ਬੌਲੀਵੁਡ ਸੁਪਰਸਟਾਰ ਸਲਮਾਨ ਖ਼ਾਨ ਬੀਤੇ ਹਫ਼ਤੇ ਦੀ 27 ਦਸਬੰਬਰ ਨੂੰ 56 ਸਾਲਾਂ ਦਾ ਹੋ ਗਿਆ। ਇਸ ਮੌਕੇ ਸਲਮਾਨ ਖ਼ਾਨ ਨੇ ਆਪਣੇ ਪਨਵੇਲ ਫ਼ਾਰਮਹਾਊਸ ‘ਚ ਸ਼ਾਨਦਾਰ ਪਾਰਟੀ ਦਿੱਤੀ। ਪਾਰਟੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ।
ਸਲਮਾਨ ਦੀ ਜਨਮਦਿਨ ਪਾਰਟੀ ਦੀਆਂ ਕੁੱਝ ਅੰਦਰਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ‘ਚ ਉਹ ਆਪਣੇ ਬੌਡੀਗਾਰਡ ਸ਼ੇਰਾ ਨਾਲ ਪੋਜ਼ ਦਿੰਦਾ ਨਜ਼ਰ ਆ ਰਿਹੈ।
ਦੱਸ ਦੇਈਏ ਕਿ 27 ਦਸੰਬਰ ਨੂੰ ਸਲਮਾਨ ਨਾਲ ਉਸ ਦੀ ਭਾਣਜੀ ਆਯਤ ਦਾ ਵੀ ਜਨਮਦਿਨ ਹੁੰਦਾ ਹੈ, ਇਸ ਲਈ ਫ਼ਾਰਮਹਾਊਸ ‘ਚ ਹੋਈ ਖ਼ੂਬਸੂਰਤ ਸਜਾਵਟ ‘ਚ ਦੋਵਾਂ ਦੇ ਨਾਂ ਦਿਖਾਈ ਦਿੱਤੇ।
ਪਾਰਟੀ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ‘ਚ ਸਲਮਾਨ ਆਯਤ ਨਾਲ ਕੇਕ ਕੱਟਦਾ ਨਜ਼ਰ ਆ ਰਿਹੈ। ਸਲਮਾਨ ਜਨਮਦਿਨ ਦੌਰਾਨ ਫ਼ਾਰਮਹਾਊਸ ਤੋਂ ਬਾਹਰ ਵੀ ਨਿਕਲਿਆ ਅਤੇ ਉਸ ਨੇ ਮੀਡੀਆ ਅਤੇ ਫ਼ੋਟੋਗ੍ਰਾਫ਼ਰਾਂ ਨਾਲ ਵੀ ਗੱਲਬਾਤ ਕੀਤੀ।
ਸਲਮਾਨ ਦੇ ਜਨਮਦਿਨ ਮੌਕੇ ਕੁੱਝ ਪ੍ਰਸ਼ੰਸਕ ਵੀ ਫ਼ਾਰਮਹਾਊਸ ਦੇ ਬਾਹਰ ਇਕੱਠੇ ਹੋ ਗਏ ਸਨ ਜਿਨ੍ਹਾਂ ਨਾਲ ਸਲਮਾਨ ਨੇ ਮੁਲਾਕਾਤ ਕੀਤੀ ਅਤੇ ਉਸ ਨਾਲ ਤਸਵੀਰਾਂ ਵੀ ਖਿੱਚਵਾਈਆਂ। ਪ੍ਰਸ਼ੰਸਕਾਂ ਨੇ ਸਲਮਾਨ ਨੂੰ ਇੱਕ ਪਿਆਰੀ ਤਸਵੀਰ ਵੀ ਤੋਹਫ਼ੇ ‘ਚ ਦਿੱਤੀ ਜਿਸ ‘ਚ ਉਹ ਆਪਣੀ ਮਾਂ ਨਾਲ ਨਜ਼ਰ ਆ ਰਿਹਾ ਹੈ।
ਇੱਥੇ ਵਰਨਣਯੋਗ ਹੈ ਕਿ ਜਨਮਦਿਨ ਤੋਂ ਇੱਕ ਦਿਨ ਪਹਿਲਾਂ ਉਸ ਦੇ ਫ਼ਾਰਮਹਾਊਸ ‘ਤੇ ਉਸ ਨੂੰ ਇੱਕ ਸੱਪ ਨੇ ਤਿੰਨ ਵਾਰ ਡੰਗ ਮਾਰਿਆ ਸੀ ਜਿਸ ਕਾਰਨ ਉਸ ਨੂੰ ਕੁੱਝ ਸਮਾਂ ਹਸਪਤਾਲ ‘ਚ ਵੀ ਬਿਤਾਉਣਾ ਪਿਆ। ਉਹ ਸੱਪ ਜ਼ਹਿਰੀਲਾ ਨਹੀਂ ਸੀ।