ਅਕਸਰ, ਜਦੋਂ ਲੋਕ ਬਹਿਸਦੇ ਨੇ, ਉਸ ਦੀ ਵਜ੍ਹਾ ਦਰਅਸਲ ਇਹ ਹੁੰਦੀ ਹੈ ਕਿ ਉਹ ਇੱਕ-ਦੂਜੇ ਨਾਲ ਸਹਿਮਤ ਹੁੰਦੇ ਨੇ। ਉਹ ਰੱਖਿਆਤਮਕ ਹੋਣ ਦੀ ਲੋੜ ਮਹਿਸੂਸ ਕਰ ਸਕਦੇ ਨੇ ਕਿਉਂਕਿ ਉਹ ਕਿਸੇ ਰਿਸ਼ਤੇ ‘ਚ ਅਸੁਰੱਖਿਅਤ ਹਨ, ਅਤੇ ਚਿੰਤਤ ਹਨ ਕਿ ਜੇਕਰ ਉਨ੍ਹਾਂ ਨੇ ਛੇਤੀ ਹੀ ਖੜ੍ਹੇ ਹੋਣ ਅਤੇ ਲੜਨ ਲਈ ਕੋਈ ਠੋਸ ਜ਼ਮੀਨ ਨਾ ਲੱਭੀ ਤਾਂ ਉਹ ਚੂਰ-ਚੂਰ ਹੋ ਜਾਣਗੇ। ਜਾਂ, ਸ਼ਾਇਦ, ਉਹ ਇੱਕ ਅਜਿਹਾ ਪ੍ਰਭਾਵਸ਼ਾਲੀ ਤਨਾਅ ਸਿਰਜਣਾ ਚਾਹੁੰਦੇ ਹਨ ਜਿਹੜਾ ਅਕਸਰ ਬਿਜਲਈ ਆਕਰਸ਼ਣ ਪੈਦਾ ਕਰਦੈ। ਤੁਸੀਂ ਇਸ ਬਾਰੇ ਤਾਂ ਕੁਝ ਵੀ ਪੱਕੀ ਤਰ੍ਹਾਂ ਨਹੀਂ ਕਹਿ ਸਕਦੇ ਕਿ ਤੁਹਾਨੂੰ ਕਿਸੇ ਖ਼ਾਸ ਵਿਅਕਤੀ ਨਾਲ ਨਿਰਬਾਹ ਕਰਨ ‘ਚ ਮੁਸ਼ਕਿਲ ਕਿਉਂ ਪੇਸ਼ ਅ ਰਹੀ ਹੈ, ਪਰ ਤੁਹਾਨੂੰ ਪਤੈ ਕਿ ਤੁਸੀ ਸ਼ਾਂਤੀ ਅਤੇ ਆਪਸੀ ਸਮਝ ਕਾਇਮ ਕਰਨ ਦੇ ਤਲਬਗ਼ਾਰ ਹੋ। ਸਾਊ ਅਤੇ ਸੰਤੋਖੀ ਬਣੋ, ਅਤੇ ਅਜਿਹਾ ਕਰਨਾ ਮੁਮਕਿਨ ਹੈ।

ਨਾਇਕ ਕੌਣ ਹਨ? ਖ਼ਲਨਾਇਕ ਕੌਣ ਨੇ? ਕੀ ਬਿਲਕੁਲ ਨਿਸ਼ਚਿਤ ਹੋ ਕਿ ਤੁਸੀਂ ਉਨ੍ਹਾਂ ਦੋਹਾਂ ਦਰਮਿਆਨ ਫ਼ਰਕ ਦੱਸ ਸਕਦੇ ਹੋ? ਤੁਸੀਂ ਇਸ ਵਕਤ ਆਪਣੇ ਕਿਸੇ ਅਜਿਹੇ ਫ਼ੈਸਲੇ ਨੂੰ ਜਾਇਜ਼ ਠਹਿਰਾਉਣ ਦੇ ਕਾਰਨ ਤਲਾਸ਼ ਰਹੇ ਹੋ ਜਿਹੜਾ ਤੁਸੀਂ ਭਾਵਨਾਤਮਕ ਪੱਧਰ ‘ਤੇ ਹੁਣ ਤੋਂ ਕੁਝ ਸਮਾਂ ਪਹਿਲਾਂ ਲਿਆ ਸੀ। ਇਹ ਕਹਿਣ ਦੀ ਬਜਾਏ, ”ਮੈਂ ਇਹ ਕਰਨਾ ਚਾਹੁੰਦਾਂ।” ਤੁਹਾਨੂੰ ਕਹਿਣਾ ਪੈ ਰਿਹੈ, ”ਮੇਰੇ ਤੋਂ ਇਹ ਕਰਵਾਇਆ ਜਾ ਰਿਹੈ।” ਪਰ ਕੋਈ ਵੀ ਤੁਹਾਡੇ ਤੋਂ ਕੁਝ ਵੀ ਨਹੀਂ ਕਰਵਾ ਸਕਦਾ। ਤੁਹਾਡੇ ਕੋਲ ਇਹ ਚੁਣਨ ਦੀ ਤਾਕਤ ਹੈ ਕਿ ਅੰਤ ਨੂੰ ਇਹ ਨਾਟਕ ਕਿਸ ਤਰ੍ਹਾਂ ਖੇਡਿਆ ਜਾਵੇ। ਕਿਸੇ ਵੱਲ ਦੇਖ ਕੇ ਉਨ੍ਹਾਂ ‘ਚ ਖ਼ਲਨਾਇਕ ਨਾ ਭਾਲੋ, ਖ਼ੁਦ ਵੱਲ ਦੇਖੋ ਅਤੇ ਆਪਣੇ ਵਿੱਚ ਇੱਕ ਨਾਇਕ ਤਲਾਸ਼ ਕਰੋ। ਅਤੇ ਫ਼ਿਰ, ਉਹ ਬਣਨ ਦੀ ਕੋਸ਼ਿਸ਼ ਕਰੋ!

ਜੇਕਰ ਤੁਹਾਡੀ ਭਾਵਨਾਤਮਕ ਜ਼ਿੰਦਗੀ ਓਨੀ ਜ਼ਿਆਦਾ ਫ਼ਲਦਾਇਕ ਨਹੀਂ ਜਿੰਨੀ ਤੁਸੀਂ ਤਮੰਨਾ ਕੀਤੀ ਸੀ ਤਾਂ ਇਸ ਗੱਲ ਦਾ ਧਿਆਨ ਰੱਖਿਓ ਕਿ ਤੁਹਾਡੇ ਕੋਲ ਉਸ ਨੂੰ ਬਦਲਣ ਦੀ ਸ਼ਕਤੀ ਵੀ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕੋਈ ਦੂਸਰਾ ਕੀ ਕਹਿੰਦਾ ਜਾਂ ਕਰਦਾ ਹੈ (ਜਾਂ ਨਹੀਂ ਕਰਦਾ)। ਤੁਹਾਡੀ ਖ਼ੁਸ਼ੀ ਨੂੰ ਕਿਸੇ ਹੋਰ ਵਿਅਕਤੀ ਦੇ ਰਵੱਈਏ ‘ਤੇ ਨਿਰਭਰ ਹੋਣ ਦੀ ਲੋੜ ਨਹੀਂ। ਪਰ ਜਿਸ ਪਲ ਤੁਸੀਂ ਇਹ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਬੇਵੱਸ ਹੋ, ਤੁਸੀਂ ਉਹੀ ਬਣ ਜਾਓਗੇ। ਆਪਣੇ ਧੁਰ ਅੰਦਰ ਛੁਪੀ ਹੋਈ ਸ਼ਕਤੀ ਅਤੇ ਨਿਸ਼ਚਿਤਤਾ ਤਕ ਪਹੁੰਚ ਕਰੋ ਅਤੇ ਉਸ ਈਂਧਨ ਦਾ ਇਸਤੇਮਾਲ ਆਪਣੇ ਅੰਦਰ ਗਰਮਜੋਸ਼ੀ, ਫ਼ਰਾਖ਼ਦਿਲੀ, ਵਿਸ਼ਵਾਸ ਅਤੇ ਆਕਰਸ਼ਣ ਦਾ ਭਾਂਬੜ ਮਚਾਉਣ ਲਈ ਕਰੋ। ਤੁਸੀਂ ਇਹ ਦੇਖ ਕੇ ਹੈਰਾਨ ਹੋਵੋਗੇ ਕਿ ਅਜਿਹਾ ਕਰ ਕੇ ਤੁਸੀਂ ਆਪਣੇ ਲਈ ਕਿੰਨੀ ਸਹਾਇਤਾ ਅਤੇ ਹਮਾਇਤ ਅਰਜਿਤ ਕਰਦੇ ਹੋ।

ਤੁਹਾਨੂੰ ਕਦੇ ਵੀ ਇਹ ਕਿਵੇਂ ਪਤਾ ਲੱਗ ਸਕਦੈ ਕਿ ਕੋਈ ਦੂਸਰਾ ਵਿਅਕਤੀ ਤੁਹਾਡੇ ਬਾਰੇ ਸੱਚਮੁੱਚ ਕੀ ਸੋਚਦਾ ਹੈ? ਆਪਣੇ ਸਭ ਤੋਂ ਪਿਆਰੇ ਸਾਥੀ ਨਾਲ ਰਹਿੰਦਿਆਂ ਵੀ, ਤੁਸੀਂ ਕੇਵਲ ਇਹ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਹੀ ਕਰ ਸਕਦੇ ਹੋ ਕਿ ਉਨ੍ਹਾਂ ਦੇ ਮਨ ‘ਚ ਕੀ ਚੱਲ ਰਿਹਾ ਹੋ ਸਕਦੈ। ਤੁਹਾਡੇ ਦੋਹਾਂ ਦਰਮਿਆਨ ਕਿੰਨੀ ਵੀ ਸਾਂਝੀਵਾਲਤਾ ਕਿਉਂ ਨਾ ਹੋਵੇ, ਤੁਸੀਂ ਉਨ੍ਹਾਂ ਦੇ ਮਨ ਅੰਦਰਲੇ ਹਰ ਵਿਚਾਰ ਨੂੰ ਸੁਣ ਅਤੇ ਸਮਝ ਨਹੀਂ ਸਕਦੇ, ਅਤੇ ਨਾ ਹੀ ਉਹ ਤੁਹਾਡੇ ਦਿਲ ਅੰਦਰਲੀ ਹਰ ਗੱਲ ਨੂੰ। ਕੀ ਇਹ ਅਸੁਰੱਖਿਅਤ ਮਹਿਸੂਸ ਕਰਨ ਦਾ ਕਾਰਨ ਹੈ? ਨਹੀਂ। ਇਹ ਵਿਸ਼ਵਾਸ ਕਰਨ ਅਤੇ ਵਧੇਰੇ ਨਿਸ਼ਠਾ ਪ੍ਰਦਰਸ਼ਿਤ ਕਰਨ ਦਾ ਸਭ ਤੋਂ ਪੁਖ਼ਤਾ ਕਾਰਨ ਹੈ। ਆਪਣੇ ਇੱਕ ਖ਼ਾਸ ਰਿਸ਼ਤੇ ਬਾਰੇ ਤੁਹਾਨੂੰ ਕੋਈ ਸ਼ੈਅ ਚਿੰਤਤ ਕਰ ਰਹੀ ਹੈ। ਪਰ ਸੰਭਵ ਹੈ, ਚਿੰਤਾ ਦਾ ਮੁੱਦਾ ਕੇਵਲ ਚਿੰਤਤ ਹੋਣ ਦਾ ਤੁਹਾਡਾ ਆਪਣਾ ਰੁਝਾਨ ਹੋਵੇ।

ਇੰਝ ਬਿਲਕੁਲ ਵੀ ਨਹੀਂ ਲੱਗਦਾ ਕਿ ਬੀਤਦੇ ਸਮੇਂ ਨਾਲ ਤੁਸੀਂ ਬੁੱਢੇ ਹੋ ਰਹੇ ਹੋਵੋ, ਅਤੇ ਨਾ ਹੀ ਇਸ ਤਰ੍ਹਾਂ ਮਹਿਸੂਸ ਕਰਨ ਦਾ ਤੁਹਾਡੇ ਕੋਲ ਕੋਈ ਕਾਰਨ ਹੈ। ਜਦੋਂ ਚਿੰਤਾਵਾਂ ਅਤੇ ਸੋਚਾਂ ਸਾਨੂੰ ਦਬਾ ਲੈਂਦੀਆਂ ਹਨ, ਅਸੀਂ ਇਹ ਨੋਟਿਸ ਕਰਨਾ ਭੁੱਲ ਜਾਂਦੇ ਹਾਂ ਕਿ ਸਾਡਾ ਇਹ ਸੰਸਾਰ ਕਿੰਨਾ ਸ਼ਾਨਦਾਰ ਹੈ । ਜਦੋਂ ਅਸੀਂ ਦੂਸਰੇ ਲੋਕਾਂ ਨੂੰ ਮਿਲਦੇ ਹਾਂ, ਬਜਾਏ ਇਸ ਦੇ ਕਿ ਅਸੀਂ ਇਸ ਗੱਲ ਦੀ ਸਰਾਹਨਾ ਕਰੀਏ ਕਿ ਉਹ ਸਾਡੇ ਲਈ ਖ਼ਾਸ ਅਤੇ ਪਿਆਰੇ ਕਿਉਂ ਹਨ, ਅਸੀਂ ਇਸ ਗੱਲ ਪ੍ਰਤੀ ਜਾਗਰੂਕ ਹੋ ਜਾਂਦੇ ਹਾਂ ਕਿ ਉਨ੍ਹਾਂ ਦੇ ਵਿਚਾਰ ਅਤੇ ਰਵੱਈਏ ਸਾਡੇ ਤੋਂ ਕਿੰਨੇ ਵੱਖਰੇ ਨੇ। ਜੇਕਰ ਇਸ ਵਕਤ ਕਿਸੇ ਰਿਸ਼ਤੇ ‘ਚ ਵਿਵਾਦ ਹੈ, ਜਾਂ ਜੇ ਤੁਹਾਡੀ ਇੱਛਾ ਕੇਵਲ ਕਿਸੇ ਦੇ ਹੋਰ ਨੇੜੇ ਹੋਣ ਦੀ ਹੈ, ਤੁਹਾਨੂੰ ਕੇਵਲ ਇੱਕ ਚੀਜ਼ ਹੀ ਕਰਨ ਦੀ ਲੋੜ ਹੈ। ਆਪਣੇ ਦਿਲ ਅੰਦਰ ਥੋੜ੍ਹੀ ਹੋਰ ਉਮੀਦ ਨੂੰ ਜਗ੍ਹਾ ਦੇਣ ਦੀ!