ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਫ਼ਿਲਮ 83 ਰਿਲੀਜ਼ ਹੋ ਗਈ ਹੈ। ਫ਼ਿਲਮ 1983 ਵਰਲਡ ਕੱਪ ਦੇ ਇਤਿਹਾਸਕ ਪਲ ‘ਤੇ ਬਣੀ ਹੈ। ਇਸ ਦਾ ਮੁੱਖ ਅਦਾਕਾਰ ਰਣਵੀਰ ਸਿੰਘ ਹੈ। ਰਣਵੀਰ ਸਿੰਘ ਨੇ ਫ਼ਿਲਮ ‘ਚ ਕਪਿਲ ਦੇਵ ਦੀ ਭੂਮਿਕਾ ਨਿਭਾਈ ਹੈ।
83 ਫ਼ਿਲਮ ‘ਚ ਰਣਵੀਰ ਬਿਲਕੁਲ ਕਪਿਲ ਦੇਵ ਵਾਂਗ ਨਜ਼ਰ ਆ ਰਿਹਾ ਹੈ। ਇਸ ਲਈ ਉਸ ਦੇ ਮੇਕਅੱਪ ਆਰਟਿਸਟ ਦੀ ਕਾਫ਼ੀ ਤਾਰੀਫ਼ ਵੀ ਹੋ ਰਹੀ ਹੈ।
ਰਿਲੀਜ਼ ਤੋਂ ਪਹਿਲਾਂ ਹੀ 83 ਨੂੰ ਲੈ ਕੇ ਲੋਕਾਂ ਵਿਚਾਲੇ ਉਤਸ਼ਾਹ ਬਣਿਆ ਹੋਇਆ ਸੀ। ਲੱਗਦਾ ਸੀ ਕਿ ਇਹ ਫ਼ਿਲਮ ਹਿੱਟ ਹੋਣ ਵਾਲੀ ਹੈ, ਹੋਇਆ ਵੀ ਇੰਝ ਹੀ। ਦਰਸ਼ਕਾਂ ਨੂੰ ਰਣਵੀਰ ਸਿੰਘ ਦੀ ਫ਼ਿਲਮ ਕਾਫ਼ੀ ਪਸੰਦ ਆ ਰਹੀ ਹੈ। ਇਹੀ ਕਾਰਨ ਹੈ ਕਿ ਪਹਿਲੇ ਹੀ ਦਿਨ ਫ਼ਿਲਮ ਨੇ ਬੌਕਸ ਔਫ਼ਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ।
ਬਾਕਸ ਔਫ਼ਿਸ ਇੰਡੀਆ ਮੁਤਾਬਿਕ 83 ਨੇ ਪਹਿਲੇ ਦਿਨ 12.64 ਕਰੋੜ ਰੁਪਏ ਦੀ ਕਮਾਈ ਕੀਤੀ। ਕਮਾਈ ਦੇ ਮਾਮਲੇ ‘ਚ ਰਣਵੀਰ ਸਿੰਘ ਦੀ ਫ਼ਿਲਮ ਅਕਸ਼ੇ ਕੁਮਾਰ ਦੀ ਸੂਰਿਆਵੰਸ਼ੀ ਅਤੇ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ ਤੋਂ ਕਾਫ਼ੀ ਪਿੱਛੇ ਰਹਿ ਗਈ। ਸੂਰਿਆਵੰਸ਼ੀ ਨੇ ਪਹਿਲੇ ਦਿਨ 26.29 ਕਰੋੜ ਦਾ ਕਾਰੋਬਾਰ ਕੀਤਾ ਸੀ, ਅਤੇ ਪੁਸ਼ਪਾ ਨੇ ਪਹਿਲੇ ਦਿਨ 50 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
ਵੀਕੈਂਡ ‘ਤੇ ਫ਼ਿਲਮ ਦਾ ਕਾਰੋਬਾਰ ਵੱਧ ਕੇ 47 ਕਰੋੜ ਤਕ ਪਹੁੰਚ ਗਿਆ ਅਤੇ ਉਸ ਦੀ ਭਾਰਤ ਤੋਂ ਕੁੱਲ ਕਮਾਈ 54.29 ਕਰੋੜ ਰੁਪਏ ਹੋ ਗਈ। ਜੇਕਰ ਇਸ ‘ਚ ਉਸ ਦੀ ਵਿਦੇਸ਼ੀ ਕਮਾਈ ਵੀ ਜੋੜ ਦੇਈਏ ਤਾਂ ਉਸ ਦੀ ਕੁੱਲ ਵਿਸ਼ਵ ਵਿਆਪੀ ਕਮਾਈ 96.07 ਕਰੋੜ ਰੁਪਏ ਹੋ ਗਈ ਹੈ।
ਫ਼ਿਲਮ ਨੂੰ ਸਮੀਖਿਅਕਾਂ ਅਤੇ ਦਰਸ਼ਕਾਂ ਦੋਹਾਂ ਦੇ ਚੰਗੇ ਰੀਵਿਊਜ਼ ਮਿਲ ਰਹੇ ਹਨ। ਹਰ ਕੋਈ ਫ਼ਿਲਮ ਦੀ ਕਹਾਣੀ ਅਤੇ ਸਿਤਾਰਿਆਂ ਦੀ ਅਦਾਕਾਰੀ ਦੀ ਤਾਰੀਫ਼ ਕਰ ਰਿਹਾ ਹੈ। ਕਬੀਰ ਖ਼ਾਨ ਦੇ ਨਿਰਦੇਸ਼ਨ ‘ਚ ਬਣੀ ਇਸ ਫ਼ਿਲਮ ‘ਚ ਦੀਪਿਕਾ ਪਾਦੁਕੋਣ ਨੇ ਕਪਿਲ ਦੇਵ ਦੀ ਪਤਨੀ ਦਾ ਕਿਰਦਾਰ ਨਿਭਾਇਆ ਹੈ। ਦੀਪਿਕਾ ਫ਼ਿਲਮ ਦੀ ਅਦਾਕਾਰਾ ਹੋਣ ਦੇ ਨਾਲ-ਨਾਲ ਇਸ ਦੀ ਪ੍ਰੋਡਿਊਸਰ ਵੀ ਹੈ।