ 3.1 ਰੇਟਿੰਗ ਹੀ ਮਿਲੀ।
ਸਰਦਾਰ ਦਾ ਗ੍ਰੈਂਡਸਨ: ਅਦਾਕਾਰ ਅਰਜੁਨ ਕਪੂਰ ਅਤੇ ਰਕੁਲ ਪ੍ਰੀਤ ਸਿੰਘ ਦੀ ਜੋੜੀ ਵੀ ਕੁੱਝ ਖ਼ਾਸ ਕਮਾਲ ਨਹੀਂ ਕਰ ਪਾਈ। ਇਥੇ ਤਕ ਕਿ ਕਮਾਲ ਦੀ ਅਦਾਕਾਰਾ ਨੀਨਾ ਗੁਪਤਾ ਵੀ ਦਾਦੀ ਦੇ ਕਿਰਦਾਰ ‘ਚ ਦਰਸ਼ਕਾਂ ਦਾ ਮਨ ਜਿੱਤਣ ‘ਚ ਨਾਕਾਮਯਾਬ ਹੀ ਰਹੀ। ਇਸ ਦੇ ਨਾਲ ਹੀ ਫ਼ਿਲਮ ਨੂੰ IMDB ‘ਤੇ 10 ‘ਚੋਂ 4.2 ਦੀ ਰੇਟਿੰਗ ਮਿਲੀ।
ਰੂਹੀ: ਹਾਰਦਿਕ ਮਹਿਤਾ ਦੀ ਹੌਰਰ ਕੌਮੇਡੀ ਫ਼ਿਲਮ ਰੂਹੀ ਇਸਤਰੀ ਵਰਗਾ ਜਾਦੂ ਕਾਇਮ ਨਹੀਂ ਕਰ ਪਾਈ। ਫ਼ਿਲਮ ‘ਚ ਰਾਜਕੁਮਾਰ ਰਾਓ, ਜ੍ਹਾਨਵੀ ਕਪੂਰ ਅਤੇ ਵਰੁਣ ਸ਼ਰਮਾ ਲੀਡ ਰੋਲ ‘ਚ ਸਨ, ਪਰ ਕਮਜ਼ੋਰ ਕਹਾਣੀ ਦੀ ਵਜ੍ਹਾ ਨਾਲ ਇਸ ਫ਼ਿਲਮ ਨੂੰ IMDB ‘ਤੇ 10 ‘ਚੋਂ 4.3 ਰੇਟਿੰਗ ਹੀ ਮਿਲੀ।
ਦਾ ਗਰਲ ਔਨ ਦਾ ਟਰੇਨ: ਅਦਾਕਾਰਾ ਪਰਿਣੀਤੀ ਚੋਪੜਾ ਅਤੇ ਅਦਿੱਤੀ ਰਾਓ ਹੈਦਰੀ ਦੀ ਇਹ ਫ਼ਿਲਮ ਇਸ ਨਾਂ ਨਾਲ ਸੁਪਰਹਿੱਟ ਹੌਲੀਵੁਡ ਫ਼ਿਲਮ ਦੀ ਰੀਮੇਕ ਸੀ। ਫ਼ਿਲਮ ਨੈੱਟਫ਼ਲਿਕਸ ‘ਤੇ ਕਦੋਂ ਆਈ ਪਤਾ ਹੀ ਨਹੀਂ ਚੱਲਿਆ ਅਤੇ ਇਸ ਦੇ ਚੱਲਦੇ ਇਸ ਨੂੰ 10 ‘ਚੋਂ 4.4 ਦੀ ਰੇਟਿੰਗ ਹੀ ਮਿਲ ਸਕੀ।