ਔਰੰਗਾਬਾਦ – ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ‘ਚ ਇਕ ਵਿਆਹ ਸਮਾਰੋਹ ਤੋਂ ਲੋਕਾਂ ਨੂੰ ਵਾਪਸ ਲਿਜਾ ਰਹੇ ਇਕ ਟੈਂਪੂ ਦੇ ਟਰੈਕਟਰ ਨਾਲ ਟਕਰਾਉਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਦੇਰ ਰਾਤ ਕਰੀਬ 2 ਵਜੇ ਜ਼ਿਲ੍ਹੇ ਦੇ ਸਿਲੋਡ ਤਾਲੁਕਾ ਦੇ ਮੋਧਾ ਫਾਟਾ ‘ਚ ਹੋਇਆ। ਸਿਲੋਡ ਗ੍ਰਾਮੀਣ ਥਾਣੇ ਦੇ ਇੰਸਪੈਕਟਰ ਸੀਤਾਰਾਮ ਮੇਹਤਰੇ ਨੇ ਦੱਸਿਆ ਕਿ ਘਾਟਸ਼ੇਂਦਰ ਪਿੰਡ ਤੋਂ ਬਾਰਾਤੀਆਂ ਨੂੰ ਵਾਪਸ ਮੰਗਰੂਲ ਪਿੰਡ ਲਿਜਾ ਰਿਹਾ ਟੈਂਪੂ ਗੰਨੇ ਨਾਲ ਲੱਦੇ ਟਰੈਕਟਰ ਨਾਲ ਟਕਰਾ ਗਿਆ।
ਅਧਿਕਾਰੀ ਨੇ ਕਿਹਾ ਕਿ ਟੈਂਪੂ ‘ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 7 ਹੋਰ ਜ਼ਖਮੀਆਂ ਨੂੰ ਇਲਾਜ ਲਈ ਸਿਲੋਡ ਦੇ ਇਕ ਸਰਕਾਰੀ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਜੀਜਾਬਾਈ ਸੋਨਵਨੇ (60), ਸੰਜੇ ਖੇਲਵਨੇ (42), ਸੰਗੀਤਾ ਖੇਲਵਨੇ (35), ਅਸ਼ੋਕ ਖੇਲਵਨੇ (45), ਅਸ਼ੋਕ ਸੰਪਤ ਖੇਲਵਨੇ (52) ਅਤੇ ਰੰਜਨਾ ਖੇਲਵਨੇ (40) ਦੇ ਰੂਪ ‘ਚ ਹੋਈ ਹੈ।