ਨਵੀਂ ਦਿੱਲੀ – ਕੇਂਦਰ ਸਰਕਾਰ ਨੇ ਨਾਗਾਲੈਂਡ ‘ਚ ਹਥਿਆਰਬੰਦ ਫ਼ੋਰਸ ਵਿਸ਼ੇਸ਼ ਅਧਿਕਾਰ ਐਕਟ (ਅਫਸਪਾ) ਦੇ ਪ੍ਰਬੰਧਾਂ ਦੇ ਅਧੀਨ ਰਾਜ ਦੇ ਪੂਰੇ ਖੇਤਰ ਨੂੰ ਅੱਜ ਯਾਨੀ ਵੀਰਵਾਰ ਤੋਂ ਅਗਲੇ 6 ਮਹੀਨਿਆਂ ਲਈ ਅਸ਼ਾਂਤ ਖੇਤਰ ਐਲਾਨ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰਾਲਾ ਨੇ ਵੀਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਿਹਾ ਕਿ ਪੂਰੇ ਰਾਜ ‘ਚ ਹਾਲੇ ਅਜਿਹੀ ਖ਼ਤਰਨਾਕ ਅਤੇ ਅਸ਼ਾਂਤ ਸਥਿਤੀ ਹੈ, ਜਿਸ ਨਾਲ ਨਜਿੱਠਣ ਲਈ ਹਥਿਆਰਬੰਦ ਫ਼ੋਰਸਾਂ ਦੀ ਤਾਇਨਾਤੀ ਕੀਤੀ ਜਾਣੀ ਜ਼ਰੂਰੀ ਹੈ। ਇਸ ਲਈ ਕੇਂਦਰ ਸਰਕਾਰ ਨੇ ਇਸ ਐਕਟ ‘ਚ ਧਾਰਾ 3 ਦੇ ਅਧੀਨ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਰਾਜ ਦੇ ਪੂਰੇ ਖੇਤਰ ਨੂੰ 30 ਦਸੰਬਰ ਤੋਂ ਅਗਲੇ 6 ਮਹੀਨਿਆਂ ਲਈ ਅਸ਼ਾਂਤ ਖੇਤਰ ਐਲਾਨ ਕਰ ਰਹੀ ਹੈ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਨੇ ਨਾਗਾਲੈਂਡ ‘ਚ ਅਫਸਪਾ ਐਕਟ ਨੂੰ ਲੈ ਕੇ ਹਾਲ ਹੀ ‘ਚ ਇਕ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਇਹ ਕਮੇਟੀ ਰਾਜ ‘ਚ ਅਫਸਪਾ ਨਾਲ ਸੰਬੰਧਤ ਸਾਰੇ ਪਹਿਲੂਆਂ ਦੀ ਸਮੀਖਿਆ ਕਰੇਗੀ ਅਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਆਪਣੀ ਰਿਪੋਰਟ ਦੇਵੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਮੱਦੇਨਜ਼ਰ ਹੀ ਰਾਜ ‘ਚ ਅਫਸਪਾ ਦੇ ਪ੍ਰਬੰਧਾਂ ਨੂੰ ਫਿਲਹਾਲ ਲਾਗੂ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਕਮੇਟੀ ਨੇ ਆਪਣੀ ਰਿਪੋਰਟ ਦੇਣ ਲਈ 3 ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਰਾਜ ‘ਚ 4 ਦਸੰਬਰ ਨੂੰ ਫ਼ੌਜ ਦੀ ਕਾਰਵਾਈ ‘ਚ ਕੁਝ ਗੈਰ-ਫ਼ੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਵੱਖ-ਵੱਖ ਪੱਧਰ ‘ਤੇ ਵਿਰੋਧ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਸ ਕਮੇਟੀ ਦਾ ਗਠਨ ਕੀਤਾ ਸੀ। ਫ਼ੌਜ ਵੀ ਇਸ ਘਟਨਾ ਦੀ ਆਪਣੇ ਪੱਧਰ ‘ਤੇ ਵਿਆਪਕ ਜਾਂਚ ਕਰ ਰਹੀ ਹੈ।