ਤਰਨਤਾਰਨ : ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਅੱਜ ਖਡੂਰ ਸਾਹਿਬ ਪਹੁੰਚੇ ਕੇ ਦੋ ਉਦਘਾਟਨ ਸਮਾਗਮਾਂ ’ਚ ਹਿੱਸਾ ਲਿਆ। ਉਨ੍ਹਾਂ ਖ਼ਡੂਰ ਸਾਹਿਬ ’ਚ ਇਕ ਸਟੇਡੀਅਮ ਦਾ ਅਤੇ ਦੂਜਾ ਉੱਥੇ ਨਵਾਂ ਤਿਆਰ ਹੋਇਆ ਕਾਲਜ ਦਾ ਉਦਘਾਟਨ ਕੀਤਾ। ਪਰਗਟ ਸਿੰਘ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਨਿਰੋਗ ਅਤੇ ਤੰਦਰੁਸਤ ਬਣਾਉਣ ਲਈ ਅਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਇਸ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ ਹੈ ਤਾਂ ਜੋ ਅੱਜ ਦੀ ਪੀੜ੍ਹੀ ਖੇਡਾਂ ਵੱਲ ਵੱਧ ਤੋਂ ਵੱਧ ਉਤਸ਼ਾਹਿਤ ਹੋ ਸਕੇ। ਪਰਗਟ ਨੇ ਕਿਹਾ ਕਿ ਇਹ ਸਟੇਡੀਅਮ 5 ਏਕੜ ਜ਼ਮੀਨ ’ਚ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਜਿੰਨਾ ਵੀ ਖ਼ਰਚ ਆਵੇਗਾ ਕਾਂਗਰਸ ਸਰਕਾਰ ਵੱਧ ਤੋਂ ਵੱਧ ਯੋਗਦਾਨ ਪਾ ਕੇ ਸਟੇਡੀਅਮ ਦੀ ਉਸਾਰੀ ਵਧੀਆ ਢੰਗ ਨਾਲ ਕਰੇਗੀ।
ਪਰਗਟ ਸਿੰਘ ਨੇ ਅੱਗੇ ਬੋਲਦਿਆਂ ਕਿਹਾ ਕਿ ਪਾਰਟੀ ਦੇ ਜਿਹੜੇ ਆਗੂ ਕਾਂਗਰਸ ਛੱਡ ਭਾਜਪਾ ’ਚ ਸ਼ਾਮਲ ਹੋਏ ਹਨ ਉਨ੍ਹਾਂ ਨੂੰ ਭਾਜਪਾ ਵਲੋਂ ਵਾਸ਼ਿੰਗ ਮਸ਼ੀਨ ’ਚ ਚੰਗੀ ਤਰ੍ਹਾਂ ਧੋ ਕੇ ਲਿਆ ਗਿਆ ਹੈ। ਪਰਗਟ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਹਾਂ ਅਤੇ ਕਹਿਣਾ ਚਾਹੁੰਦਾ ਹਾਂ ਕਿ ਵਧੀਆ ਹੋਇਆ ਕਾਂਗਰਸ ’ਚੋਂ ਗੰਦ ਨਿਕਲ ਗਿਆ ਅਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ’ਚ ਜਿਹੜੇ ਹੋਰ ਵਿਧਾਇਕ ਵੀ ਜਾਣਾ ਚਾਹੁੰਦੇ ਹਨ ਉਹ ਭਾਜਪਾ ’ਚ ਜਾ ਕਿਸੇ ਵੀ ਪਾਰਟੀ ’ਚ ਜਾ ਸਕਦੇ ਹਨ।
ਕੇਜਰੀਵਾਲ ’ਤੇ ਨਿਸ਼ਾਨਾ ਲਗਾਉਂਦੇ ਉਨ੍ਹਾਂ ਕਿਹਾ ਕਿ ਉਹ ਨਿੱਤ ਨਵੇਂ ਦਿਨ ਪੰਜਾਬ ਆ ਕੇ ਝੂਠੀਆਂ ਗਾਰੰਟੀਆਂ ਦਿੰਦਾ ਹੈ। ਉਸ ਨੇ ਦਿੱਲੀ ’ਚ ਤਾਂ ਕੋਈ ਗਾਰੰਟੀ ਲਾਗੂ ਨਹੀਂ ਕੀਤੀ ਫ਼ਿਰ ਪੰਜਾਬ ’ਚ ਉਹ ਕਿਵੇਂ ਲਾਗੂ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਖ਼ਿਲਾਫ਼ ਨਸ਼ੇ ਵਿਰੁਧ ਆਵਾਜ਼ ਚੁੱਕ ਕੇ ਮਗਰੋਂ ਉਸ ਨੇ ਮੁਆਫ਼ੀ ਮੰਗੀ ਸੀ ਜੇਕਰ ਉਹ ਆਪਣੇ ਬੋਲ ’ਤੇ ਨਹੀਂ ਟਿੱਕ ਸਕਦਾ ਤਾਂ ਫ਼ਿਰ ਉਸ ਵਲੋਂ ਗਾਰੰਟੀਆਂ ਕਿਵੇਂ ਪੂਰੀਆਂ ਹੋਣਗੀਆਂ।