ਨਵੀਂ ਦਿੱਲੀ/ਮੰਡੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ ਕਿ 27 ਦਸੰਬਰ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਜਾਣਗੇ। ਜਿੱਥੇ ਉਹ 11,000 ਕਰੋੜ ਰੁਪਏ ਤੋਂ ਵੱਧ ਦੀ ਪਣ ਬਿਜਲੀ ਪ੍ਰਾਜੈਕਟ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ। ਇਕ ਅਧਿਕਾਰਤ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਉਪਲੱਬਧ ਸਾਧਨਾਂ ਦੀ ਅਣਵਰਤੀ ਸਮਰੱਥਾ ਦਾ ਪੂਰੀ ਤਰ੍ਹਾਂ ਨਾਲ ਇਸਤੇਮਾਲ ਕਰਨ ’ਤੇ ਲਗਾਤਾਰ ਆਪਣਾ ਧਿਆਨ ਕੇਂਦਰਿਤ ਕੀਤਾ ਹੈ। ਹਿਮਾਲਿਆ ਖੇਤਰ ਵਿਚ ਪਣ ਬਿਜਲੀ ਸਮਰੱਥਾ ਦਾ ਪੂਰਾ ਇਸਤੇਮਾਲ ਕਰਨਾ ਇਸ ਵੱਲ ਵਧਾਇਆ ਗਿਆ ਇਕ ਹੋਰ ਕਦਮ ਹੈ। ਪ੍ਰਧਾਨ ਮੰਤਰੀ ਮੋਦੀ ਇੱਥੇ ਰੇਣੂਕਾਜੀ ਬੰਨ੍ਹ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣਗੇ, ਜੋ ਲੱਗਭਗ 3 ਦਹਾਕੇ ਤੋਂ ਪੈਂਡਿੰਗ ਪਿਆ ਹੈ। ਇਸ ’ਤੇ ਕੰਮ ਸ਼ੁਰੂ ਕਰਨ ਲਈ ਕੇਂਦਰ ਨੇ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ, ਉੱਤਰਾਖੰਡ ਅਤੇ ਦਿੱਲੀ ਵਰਗੇ 6 ਸੂਬਿਆਂ ਨੂੰ ਇਕ ਨਾਲ ਲਿਆਂਦਾ ਗਿਆ।
ਬਿਆਨ ਵਿਚ ਕਿਹਾ ਗਿਆ ਕਿ ਸੂਬੇ ਵਿਚ 40 ਮੈਗਾਵਾਟ ਦੇ ਇਸ ਪ੍ਰਾਜੈਕਟ ਦਾ ਨਿਰਮਾਣ ਕਰੀਬ 7,000 ਕਰੋੜ ਰੁਪਏ ਦੀ ਲਾਗਤ ਤੋਂ ਕੀਤਾ ਜਾਵੇਗਾ। ਇਹ ਦਿੱਲੀ ਲਈ ਬੇਹੱਦ ਫਾਇਦੇਮੰਦ ਸਾਬਤ ਹੋਵੇਗਾ, ਜਿਸ ਨਾਲ ਹਰ ਸਾਲ ਲੱਗਭਗ 50 ਕਰੋੜ ਘਣਮੀਟਰ ਪਾਣੀ ਦੀ ਸਪਲਾਈ ਮਿਲ ਸਕੇਗੀ। ਪ੍ਰਧਾਨ ਮੰਤਰੀ ਮੋਦੀ ਲੁਹਰੀ ਪਹਿਲੇ ਪੜਾਅ ਵਿਚ ਪਣ ਬਿਜਲੀ ਪ੍ਰਾਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ। ਜਿੱਥੇ ਇਸ ਨੂੰ 210 ਮੈਗਾਵਾਟ ਦੇ ਪ੍ਰਾਜੈਕਟ ਦਾ ਨਿਰਮਾਣ 1800 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਕੀਤਾ ਜਾਵੇਗਾ। ਇਸ ਨਾਲ ਪ੍ਰਤੀ ਸਾਲ 75 ਕਰੋੜ ਯੂਨਿਟ ਤੋਂ ਵੱਧ ਬਿਜਲੀ ਦਾ ਉਤਪਾਦਨ ਹੋਵੇਗਾ। ਆਧੁਨਿਕ ਅਤੇ ਭਰੋਸੇਮੰਦ ਗਰਿੱਡ ਦੀ ਮਦਦ ਨਾਲ ਖੇਤਰ ਦੇ ਆਲੇ-ਦੁਆਲੇ ਦੇ ਸੂਬਿਆਂ ਲਈ ਇਕ ਕਾਫੀ ਫਾਇਦੇਮੰਦ ਹੋਵੇਗੀ। ਬਿਆਨ ਮੁਤਾਬਕ ਪ੍ਰਧਾਨ ਮੰਤਰੀ ਧੌਲਾਸਿੱਧ ਹਾਈਡਰੋ ਪਾਵਰ ਪ੍ਰਾਜੈਕਟ ਦਾ ਵੀ ਨੀਂਹ ਪੱਥਰ ਰੱਖਣਗੇ। ਇਹ ਹਮੀਰਪੁਰ ਜ਼ਿਲ੍ਹੇ ਦਾ ਪਹਿਲਾ ਪਣ ਬਿਜਲੀ ਪ੍ਰਾਜੈਕਟ ਹੋਵੇਗਾ।