ਹਰਭਜਨ ਨੇ ਪੰਜਾਬ ਦੇ ਖੇਡਾਂ ‘ਚ ਪਿਛੜਨ ‘ਤੇ ਕੀਤੇ ਸਵਾਲ, ਬਜਟ ਵਧਾਉਣ ਦੀ ਦੱਸੀ ਲੋੜ

ਜਲੰਧਰ – ਕ੍ਰਿਕਟ ਦੇ ਸਾਰੇ ਤਰ੍ਹਾਂ ਦੇ ਫ਼ੌਰਮੈਟਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਫ਼ਿਰਕੀ ਗੇਂਦਬਾਜ ਹਰਭਜਨ ਸਿੰਘ ਨੇ ਰਾਜਨੀਤੀ ਦੀ ਨਵੀਂ ਪਿੱਚ ‘ਤੇ ਵੱਡੀ ਪਾਰੀ ਖੇਡਣ ਦੇ ਸੰਕੇਤ ਦਿੱਤੇ ਹਨ। ਰਾਜਨੀਤੀ ‘ਚ ਆਉਣ ਤੋਂ ਬਾਅਦ ਉਸ ਦਾ ਉਦੇਸ਼ ਪੰਜਾਬ ‘ਚ ਖੇਡਾਂ ਦੇ ਬੁਨਿਆਦੀ ਢਾਂਚੇ ‘ਚ ਸੁਧਾਰ ਕਰਨਾ ਹੈ। ਹਾਲਾਂਕਿ ਹਰਭਜਨ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਿਸ ਪਾਰਟੀ ਨਾਲ ਕਰੇਗਾ, ਪਰ ਹਰਭਜਨ ਦੇ ਇਸ ਰਵੱਈਏ ਤੋਂ ਸਾਫ਼ ਹੈ ਕਿ ਕ੍ਰਿਕਟ ਦੇ ਮੈਦਾਨ ਦੀ ਤਰ੍ਹਾਂ ਸਿਆਸੀ ਮੈਦਾਨ ‘ਤੇ ਵੀ ਉਸ ਦਾ ਸਟੈਂਡ ਗੰਭੀਰ ਹੋਣ ਵਾਲਾ ਹੈ।
* ਕ੍ਰਿਕਟ ਤੋਂ ਬਾਅਦ ਤੁਹਾਡਾ ਪਲਾਨ B ਕੀ ਹੈ?
– ਪਲਾਨ B ਹਾਲੇ ਫ਼ਿਕਸ ਨਹੀਂ, ਪਰ ਉਹ ਕ੍ਰਿਕਟ ਤੋਂ ਬਿਹਤਰ ਹੋਵੇਗਾ। ਮੈਂ ਇੱਕ ਮਿਹਨਤੀ ਵਿਅਕਤੀ ਹਾਂ ਅਤੇ ਜ਼ਿੰਦਗੀ ‘ਚ ਜੋ ਵੀ ਕੰਮ ਕਰਾਂਗਾ ਪੂਰੀ ਮਿਹਨਤ ਅਤੇ ਗੰਭੀਰਤਾ ਨਾਲ ਕਰਾਂਗਾ।
* ਤੁਹਾਡੇ ਰਿਟਾਇਰਮੈਂਟ ਲੈਣ ਦਾ ਸਮਾਂ ਚੋਣਾਂ ਦੇ ਨੇੜੇ ਹੈ, ਕੀ ਇਸੇ ਲਈ ਸਿਆਸਤ ‘ਚ ਐਂਟਰੀ ਦੀ ਗੱਲ ਹੋ ਰਹੀ ਹੈ?
– ਇਹ ਇਤਫ਼ਾਕ ਹੈ ਕਿ ਰਿਟਾਇਰਮੈਂਟ ਦਾ ਸਮਾਂ ਚੋਣਾਂ ਨੇੜੇ ਹੈ, ਇਸ ਲਈ ਹਰ ਕੋਈ ਮੇਰੇ ਬਾਰੇ ਸੋਚ ਰਿਹਾ ਹੈ ਕਿ ਮੈਂ ਰਾਜਨੀਤੀ ‘ਚ ਐਂਟਰੀ ਲੈ ਰਿਹਾ ਹਾਂ। ਮੈਂ ਲੋਕਾਂ ਦੁਆਰਾ ਬਣਾਇਆ ਗਿਆ ਹਾਂ ਅਤੇ ਲੋਕ ਮੈਨੂੰ ਪਿਆਰ ਕਰਦੇ ਹਨ ਅਤੇ ਮੈਂ ਲੋਕਾਂ ਲਈ ਕੰਮ ਕਰਨਾ ਚਾਹਾਂਗਾ।
* ਕੀ ਤੁਹਾਨੂੰ ਕਿਸੇ ਪਾਰਟੀ ਤੋਂ ਔਫ਼ਰ ਆਈ ਹੈ?
– ਪਿਛਲੇ ਕੁੱਝ ਦਿਨਾਂ ਤੋਂ ਕਈ ਧਿਰਾਂ ਮੇਰੇ ਸੰਪਰਕ ‘ਚ ਹਨ, ਅਤੇ ਮੈਨੂੰ ਕੁੱਝ ਪੇਸ਼ਕਸ਼ਾਂ ਵੀ ਕੀਤੀਆਂ ਗਈਆਂ ਹਨ, ਪਰ ਮੈਂ ਫ਼ਿਲਹਾਲ ਕਿਤੇ ਨਹੀਂ ਜਾ ਰਿਹਾ। ਮੈਨੂੰ ਇਸ ਵਿਸ਼ੇ ‘ਤੇ ਸੋਚ-ਵਿਚਾਰ ਕੇ ਕੰਮ ਕਰਨਾ ਪਵੇਗਾ ਕਿਉਂਕਿ ਇਹ ਇੱਕ ਅਜਿਹਾ ਕੰਮ ਹੈ ਜਿਸ ‘ਚ ਤੁਹਾਨੂੰ ਬਹੁਤ ਸਾਰਾ ਸਮਾਂ ਦੇਣਾ ਪਵੇਗਾ। ਜਨਤਾ ਨਾਲ ਰਹਿਣਾ ਹੈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਦਿਨ-ਰਾਤ ਕੰਮ ਕਰਨਾ ਹੈ। ਇਸ ਲਈ ਮੈਂ ਇਸ ਵਿਸ਼ੇ ਲਈ ਆਪਣੇ-ਆਪ ਨੂੰ ਮਾਨਸਿਕ ਤੌਰ ‘ਤੇ ਤਿਆਰ ਕਰਨਾ ਚਾਹੁੰਦਾ ਹਾਂ।
* ਤੁਹਾਡੀ ਮਨਪਸੰਦ ਪਾਰਟੀ ਕਿਹੜੀ ਹੈ?
– ਮੈਂ ਪਾਰਟੀ ਦੀ ਬਜਾਏ ਦੇਖਾਂਗਾ ਕਿ ਕੰਮ ਕਰਨ ਵਾਲੇ ਲੋਕ ਕਿੱਥੇ ਹਨ। ਉਹ ਲੋਕ ਕੌਣ ਹਨ ਜੋ ਦੇਸ਼ ਜਾਂ ਸੂਬੇ ਲਈ ਚੰਗਾ ਕੰਮ ਕਰ ਸਕਦੇ ਹਨ। ਮੈਂ ਕ੍ਰਿਕਟ ਖੇਡਦੇ ਹੋਏ ਵੀ ਹਮੇਸ਼ਾ ਦੇਸ਼ ਨੂੰ ਅੱਗੇ ਲਿਜਾਣ ਬਾਰੇ ਸੋਚਿਆ ਹੈ ਅਤੇ ਰਾਜਨੀਤੀ ‘ਚ ਆਉਣ ਤੋਂ ਬਾਅਦ ਵੀ ਮੇਰਾ ਉਦੇਸ਼ ਦੇਸ਼ ਨੂੰ ਪਹਿਲ ਦੇ ਕੇ ਕੰਮ ਕਰਨਾ ਹੋਵੇਗਾ।
* ਤੁਸੀਂ ਕਿਸ ਖੇਤਰ ‘ਚ ਕੰਮ ਕਰਨ ਦੀ ਸਭ ਤੋਂ ਵੱਧ ਲੋੜ ਮਹਿਸੂਸ ਕਰਦੇ ਹੋ?
– ਮੈਂ ਖੇਡ ਨਾਲ ਸਬੰਧਤ ਵਿਅਕਤੀ ਹਾਂ, ਇਸ ਲਈ ਸਪੱਸ਼ਟ ਹੈ ਕਿ ਮੇਰਾ ਧਿਆਨ ਖੇਡਾਂ ਅਤੇ ਖਿਡਾਰੀਆਂ ‘ਤੇ ਜ਼ਿਆਦਾ ਹੋਣਾ ਚਾਹੀਦਾ ਹੈ। ਅੱਜ ਪੰਜਾਬ ‘ਚ ਖੇਡਾਂ ਦਾ ਕੋਈ ਬੁਨਿਆਦੀ ਢਾਂਚਾ ਮੋਜੂਦ ਨਹੀਂ। ਹਰਿਆਣਾ ਨੇ ਇਸ ਮਾਮਲੇ ‘ਚ ਬਹੁਤ ਵਧੀਆ ਕੰਮ ਕੀਤਾ ਹੈ, ਅਤੇ ਜੇਕਰ ਹਰਿਆਣਾ ਖੇਡਾਂ ਲਈ ਸਾਡੇ ਨਾਲੋਂ ਵਧੀਆ ਕੰਮ ਕਰ ਸਕਦਾ ਹੈ ਤਾਂ ਫ਼ਿਰ ਪੰਜਾਬ ‘ਚ ਅਜਿਹਾ ਕਿਉਂ ਨਹੀਂ ਕੀਤਾ ਜਾਂਦਾ। ਪੰਜਾਬ ‘ਚੋਂ ਸਿਰਫ਼ ਇੱਕ ਹਰਭਜਨ ਸਿੰਘ ਹੀ ਕਿਉਂ ਨਿਕਲਦਾ ਹੈ। ਸਾਡੇ ਕੋਲ ਇੰਨਾ ਟੈਲੈਂਟ ਹੈ ਕਿ ਅਸੀਂ ਦੇਸ਼ ਦੀ ਟੀਮ ਲਈ ਦਰਜਨਾਂ ਹਰਭਜਨ ਦੇ ਸਕਦੇ ਹਾਂ, ਪਰ ਇਸ ਲਈ ਕੋਈ ਸਹੂਲਤ ਨਹੀਂ। ਇਹ ਸਹੂਲਤਾਂ ਦੇਣੀਆਂ ਪੈਣਗੀਆਂ। ਖਿਡਾਰੀਆਂ ਨੂੰ ਚੰਗੇ ਮੈਦਾਨ ਹੋਣੇ ਚਾਹੀਦੇ ਹਨ। ਚੰਗੀ ਖੁਰਾਕ ਮਿਲਣੀ ਚਾਹੀਦੀ ਹੈ। ਖੇਡਾਂ ਦਾ ਬਜਟ ਵਧਾਉਣ ਲਈ ਆਵਾਜ਼ ਉਠਾਉਣੀ ਪਵੇ ਤਾਂ ਪੰਜਾਬ ਖੇਡਾਂ ਦੇ ਮਾਮਲੇ ‘ਚ ਬਹੁਤ ਅੱਗੇ ਜਾ ਸਕਦਾ ਹੈ।
* ਸਿੱਧੂ ਨਾਲ ਤਸਵੀਰ ਤੋਂ ਬਾਅਦ ਤੁਹਾਡੇ ਕਾਂਗਰਸ ‘ਚ ਜਾਣ ਦੀ ਹੋ ਰਹੀ ਹੈ ਚਰਚਾ, ਕੀ ਕਹੋਗੇ?
– ਹਰ ਪਾਰਟੀ ‘ਚ ਮੇਰੀ ਜਾਣ-ਪਛਾਣ ਵਾਲੇ ਲੋਕ ਹਨ। ਨਵਜੋਤ ਸਿੱਧੂ ਮੇਰੇ ਬਹੁਤ ਪੁਰਾਣੇ ਦੋਸਤ ਹਨ। ਮੇਰੇ ਸੀਨੀਅਰ ਰਹੇ ਹਨ। ਇਸੇ ਤਰ੍ਹਾਂ ਅਨੁਰਾਗ ਠਾਕੁਰ ਭਾਜਪਾ ‘ਚ ਮੇਰੇ ਬਹੁਤ ਪਿਆਰੇ ਦੋਸਤ ਹਨ। ਹੁਣ ਜੇਕਰ ਅਨੁਰਾਗ ਠਾਕੁਰ ਨਾਲ ਮੇਰੀ ਤਸਵੀਰ ਆਉਂਦੀ ਹੈ ਤਾਂ ਲੋਕ ਮੇਰੇ ਭਾਜਪਾ ਪਾਰਟੀ ‘ਚ ਜਾਣ ਬਾਰੇ ਚਰਚਾ ਕਰਦੇ, ਪਰ ਮੈਂ ਅਜੇ ਤੱਕ ਕਿਸੇ ਪਾਰਟੀ ‘ਚ ਜਾਣ ਦਾ ਫ਼ੈਸਲਾ ਨਹੀਂ ਕੀਤਾ ਹੈ। ਸਿਆਸਤ ਮੇਰਾ ਵਿਸ਼ਾ ਨਹੀਂ ਰਿਹਾ ਅਤੇ ਨਾ ਹੀ ਮੈਂ ਸਿਆਸਤ ਦਾ ਗਣਿਤ ਪੜ੍ਹਨਾ ਜਾਣਦਾ ਹਾਂ। ਮੈਂ ਇਸ ‘ਚ ਨਵਾਂ ਹਾਂ। ਹੁਣ ਮੈਂ ਕੱਲ੍ਹ ਰਿਟਾਇਰਮੈਂਟ ਲੈ ਲਈ ਹੈ ਅਤੇ ਮੈਂ ਇਸ ਵਿਸ਼ੇ ਬਾਰੇ ਡੂੰਘਾਈ ਨਾਲ ਸੋਚਾਂਗਾ ਅਤੇ ਫ਼ਿਰ ਫ਼ੈਸਲਾ ਲਵਾਂਗਾ।
* ਨਵਜੋਤ ਸਿੱਧੂ ਨਾਲ ਮੁਲਾਕਾਤ ਕਿਵੇਂ ਹੋਈ, ਉਨ੍ਹਾਂ ਨਾਲ ਕੀ ਗੱਲਬਾਤ ਹੋਈ?
– ਮੇਰਾ ਘਰ ਚੰਡੀਗੜ੍ਹ ‘ਚ ਹੈ ਅਤੇ ਅਸੀਂ ਦੋਵੇਂ ਉਸ ਦਿਨ ਇੱਕ ਹੀ ਸੈਕਟਰ ‘ਚ ਸੀ। ਉਹ ਮੇਰਾ ਪੁਰਾਣਾ ਦੋਸਤ ਹੈ ਅਤੇ ਪੁਰਾਣਾ ਦੋਸਤ ਹੋਣ ਕਰ ਕੇ ਅਸੀਂ ਮਿਲੇ ਸੀ। ਜਦੋਂ ਮੈਂ ਪਹਿਲਾ ਟੈੱਸਟ ਖੇਡ ਰਿਹਾ ਸੀ ਤਾਂ ਨਵਜੋਤ ਸਿੱਧੂ ਉਸ ਦਿਨ ਮੇਰੇ ਰੂਮਮੇਟ ਸਨ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਮੈਂ 100 ਟੈੱਸਟ ਮੈਚ ਖੇਡਾਂਗਾ। ਉਸ ਦਿਨ ਸ਼ਾਇਦ ਮਾਂ ਸਰਸਵਤੀ ਉਨ੍ਹਾਂ ਦੀ ਜ਼ੁਬਾਨ ‘ਤੇ ਬੈਠੀ ਸੀ ਅਤੇ ਉਨ੍ਹਾਂ ਦੇ ਸ਼ਬਦ ਸੱਚ ਹੋ ਗਏ ਸਨ। ਉਸ ਦਿਨ ਵੀ ਮੁਲਾਕਾਤ ਦੌਰਾਨ ਮੈਂ ਉਸ ਨੂੰ ਪਹਿਲੇ ਦਿਨ ਦੀ ਯਾਦ ਦਿਵਾਈ, ਅਸੀਂ ਸਿਰਫ਼ ਕ੍ਰਿਕਟ ਬਾਰੇ ਹੀ ਗੱਲ ਕੀਤੀ।
ਵੈੱਬ ਸੀਰੀਜ਼ ਲੈ ਕੇ ਆਉਣਗੇ ਭੱਜੀ
ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਭੱਜੀ ਆਪਣੀ ਜੀਵਨੀ ਸੈਕੰਡ ਚੈਪਟਰ ‘ਤੇ ਕੰਮ ਕਰ ਰਹੇ ਹਨ। ਇਸ ਕਿਤਾਬ ‘ਚ ਭੱਜੀ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਸੰਘਰਸ਼ ਦੀ ਕਹਾਣੀ ਤੋਂ ਇਲਾਵਾ ਆਪਣੇ 23 ਸਾਲ ਦੇ ਕ੍ਰਿਕਟ ਕਰੀਅਰ ਦੌਰਾਨ ਆਏ ਸਾਰੇ ਉਤਰਾਵਾਂ-ਚੜ੍ਹਾਵਾਂ ਬਾਰੇ ਵਿਸਥਾਰ ਨਾਲ ਲਿਖਿਆ ਹੈ, ਅਤੇ ਉਨ੍ਹਾਂ ਨੇ ਸਾਰੇ ਵਿਵਾਦਾਂ ਪਿੱਛੇ ਅਸਲ ਕਹਾਣੀ ਵੀ ਦੱਸੀ ਹੈ। ਭੱਜੀ ਇਸ ਨੂੰ ਅਗਲੇ IPL ਤੋਂ ਪਹਿਲਾਂ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ। ਇਸ ਦੇ ਨਾਲ ਹੀ ਭੱਜੀ ਆਪਣੀ ਜ਼ਿੰਦਗੀ ‘ਤੇ ਇੱਕ ਬਾਇਓਪਿਕ ਬਣਾਉਣ ਦੀ ਬਜਾਏ ਵੈੱਬ ਸੀਰੀਜ਼ ਬਣਾਉਣਗੇ। ਭੱਜੀ ਨੇ ਕਿਹਾ ਕਿ ਅੱਜਕੱਲ ਹਰ ਕਿਸੇ ਦਾ ਰੁਝਾਨ ਵੈੱਬ ਸੀਰੀਜ਼ ਵੱਲ ਹੈ ਅਤੇ ਉਹ ਆਪਣੀ ਕਹਾਣੀ ਨੂੰ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣਾ ਚਾਹੁੰਦੇ ਹਨ ਅਤੇ ਇਸ ਕੰਮ ਨੂੰ ਵੈੱਬ ਸੀਰੀਜ਼ ਰਾਹੀਂ ਬਿਹਤਰ ਤਰੀਕੇ ਨਾਲ ਕੀਤਾ ਜਾ ਸਕਦਾ ਹੈ।
ਪੁਸ਼ਕਰ ਧਾਮੀ ਨੇ ਕੀਤਾ ਭੱਜੀ ਦਾ ਧੰਨਵਾਦ
ਹਰਭਜਨ ਸਿੰਘ ਦੀ ਨਵਜੋਤ ਸਿੱਧੂ ਨਾਲ ਫ਼ੋਟੋ ਵਾਇਰਲ ਹੋਣ ਤੋਂ ਇੱਕ ਹਫ਼ਤੇ ਬਾਅਦ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਆਪਣੇ ਟਵਿਟਰ ਐਕਾਊਂਟ ‘ਚ ਹਰਭਜਨ ਸਿੰਘ ਦਾ ਇੱਕ ਵੀਡੀਓ ਪੋਸਟ ਕੀਤਾ। ਇਸ ਵੀਡੀਓ ‘ਚ ਹਰਭਜਨ ਸਿੰਘ ਨੇ ਧਾਮੀ ਨੂੰ ਉਨ੍ਹਾਂ ਦੇ ਸਿਆਸੀ ਜੀਵਨ ਲਈ ਸ਼ੁਭਕਾਮਨਾਵਾਂ ਦਿੱਤੀਆਂ। ਹਰਭਜਨ ਨੇ ਕਿਹਾ ਕਿ ਪੁਸ਼ਕਰ ਸਿੰਘ ਧਾਮੀ ਦੀ ਕੁਸ਼ਲ ਅਗਵਾਈ ‘ਚ ਉਤਰਾਖੰਡ ਤਰੱਕੀ ਕਰੇਗਾ ਅਤੇ ਉਹ ਜਲਦੀ ਹੀ ਉਤਰਾਖੰਡ ਆ ਕੇ ਦੇਵਭੂਮੀ ‘ਚ ਮੰਦਰਾਂ ਦੇ ਦਰਸ਼ਨ ਅਤੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨਾਲ ਵੀ ਮੁਲਾਕਾਤ ਕਰਨਾ ਚਾਹੁਣਗੇ। ਧਾਮੀ ਨੇ ਹਰਭਜਨ ਦੇ ਇਸ ਵੀਡੀਓ ਨੂੰ ਟਵੀਟ ਕਰ ਕੇ ਉਨ੍ਹਾਂ ਦਾ ਧੰਨਵਾਦ ਵੀ ਕੀਤਾ ਸੀ।
ਸਿਰਫ਼ ਵਿਧਾਇਕ ਬਣਨ ਲਈ ਸਿਆਸਤ ‘ਚ ਨਹੀਂ ਆਵੇਗਾ ਭੱਜੀ
ਹਰਭਜਨ ਸਿੰਘ ਦੇ ਕ੍ਰਿਕਟ ਜੀਵਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸੁਰਜੀਤ ਰਾਏ ਬਿੱਟਾ ਨੇ ਵੀ ਸਪੱਸ਼ਟ ਕੀਤਾ ਕਿ ਹਰਭਜਨ ਸਿਰਫ਼ ਵਿਧਾਇਕ ਬਣਨ ਲਈ ਸਿਆਸਤ ‘ਚ ਨਹੀਂ ਆਵੇਗਾ। ਉਸ ਨੇ ਕ੍ਰਿਕਟਰ ਦੇ ਤੌਰ ‘ਤੇ ਦੇਸ਼ ਦੀ ਸੇਵਾ ਕੀਤੀ ਹੈ ਅਤੇ ਉਸ ਦਾ ਸਿਆਸਤ ‘ਚ ਆਉਣ ਦਾ ਮਕਸਦ ਵੀ ਪੰਜਾਬ ਅਤੇ ਦੇਸ਼ ਦੀ ਸੇਵਾ ਕਰਨਾ ਹੈ ਅਤੇ ਉਹ ਇਹ ਸੇਵਾ ਸਿਰਫ਼ ਵਿਧਾਇਕ ਬਣ ਕੇ ਨਹੀਂ ਕਰੇਗਾ। ਜਦੋਂ ਹਰਭਜਨ ਨੇ ਆਪਣਾ ਕ੍ਰਿਕਟ ਕਰੀਅਰ ਸ਼ੁਰੂ ਕੀਤਾ ਸੀ, ਬਿੱਟਾ ਜਲੰਧਰ ਕ੍ਰਿਕਟ ਐਸੋਸੀਏਸ਼ਨ ‘ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਸੀ ਅਤੇ ਬਿੱਟਾ ਖ਼ੁਦ ਹਰਭਜਨ ਨੂੰ ਪਹਿਲੇ ਟੈੱਸਟ ਮੈਚ ਲਈ ਦਿੱਲੀ ਛੱਡਣ ਗਿਆ ਸੀ।
ਪਿਚ ‘ਤੇ ਨਤਮਸਤਕ ਭਾਵੁਕ ਭੱਜੀ
1990 ਦੇ ਦਹਾਕੇ ‘ਚ ਹਰਭਜਨ ਸਿੰਘ ਜਦੋਂ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕਰ ਰਹੇ ਸਨ ਤਾਂ ਬਰਲਟਨ ਪਾਰਕ ਦੀ ਇਸ ਪਿੱਚ ‘ਤੇ ਉਸ ਦਾ ਪੂਰਾ ਦਿਨ ਲੰਘਦਾ ਸੀ। ਉਹ ਇਸ ਪਿਚ ‘ਤੇ ਘੰਟਿਆਂ ਤਕ ਪ੍ਰੈਕਟਿਸ ਕਰਦਾ, ਅਤੇ ਜਦੋਂ ਉਸ ਨੇ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕੀਤਾ ਤਾਂ ਉਹ ਮੈਦਾਨ ਦੀ ਉਸੇ ਪਿਚ ‘ਤੇ ਪੁੱਜਿਆ ਅਤੇ ਪਿਚ ‘ਤੇ ਨਤਮਸਤਕ ਹੋ ਕੇ ਸਜਦਾ ਕੀਤਾ।
ਮੈਦਾਨ ਦੀ ਹਾਲਤ ‘ਤੇ ਭਾਵੁਕ ਹੋਇਆ ਹਰਭਜਨ
ਹਰਭਜਨ ਸਿੰਘ ਦੇ ਕ੍ਰਿਕਟ ਜੀਵਨ ਦੀ ਸ਼ੁਰੂਆਤ ‘ਚ ਜਲੰਧਰ ‘ਚ ਬਰਲਟਨ ਪਾਰਕ ਇੱਕ ਚੰਗਾ ਸਟੇਡੀਅਮ ਸੀ, ਅਤੇ ਇਸੇ ਮੈਦਾਨ ‘ਚ ਭਾਰਤ ਅਤੇ ਸ਼੍ਰੀ ਲੰਕਾ ਦਾ ਮੈਚ ਵੀ ਹੋਇਆ ਸੀ। ਇਸ ਮੈਦਾਨ ‘ਤੇ ਰਣਜੀ ਟਰੌਫ਼ੀ ਦੇ ਮੈਚ ਖੇਡੇ ਜਾਂਦੇ ਸਨ। ਹਰਭਜਨ ਆਪਣੇ ਕ੍ਰਿਕਟ ਕਰੀਅਰ ‘ਚ ਵਧਦਾ ਗਿਆ, ਪਰ ਇਸ ਮਦੈਨ ਦੀ ਹਾਲਤ ਵੀ ਵਿਗੜਦੀ ਗਈ। ਹਰਭਜਨ ਇਸ ਮੈਦਾਨ ਦੀ ਹਾਲਤ ਨੂੰ ਲੈ ਕੇ ਵੀ ਬਹੁਤ ਭਾਵੁਕ ਹੋ ਗਿਆ।
ਸਟੇਡੀਅਮ ਦੀ ਕਰੇਗਾ ਕਾਇਆਕਲਪ
ਭੱਜੀ ਨੇ ਕਿਹਾ ਕਿ ਜਦੋਂ ਮੈਂ ਇਥੇ ਖੇਡਦਾ ਸੀ ਤਾਂ ਇਥੇ ਚੰਗਾ ਸਟੇਡੀਅਮ ਸੀ, ਪਰ ਬਾਅਦ ‘ਚ ਇਸ ਨੂੰ ਢਾਹ ਦਿੱਤਾ ਗਿਆ। ਹੁਣ ਮੈਂ ਇਸ ਸਟੇਡੀਅਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ, ਅਤੇ ਜੇਕਰ ਸਰਕਾਰੀ ਪੱਧਰ ‘ਤੇ ਨਹੀਂ ਹੋਇਆ ਤਾਂ ਨਿੱਜੀ ਤੌਰ ‘ਤੇ ਕੋਸ਼ਿਸ਼ ਕਰਾਂਗਾ। ਇਸ ਮੈਦਾਨ ਨੂੰ ਪਹਿਲਾਂ ਤੋਂ ਜ਼ਿਆਦਾ ਬਿਹਤਰ ਬਣਾਵਾਂਗਾ, ਅਤੇ ਇਥੇ ਕ੍ਰਿਕਟ ਦੇ ਵੱਡੇ ਮੈਚ ਕਰਵਾਏ ਜਾਣਗੇ।
ਕੋਚ ਅਤੇ ਪਿਚ ਕਿਊਰੇਟਰ ਦਾ ਵੀ ਧੰਨਵਾਦ ਕੀਤਾ
ਹਰਭਜਨ ਦੇ ਸੰਨਿਆਸ ਤੋਂ ਬਾਅਦ ਉਸ ਦੇ ਨਾਲ ਉਸ ਦੇ ਕੋਚ ਦਵਿੰਦਰ ਅਰੋੜਾ ਵੀ ਮੌਜੂਦ ਸਨ। ਹਰਭਜਨ ਨੇ ਆਪਣੀ ਸਫ਼ਲਤਾ ਲਈ ਦਵਿੰਦਰ ਅਰੋੜਾ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਦਵਿੰਦਰ ਅਰੋੜਾ ਦੇ ਮਾਰਗਦਰਸ਼ਨ ‘ਚ ਹੀ ਉਸ ਦੀ ਖੇਡ ਨਿਖਰੀ ਅਤੇ ਉਹ ਭਾਰਤੀ ਟੀਮ ਤਕ ਪਹੁੰਚ ਸਕਿਆ। ਹਰਭਜਨ ਨੇ ਇਸ ਦੌਰਾਨ ਬਰਲਟਨ ਪਾਰਕ ਕ੍ਰਿਕਟ ਸਟੇਡੀਅਮ ਦੇ ਪਿਚ ਕਿਊਰੇਟਰ ਰਹੇ ਦਯਾ ਰਾਮ ਦੇ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਜਿਸ ਪਿਚ ‘ਤੇ ਉਹ ਦਿਨ ਭਰ ਪ੍ਰੈਕਟਿਸ ਕਰਦਾ ਸੀ, ਉਸ ਨੂੰ ਦਯਾ ਰਾਮ ਹੀ ਪੂਰੀ ਮਿਹਨਤ ਨਾਲ ਤਿਆਰ ਕਰਦਾ ਸੀ।