ਬੌਲੀਵੁਡ ਅਦਾਕਾਰ ਧਰਮਿੰਦਰ ਤੋਂ ਬਾਅਦ ਜੇਕਰ ਕਿਸੇ ਨੂੰ ਬੌਲੀਵੁਡ ਦੇ ਹੀ-ਮੈਨ ਦਾ ਖ਼ਿਤਾਬ ਦਿੱਤਾ ਜਾ ਸਕਦਾ ਹੈ ਤਾਂ ਉਹ ਸਿਰਫ਼ ਜੌਨ ਐਬਰਾਹਮ ਹੋ ਸਕਦੈ। ਉਂਝ ਤਾਂ ਉਸ ਨੂੰ ਆਪਣੀ ਦਮਦਾਰ ਬੌਡੀ ਲਈ ਦੇਸੀ ਹਲਕ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪਰ ਉਸ ਦੇ ਫ਼ੈਨਜ਼ ਉਸ ਨੂੰ ਪਿਆਰ ਨਾਲ ਹੀ-ਮੈਨ ਕਹਿੰਦੇ ਹਨ ਕਿਉਂਕਿ ਆਪਣੀਆਂ ਫ਼ਿਲਮਾਂ ‘ਚ ਜੌਨ ਜਿਸ ਤਰ੍ਹਾਂ ਦੇ ਐਕਸ਼ਨ ਸੀਨਜ਼ ਕਰਦੈ, ਉਹ ਤਾਂ ਸਿਰਫ਼ ਕੋਈ ਹੀ-ਮੈਨ ਹੀ ਕਰ ਸਕਦਾ ਹੈ। ਜੌਨ ਆਪਣੀਆਂ ਫ਼ਿਲਮਾਂ ਦੇ ਐਕਸ਼ਨ ਸੀਨਜ਼ ਖ਼ੁਦ ਕਰਨਾ ਪਸੰਦ ਕਰਦਾ ਹੈ
ਜੌਨ ਐਬਰਾਹਮ ਨੇ ਲੰਘੇ ਸ਼ੁੱਕਰਵਾਰ ਨੂੰ ਆਪਣਾ 49ਵਾਂ ਜਨਮਦਿਨ ਮਨਾਇਆ। ਉਨ੍ਹਾਂ ਦਾ ਜਨਮ 17 ਦਸੰਬਰ 1972 ਨੂੰ ਮੁੰਬਈ ‘ਚ ਹੋਇਆ ਸੀ। ਜੌਨ ਨੂੰ ਆਪਣੀ ਫ਼ਿੱਟਨੈੱਸ, ਬਾਈਕਸ ਦੇ ਕੋਲੈਕਸ਼ਨ ਅਤੇ ਪਸ਼ੂ ਪ੍ਰੇਮ ਲਈ ਜਾਣਿਆ ਜਾਂਦਾ ਹੈ। ਇਸ ਖਾਸ ਮੌਕੇ ‘ਤੇ ਮਨੋਰੰਜਨ ਇੰਡਸਟਰੀ ਦੇ ਸਾਰੇ ਸਿਤਾਰਿਆਂ ਅਤੇ ਫ਼ੈਨਜ਼ ਨੇ ਉਸ ਨੂੰ ਜਨਮਦਿਨ ‘ਤੇ ਵਧਾਈ ਦਿੱਤੀ। ਜੌਨ ਦੇ ਪਰਿਵਾਰ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਿਤਾ ਕੇਰਲਾ ਦੇ ਇੱਕ ਮਲਿਆਲੀ ਸੀਰੀਅਨ ਈਸਾਈ ਅਤੇ ਮਾਂ ਇੱਕ ਪਾਰਸੀ ਹੈ ਜੋ ਗੁਜਰਾਤ ਨਾਲ ਸਬੰਧਤ ਸਨ। ਜੌਨ ਆਪਣੀ ਮਾਂ ਦੇ ਬਹੁਤ ਕਰੀਬ ਹੈ। ਜੌਨ, ਅੰਗਰੇਜ਼ੀ, ਹਿੰਦੀ ਅਤੇ ਗੁਜਰਾਤੀ ਭਾਸ਼ਾ ਬੋਲਣ ‘ਚ ਮਾਹਰ ਹੈ।
ਫ਼ਿਲਮੀ ਕਰੀਅਰ
ਜੌਨ ਐਬਰਾਹਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮੌਡਲਿੰਗ ਨਾਲ ਕੀਤੀ ਸੀ, ਪਰ ਅੱਜ ਉਹ ਇੱਕ ਸਫ਼ਲ ਅਦਾਕਾਰ ਅਤੇ ਨਿਰਮਾਤਾ ਵਜੋਂ ਆਪਣੇ ਆਪ ਨੂੰ ਬੌਲੀਵੁਡ ‘ਚ ਸਥਾਪਿਤ ਕਰ ਚੁੱਕਾ ਹੈ। ਉਸ ਨੇ ਸਾਲ 2003 ‘ਚ ਫ਼ਿਲਮ ਜਿਸਮ ਨਾਲ ਬੌਲੀਵੁਡ ‘ਚ ਡੈਬਿਊ ਕੀਤਾ ਸੀ। ਉਸੇ ਸਾਲ (2003) ਉਸ ਦੀਆਂ ਦੋ ਹੋਰ ਫ਼ਿਲਮਾਂ ਸਾਇਆ ਅਤੇ ਪਾਪ ਵੀ ਰਿਲੀਜ਼ ਹੋਈਆਂ, ਪਰ ਉਸ ਨੂੰ ਅਸਲੀ ਪਛਾਣ ਸਾਲ 2004 ‘ਚ ਰਿਲੀਜ਼ ਹੋਈ ਫ਼ਿਲਮ ਧੂਮ ਤੋਂ ਮਿਲੀ। ਉਸ ਤੋਂ ਬਾਅਦ ਉਸ ਨੇ ਵੱਡੇ ਪਰਦੇ ‘ਤੇ ਕਾਫ਼ੀ ਧੂਮ ਮਚਾਈ। ਜੌਨ ਨੇ ਸਾਲ 2012 ‘ਚ ਫ਼ਿਲਮ ਨਿਰਮਾਣ ਦੇ ਖੇਤਰ ‘ਚ ਕਦਮ ਰੱਖਿਆ। ਉਸ ਦੀ ਪਹਿਲੀ ਪ੍ਰੋਡਕਸ਼ਨ ਫ਼ਿਲਮ ਵਿੱਕੀ ਡੋਨਰ ਸੀ। ਇਸ ਫ਼ਿਲਮ ਨੇ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ ਸੀ। ਉਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ। ਹਾਲ ਹੀ ‘ਚ ਉਸ ਦੀ ਫ਼ਿਲਮ ਸਤਿਆਮੇਵ ਜਯਤੇ 2 ਰਿਲੀਜ਼ ਹੋਈ ਸੀ। ਇਸ ਫ਼ਿਲਮ ‘ਚ ਉਸ ਦੇ ਐਕਸ਼ਨ ਨੂੰ ਦੇਖ ਕੇ ਪ੍ਰਸ਼ੰਸਕ ਉਸ ਨੂੰ ਦੇਸੀ ਹਲਕ ਕਹਿ ਕੇ ਬੁਲਾਉਾਂਦੇ ਹਨ।
ਮਨਪਸੰਦ ਖੇਡ
ਜੌਨ ਨੂੰ ਫ਼ੁੱਟਬਾਲ ਨਾਲ ਬੇਹੱਦ ਪਿਆਰ ਹੈ। ਇਹੀ ਕਾਰਨ ਹੈ ਕਿ ਉਸ ਨੇ ਫ਼ੁੱਟਬਾਲ ‘ਤੇ ਆਧਾਰਿਤ ਇੱਕ ਫ਼ਿਲਮ ਗੋਲ ਵੀ ਬਣਾਈ ਸੀ ਜਿਸ ‘ਚ ਉਸ ਨਾਲ ਮੁੱਖ ਭੂਮਿਕਾ ‘ਚ ਬਿਪਾਸ਼ਾ ਬਾਸੂ ਨਜ਼ਰ ਆਈ ਸੀ। ਜੌਨ ਇੱਕ ਚੰਗਾ ਅਭਿਨੇਤਾ ਹੈ, ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਜੌਨ ਇੱਕ ਸਮੇਂ ‘ਚ ਬਹੁਤ ਵਧੀਆ ਫ਼ੁੱਟਬਾਲਰ ਰਹਿ ਚੁੱਕੈ। ਜੌਨ ਆਪਣੀ ਕਾਲਜ ਦੀ ਫ਼ੁੱਟਬਾਲ ਟੀਮ ਦਾ ਕਪਤਾਨ ਸੀ। ਜੌਨ ਨੇ ਮਾਸਟਰ ਜਾਵੇਦ ਖ਼ਾਨ ਤੋਂ ਤਾਈਕਵਾਂਡੋ ਵੀ ਸਿੱਖਿਆ ਹੈ। ਜੌਨ ਨੇ ਹਰ ਜਗ੍ਹਾ ਆਪਣਾ 100 ਫ਼ੀਸਦੀ ਦਿੱਤਾ ਹੈ।
ਲਵ ਸਟੋਰੀ
ਇੱਕ ਸਮੇਂ ਜੌਨ ਅਤੇ ਬਿਪਾਸ਼ਾ ਇੱਕ-ਦੂਜੇ ਨਾਲ ਰਿਲੇਸ਼ਨ ‘ਚ ਸਨ, ਪਰ ਇੱਥੇ ਅਸੀਂ ਗੱਲ ਕਰ ਰਹੇ ਹਾਂ ਜੌਨ ਅਤੇ ਉਸ ਦੀ ਪਤਨੀ ਪ੍ਰਿਆ ਰੂੰਚਾਲ ਦੀ। ਆਖਿਰ ਦੋਹਾਂ ਵਿਚਕਾਰ ਪਹਿਲੀ ਮੁਲਾਕਾਤ ਕਿਵੇਂ ਹੋਈ? ਖ਼ਬਰਾਂ ਮੁਤਾਬਿਕ, ਜਦੋਂ ਜੌਨ ਅਤੇ ਬਿਪਾਸ਼ਾ ਬਾਂਦਰਾ ਦੇ ਇੱਕ ਜਿਮ ‘ਚ ਇਕੱਠੇ ਵਰਕਆਊਟ ਕਰਦੇ ਸਨ ਤਾਂ ਪ੍ਰਿਆ ਵੀ ਉਸੇ ਜਿਮ ‘ਚ ਵਰਕਆਊਟ ਕਰਦੀ ਸੀ। ਦੋਵੇਂ ਸਿਰਫ਼ ਇੱਕ-ਦੂਜੇ ਨੂੰ ਜਾਣਦੇ ਸਨ ਪਰ ਉਨ੍ਹਾਂ ਵਿਚਕਾਰ ਹੋਰ ਕੁੱਝ ਨਹੀਂ ਸੀ। ਹੌਲੀ-ਹੌਲੀ ਜੌਨ ਅਤੇ ਪ੍ਰਿਆ ਵਿਚਕਾਰ ਨੇੜਤਾ ਵਧਦੀ ਜਾ ਰਹੀ ਸੀ। ਉਸ ਤੋਂ ਬਾਅਦ ਜੌਨ ਨੇ ਦਸੰਬਰ 2013 ‘ਚ ਪ੍ਰਿਆ ਰੂੰਚਾਲ ਨਾਲ ਵਿਆਹ ਕਰਵਾ ਲਿਆ, ਪਰ ਉਸ ਨੇ 2014 ‘ਚ ਟਵਿਟਰ ਰਾਹੀਂ ਅਧਿਕਾਰਕਿ ਤੌਰ ‘ਤੇ ਇਸ ਦੀ ਪੁਸ਼ਟੀ ਕੀਤੀ ਸੀ।
ਬੌਲੀਵੁਡ ਦਾ ਸਭ ਤੋਂ ਵੱਡਾ ਬਾਈਕ ਲਵਰ
ਨੌਜਵਾਨਾਂ ‘ਚ ਜੌਨ ਐਬਰਾਹਮ ਆਪਣੇ ਬਾਈਕਸ ਦੇ ਕੋਲੈਕਸ਼ਨ ਲਈ ਮਸ਼ਹੂਰ ਹੈ। ਉਨ੍ਹਾਂ ਕੋਲ 17 ਬਾਈਕਸ ਹਨ। ਜਿਨ੍ਹਾਂ ਦੀ ਸਫ਼ਾਈ ਉਹ ਖ਼ੁਦ ਕਰਦੈ। ਜੌਨ ਨੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਹ ਆਪਣੀਆਂ ਬਾਈਕਸ ਦਾ ਇੱਕ-ਇੱਕ ਟਾਇਰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਦਾ ਹੈ। ਬਾਈਕਸ ਅਤੇ ਬਾਈਕਸ ਕੋਲੈਕਸ਼ਨ ਹਮੇਸ਼ਾ ਤੋਂ ਉਸ ਦਾ ਸ਼ੌਕ ਰਹੇ ਹਨ। ਜਦੋਂ ਵੀ ਉਹ ਸ਼ੂਟਿੰਗ ਤੋਂ ਥੋੜ੍ਹਾ ਫ਼ਰੀ ਹੁੰਦੈ ਤਾਂ ਫ਼ੁਰਸਤ ਦੇ ਸਮੇਂ ਆਪਣੀ ਬਾਈਕ ‘ਤੇ ਸਵਾਰੀ ਜ਼ਰੂਰ ਕਰਦਾ ਹੈ। ਜੌਨ ਐਬਰਾਹਮ ਕੋਲ ਬਾਈਕਸ ਦੀ ਇੱਕ ਬਹੁਤ ਵੱਡੀ ਕੋਲੈਕਸ਼ਨ ਹੈ। ਉਸ ਕੋਲ ਬਹੁਤ ਮਹਿੰਗੀਆਂ ਬਾਈਕਸ ਹਨ।
ਜਾਨਵਰਾਂ ਨਾਲ ਹੈ ਬੇਹੱਦ ਪਿਆਰ
ਸਭ ਨੂੰ ਪਤਾ ਹੈ ਕਿ ਜੌਨ ਐਬਰਾਹਮ ਦੁਨੀਆਂ ਦੇ ਸਭ ਤੋਂ ਵੱਡੇ ਜਾਨਵਰ ਪ੍ਰੇਮੀਆਂ ‘ਚੋਂ ਇੱਕ ਹੈ। ਉਸ ਨੇ ਹੁਣ ਤਕ ਸੈਂਕੜੇ ਜਾਨਵਰਾਂ ਨੂੰ ਰੈਸਕਿਊ ਕੀਤਾ ਯਾਨੀਕਿ ਬਚਾਇਆ ਹੈ। ਇਹੀ ਨਹੀਂ ਉਹ ਜਾਨਵਰਾਂ ਖ਼ਿਲਾਫ਼ ਹੋਣ ਵਾਲੀ ਕਰੂਰਤਾ ਦੇ ਮੁੱਦੇ ‘ਤੇ ਵੀ ਖੁੱਲ੍ਹ ਕੇ ਬੋਲਦਾ ਹੈ। ਹਿਮਾਚਲ ਦੇ ਕਲੂਟੇ ‘ਚ ਉਸ ਦੀ ਕਈ ਏਕੜ ਜ਼ਮੀਨ ‘ਚ ਫ਼ੈਲੀ ਇੱਕ ਸੰਸਥਾ ਹੈ। ਇੱਥੇ ਰੈਸਕਿਊ ਕੀਤੇ ਜਾਨਵਰਾਂ ਨੂੰ ਪਿਆਰ ਨਾਲ ਰੱਖਿਆ ਜਾਂਦਾ ਹੈ, ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾਂਦੀ ਹੈ। ਜੌਨ ਨੂੰ ਖ਼ਾਸ ਕਰ ਕੇ ਕੁੱਤਿਆਂ ਨਾਲ ਬੇਹੱਦ ਪਿਆਰ ਹੈ। ਉਹ ਹਮੇਸ਼ਾ ਇਸ ਗੱਲ ‘ਤੇ ਜ਼ੋਰ ਦਿੰਦੈ ਅਤੇ ਇਸ ਦਾ ਪ੍ਰਚਾਰ ਕਰਦੈ ਕਿ ਜੇਕਰ ਹਰ ਕੋਈ ਇੱਕ ਜਾਂ ਦੋ ਬੇਸਹਾਰਾ ਅਤੇ ਬੇਘਰ ਕੁੱਤਿਆਂ ਨੂੰ ਗੋਦ ਲੈ ਲਵੇ ਤਾਂ ਸੜਕਾਂ ‘ਤੇ ਕੋਈ ਕੁੱਤਾ ਨਹੀਂ ਰੁਲੇਗਾ।