ਜੇਕਰ ਤੁਹਾਨੂੰ ਇਸ ਵਕਤ ਜਾਦੂ ਦੀ ਇੱਕ ਛੜੀ ਮਿਲ ਸਕਦੀ ਹੁੰਦੀ ਤਾਂ ਤੁਸੀਂ ਉਸ ਨਾਲ ਕਿਸੇ ਹੋਰ ਦੀ ਸ਼ਖ਼ਸੀਅਤ ਨੂੰ ਕਿਵੇਂ ਬਦਲਦੇ? ਉਨ੍ਹਾਂ ਦੇ ਵਿਅਕਤੀਤਵ ਦਾ ਕਿਹੜਾ ਹਿੱਸਾ ਤੁਸੀਂ ਮੋਹਰੇ ਲਿਆਉਂਦੇ ਅਤੇ ਕਿਹੜੇ ਨੂੰ ਚੰਡ ਕੇ ਤੁਸੀਂ ਉਸ ਦੀ ਧਾਰ ਥੋੜ੍ਹੀ ਖੁੰਡੀ ਕਰਨ ਦੀ ਕੋਸ਼ਿਸ਼ ਕਰਦੇ? ਇਸ ਖ਼ਿਆਲ ਨੂੰ ਆਪਣੇ ਜ਼ਹਿਨ ‘ਚ ਰੱਖੋ ਅਤੇ ਹੁਣ ਖ਼ੁਦ ਨੂੰ ਇਹ ਪੁੱਛੋ: ਜੇ ਕਿਸੇ ਹੋਰ ਵਿਅਕਤੀ ਨੂੰ ਤੁਹਾਡੇ ਬਾਰੇ ਉਨ੍ਹਾਂ ਦੀ ਨਿੱਜੀ ਧਾਰਣਾ ਨੂੰ ਮੱਦੇਨਜ਼ਰ ਰੱਖ ਕੇ ਇਹੋ ਸਵਾਲ ਪੁੱਛੇ ਜਾਂਦੇ ਤਾਂ ਉਹ ਕੀ ਜਵਾਬ ਦਿੰਦੇ? ਤੁਹਾਡੇ ਕਈ ਅਜਿਹੇ ਪੱਖ ਹਨ ਜਿਨ੍ਹਾਂ ਨੂੰ ਸਵੀਕਾਰਨਾ ਅਤੇ ਪਿਆਰ ਕਰਨਾ ਤੁਹਾਨੂੰ ਸਿੱਖਣਾ ਪੈਣੈ, ਉਹ ਜਿਵੇਂ ਦੇ ਵੀ ਹੋਣ। ਜੇ ਤੁਸੀਂ ਕੋਸ਼ਿਸ਼ ਕਰੋ, ਤੁਸੀਂ ਆਪਣੇ ਕਿਸੇ ਪਿਆਰੇ ਦੇ ਹੱਕ ‘ਚ ਵੀ ਇਸੇ ਪੱਧਰ ਦੇ ਮਦਦਗਾਰ ਸਬਰ ਦਾ ਮੁਜ਼ਾਹਰਾ ਕਰ ਸਕਦੇ ਹੋ।

ਇਸ ਵਕਤ ਕਿਸੇ ਭਾਵਨਾਤਮਕ ਜ਼ਖ਼ਮ ਨੂੰ ਭਰਨ ਦਾ ਮੌਕਾ ਹੈ। ਕੀ ਉਸ ਲਈ ਤੁਹਾਨੂੰ ਆਰਾਮ ਪਹੁੰਚਾਉਣ ਵਾਲੀ ਕਿਸੇ ਬਾਮ ਦਾ ਇਸਤੇਮਾਲ ਕਰਨਾ ਚਾਹੀਦਾ ਹੈ? ਜਾਂ ਫ਼ਿਰ ਉਸ ‘ਤੇ ਨਮਕ ਰਗੜਨਾ? ਜੇਕਰ ਤੁਸੀਂ ਆਪਸੀ ਮੁਖ਼ਾਲਫ਼ਤ ਦੀ ਉਸ ਅਵਸਥਾ ‘ਚੋਂ ਬਾਹਰ ਨਿਕਲਣਾ ਚਾਹੁੰਦੇ ਹੋ ਜਿਸ ਨੇ ਹਾਲ ਹੀ ‘ਚ ਕਿਸੇ ਖ਼ਾਸ ਵਿਅਕਤੀ ਨਾਲ ਤੁਹਾਡੇ ਰਿਸ਼ਤੇ ਨੂੰ ਪਰਿਭਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਹੈ, ਤੁਹਾਨੂੰ ਉਨ੍ਹਾਂ ਗੱਲਾਂ ਤੋਂ ਬੱਚਣਾ ਚਾਹੀਦਾ ਹੈ ਜਿਹੜੀਆਂ ਵਿਵਾਦ ਅਤੇ ਟਕਰਾਅ ਪੈਦਾ ਕਰਦੀਆਂ ਹੋਣ। ਤੁਹਾਨੂੰ ਆਪਣੇ ਅੰਦਰਲੀ ਮੁਆਫ਼ ਕਰਨ ਅਤੇ ਸਮਝਣ ਦੀ ਭਾਵਨਾ ਤਕ ਪਹੁੰਚ ਕਰਨੀ ਚਾਹੀਦੀ ਹੈ ਅਤੇ ਫ਼ਰਾਖ਼ਦਿਲ ਬਣਨਾ ਚਾਹੀਦਾ ਹੈ, ਭਾਵੇਂ ਤੁਹਾਨੂੰ ਇਹ ਵੀ ਕਿਉਂ ਨਾ ਲੱਗਦਾ ਹੋਵੇ ਕਿ ਅਜਿਹੀ ਰਹਿਮਦਿਲੀ ਦਾ ਸੱਚਮੁੱਚ ਕੋਈ ਸੱਚਾ ਹੱਕਦਾਰ ਨਹੀਂ। ਇਸ ਕੁਰਬਾਨੀ ਦਾ ਤੁਹਾਨੂੰ ਸਿਲਾ ਜ਼ਰੂਰ ਮਿਲੇਗਾ।

ਜਦੋਂ ਦੂਸਰੇ ਲੋਕ ਸਾਡੇ ‘ਚ ਵਿਸ਼ਵਾਸ ਦਾ ਮੁਜ਼ਾਹਰਾ ਕਰਦੇ ਨੇ, ਸਾਨੂੰ ਪਤਾ ਚੱਲਦੈ ਕਿ ਅਸੀਂ ਕਿੰਨੀਆਂ ਵੱਡੀਆਂ ਮੱਲਾਂ ਮਾਰਨ ਦੇ ਕਾਬਿਲ ਹਾਂ। ਸਾਡੇ ਦਿਲ ਉੱਚਾ ਉੱਡਦੇ ਨੇ, ਸਾਡੇ ਚੰਗੇ ਖ਼ਿਆਲਾਂ ਨੂੰ ਬੂਰ ਪੈਂਦੈ ਨੇ ਅਤੇ ਉਹ ਦੁਗਣੇ-ਚੌਗਣੇ ਹੋ ਜਾਂਦੇ ਨੇ, ਜੋ ਕੁੱਝ ਵੀ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਸ ‘ਚ ਸਫ਼ਲ ਹੋਣ ਦੀਆਂ ਸੰਭਾਵਨਾਵਾਂ ਵਧੇਰੇ ਪ੍ਰਬਲ ਹੋ ਜਾਂਦੀਆਂ ਹਨ। ਅਤੇ ਜਦੋਂ ਸਾਨੂੰ ਇੰਝ ਜਾਪੇ ਜਿਵੇਂ ਲਗਾਤਾਰ ਸਾਡੀ ਅਲੋਚਨਾ ਹੋ ਰਹੀ ਹੈ, ਅਸੀਂ ਸੁੰਗੜ ਜਾਂਦੇ ਹਾਂ, ਅਸੀਂ ਆਪਣੇ ਖ਼ੁਦ ਦੇ ਬਣਾਏ ਹੋਏ ਖੋਲ ‘ਚ ਚਲੇ ਜਾਂਦੇ ਹਾਂ, ਅਸੀਂ ਪੂਰੀ ਤਰ੍ਹਾਂ ਨਾਲ ਰੱਖਿਆਤਮਕ ਖੇਡ ਖੇਡਣ ਲੱਗ ਜਾਂਦੇ ਹਾਂ। ਕਿਸੇ ਵਿਅਕਤੀ ਦੀਆਂ ਕਾਬਲੀਅਤਾਂ ‘ਚ ਵਿਸ਼ਵਾਸ ਜਤਾ ਕੇ ਦੇਖੋ, ਅਤੇ ਉਹ ਤੁਹਾਨੂੰ ਆਪਣੀ ਹੁਨਰਮੰਦੀ ਨਾਲ ਖ਼ੁਸ਼ੀ ਭਰੀ ਹੈਰਾਨੀ ਦੇਵੇਗਾ। ਫ਼ਿਰ ਉਹ, ਬਦਲੇ ‘ਚ, ਤੁਹਾਡੇ ‘ਚ ਆਪਣਾ ਵਿਸ਼ਵਾਸ ਦਿਖਾਏਗਾ। ਇਸ ਸਭ ਦਾ ਨਤੀਜਾ ਹੋਵੇਗਾ ਛੇਤੀ ਆਉਣ ਵਾਲੀ ਸੁਧਾਰ ਦੀ ਇੱਕ ਨਾਟਕੀ ਤਬਦੀਲੀ।

ਜਦੋਂ ਅਸੀਂ ਵੱਖੋ-ਵੱਖਰੇ ਤਰ੍ਹਾਂ ਦੇ ਕੱਪੜੇ ਪਹਿਨਦੇ ਹਾਂ ਤਾਂ ਕੀ ਅਸੀਂ ਵੱਖਰੇ ਲੋਕ ਬਣ ਜਾਂਦੇ ਹਾਂ? ਅਤੇ ਜਦੋਂ ਅਸੀਂ ਵੱਖੋ-ਵੱਖਰੇ ਲੋਕਾਂ ਦੀ ਸੰਗਤ ਕਰਦੇ ਤਾਂ ਕੀ ਅਸੀਂ ਇੱਕ ਵਾਰ ਫ਼ਿਰ ਬਦਲ ਜਾਂਦੇ ਹਾਂ? ਇਹ ਕਹਿਣਾ ਬਹੁਤ ਸੌਖਾ ਹੈ, ”ਨਹੀਂ। ਅਜਿਹਾ ਬਿਲਕੁਲ ਨਹੀਂ।” ਇਹ ਠੀਕ ਹੈ ਕਿ ਤੁਸੀਂ ਜੋ ਹੋ ਉਹੀ ਰਹਿੰਦੇ ਹੋ। ਤੁਹਾਡੇ ਸਤਹੀ ਹਾਲਾਤ ਇਸ ਨੂੰ ਕਿਵੇਂ ਬਦਲ ਸਕਦੇ ਹਨ? ਪਰ ਇਸ ਵਕਤ ਤੁਹਾਨੂੰ ਇਹ ਦਿਖਣਾ ਸ਼ੁਰੂ ਹੋ ਗਿਐ ਕਿ ਕਿਵੇਂ ਕੋਈ ਇੱਕ ਖ਼ਾਸ ਸਥਿਤੀ ਤੁਹਾਡੇ ਅੰਦਰੋਂ ਹਮੇਸ਼ਾ ਬਿਹਤਰੀ ਨੂੰ ਬਾਹਰ ਲਿਆਉਂਦੀ ਹੈ, ਅਤੇ ਕੋਈ ਦੂਸਰੀ ਤੁਹਾਡੇ ਵਿਹਾਰ ਨੂੰ ਨਾਕਾਰਾਤਮਕ ਢੰਗ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ। ਸਹੀ ਪ੍ਰਗਤੀ ਕਰਨ ਲਈ, ਬਾਹਰੀ ਫ਼ੇਰ-ਬਦਲ ਨਾ ਕਰੋ; ਕੇਵਲ ਆਤਮ-ਜਾਗਰੂਕਤਾ ਦੀ ਭਾਵਨਾ ਨੂੰ ਮਹਿਸੂਸ ਅਤੇ ਵਿਕਸਿਤ ਕਰਨ ਦੀ ਕੋਸ਼ਿਸ਼ ਕਰੋ।

ਕੀ ਤੁਹਾਨੂੰ ਖਿਝਣ ਦੀ ਲੋੜ ਹੈ? ਮੈਂ ਤੁਹਾਨੂੰ ਇਹ ਸਵਾਲ ਇਸ ਲਈ ਪੁੱਛ ਰਿਹਾਂ ਕਿਉਂਕਿ ਮੈਨੂੰ ਸ਼ੱਕ ਹੈ ਕਿ ਇਹ ਉਹ ਹੈ ਜਿਸ ਦਾ ਜਵਾਬ ਤੁਸੀਂ ਚਾਹੋਗੇ ਕਿ ਮੈਂ ਤੁਹਾਡੇ ਲਈ ਦੇਵਾਂ। ਤੁਸੀਂ ਉਨ੍ਹਾਂ ਸਥਿਤੀਆਂ ਨਾਲ ਦੋ-ਚਾਰ ਹੁੰਦੇ ਰਹਿੰਦੇ ਹੋ ਜਿਹੜੀਆਂ ਤੁਹਾਨੂੰ ਹਤਾਸ਼ ਜਾਂ ਪਰੇਸ਼ਾਨ ਕਰ ਜਾਂਦੀਆਂ ਹਨ। ਤੁਸੀਂ ਅਜਿਹੇ ਹਾਲਾਤ ਨਾਲ ਜੱਦੋਜਹਿਦ ਕਰ ਰਹੇ ਹੋ ਜਿਨ੍ਹਾਂ ਦਾ ਕੋਈ ਬਹੁਤਾ ਅਰਥ ਨਹੀਂ ਬਣਦਾ। ਤੁਹਾਡੇ ਆਲੇ-ਦੁਆਲੇ ਦੇ ਕੁੱਝ ਲੋਕਾਂ ਦੇ ਰਵੱਈਏ ਵੀ ਬਹੁਤੇ ਸਹਾਇਕ ਨਹੀਂ। ਉਨ੍ਹਾਂ ‘ਚੋਂ ਕੁੱਝ ਦੇ ਕਾਰਨ ਮੈਨੂੰ ਸਪੱਸ਼ਟ ਤੌਰ ‘ਤੇ ਸਮਝ ਆ ਰਹੇ ਹਨ, ਅਤੇ ਮੈਨੂੰ ਉਸ ਪੀੜ ਅਤੇ ਚਿੰਤਾ ਬਾਰੇ ਪ੍ਰਭਾਵਪੂਰਨ ਤਰੀਕੇ ਨਾਲ ਗੱਲ ਕਰਨੀ ਪੈਣੀ ਹੈ ਜਿਸ ਨੂੰ ਤੁਸੀਂ ਮਹਿਸੂਸ ਕਰਨਾ ਸ਼ੁਰੂ ਕੀਤਾ ਹੋਇਐ। ਸੱਚਮੁੱਚ ਅਤੇ ਵਾਕਈ, ਇਹ ਰਾਈ ਦਾ ਪਹਾੜ ਬਣਾਉਣ ਵਾਲੀ ਗੱਲ ਹੈ। ਇਸ ਨੂੰ ਗੁਜ਼ਰਨ ਦਿਓ।