ਨਵਜੋਤ ਸਿੱਧੂ ’ਤੇ ਭਗਵੰਤ ਮਾਨ ਦਾ ਵੱਡਾ ਬਿਆਨ, ਜਾਣੋ ਕੀ ਬੋਲੇ

ਸੰਗਰੂਰ : ਸੰਗਰੂਰ ਪਹੁੰਚੇ ਭਗਵੰਤ ਮਾਨ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਸ਼ਬਦੀ ਹਮਲਾ ਬੋਲਿਆ ਹੈ। ਕੇਜਰੀਵਾਲ ਵਲੋਂ ਪੰਜਾਬ ਵਿਚ ਬੀਬੀਆਂ ਨੂੰ ਇਕ ਹਜ਼ਾਰ ਰੁਪਏ ਦੇਣ ਦੇ ਐਲਾਨ ’ਤੇ ਸਿੱਧੂ ਵਲੋਂ ਚੁੱਕੇ ਸਵਾਲਾਂ ’ਤੇ ਮਾਨ ਨੇ ਕਿਹਾ ਕਿ ਸਿੱਧੂ ਸਾਬ੍ਹ ਖੁਦ ਤਾਂ ਕਰੋੜ ਪਤੀ ਹਨ ਪਰ ਪੰਜਾਬ ਵਿਚ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜਿਨ੍ਹਾਂ ਲਈ ਇਕ ਹਜ਼ਾਰ ਰੁਪਿਆ ਬਹੁਤ ਮਾਇਨੇ ਰੱਖਦਾ ਹੈ। ਉਨ੍ਹਾਂ ਕਿਹਾ ਕਿ ਗਰੀਬਾਂ ਦੇ ਚੁੱਲ੍ਹਿਆ ਦੀ ਅੱਗ ਦੀ ਕੀਮਤ ਉਹੀ ਜਾਣ ਸਕਦਾ ਹੈ, ਜਿਹੜਾ ਗਰੀਬਾਂ ਵਿਚ ਰਿਹਾ ਹੈ। ਇਸ ਦੌਰਾਨ ਮਾਨਸਾ ਵਿਚ ਅਧਿਆਪਕਾਂ ’ਤੇ ਹੋਏ ਲਾਠੀਚਾਰਜ ’ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਹੈ ਕਿ ਅਜਿਹੇ ਡੀ. ਐੱਸ. ਪੀ. ਨੂੰ ਸਰਕਾਰ ਵਲੋਂ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਜਾਂਚ ਦੀ ਲੋੜ ਨਹੀਂ ਹੈ ਜਿਹੜੀ ਵੀਡੀਓ ਸਾਹਮਣੇ ਆਈ ਹੈ, ਇਸ ਤੋਂ ਸਭ ਸਾਫ ਹੋ ਗਿਆ ਹੈ। ਅਜਿਹਾ ਡੀ. ਐੱਸ. ਪੀ. ਮੁੱਖ ਮੰਤਰੀ ਲਈ ਵੀ ਖ਼ਤਰਨਾਕ ਹੈ। ਮਾਨ ਸੰਗਰੂਰ ’ਚ ਦਿਵਿਆਂਗ ਵਿਅਕਤੀਆਂ ਨੂੰ ਟਰਾਈ ਸਾਈਕਲ ਦੇਣ ਲਈ ਰੱਖੇ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਪਹੁੰਚੇ ਹੋਏ ਸਨ। ਮਾਨ ਨੇ ਕਿਹਾ ਕਿ ਅਜਿਹੀ ਸੁਰੱਖਿਆ ਮੁੱਖ ਮੰਤਰੀ ਲਈ ਵੀ ਖਤਰਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਦਾ ਦਿਮਾਗੀ ਸੰਤੁਲਨ ਵਿਗੜ ਗਿਆ ਲੱਗਦਾ ਹੈ। ਲਿਹਾਜ਼ਾ ਇਸ ਨੂੰ ਤੁਰੰਤ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ।
ਕਿਸਾਨਾਂ ਦੀ ਜਿੱਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਲੰਬੀ ਲੜਾਈ ਤੋਂ ਬਾਅਦ ਜਿੱਤ ਹਾਸਲ ਕੀਤੀ ਹੈ, ਜਿਸ ਲਈ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਲੜਾਈ ਵਿਚ ਕਿਸੇ ਪਾਰਟੀ ਦਾ ਯੋਗਦਾਨ ਨਹੀਂ ਸੀ, ਇਸ ਲਈ ਸਿਰਫ ਕਿਸਾਨ ਹੀ ਵਧਾਈ ਦੇ ਹੱਕਦਾਰ ਹਨ। ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਸਿਰਫ ਐਲਾਨ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਕੁੱਝ ਹੋਰ ਹੀ ਹੈ।