ਇਕਜੁਟ ਹੋ ਕੇ ਵੋਟ ਪਾਈ ਤਾਂ ਅਗਲਾ ਉੱਪ ਮੁੱਖ ਮੰਤਰੀ ਮੁਸਲਮਾਨ ਹੋਵੇਗਾ : ਓਵੈਸੀ

ਕਾਨਪੁਰ – ਆਲ ਇੰਡੀਆ ਮਜਲਿਸ ਏ ਇੱਤੇਹਾਦੁਲ ਮੁਸਲਮੀਨ (ਏ.ਆਈ.ਐੱਮ.ਆਈ.ਐੱਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਉੱਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਣਨ ਵਾਲੀ ਸਰਕਾਰ ਵਿਚ ਕਿਸੇ ਮੁਸਲਮਾਨ ਨੂੰ ਉੱਪ ਮੁੱਖ ਮੰਤਰੀ ਬਣਾਏ ਜਾਣ ਦਾ ਦਾਅਵਾ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਇਸ ਸੂਬੇ ਦੀਆਂ 100 ਸੀਟਾਂ ’ਤੇ ਉਨ੍ਹਾਂ ਦੀ ਪਾਰਟੀ ਦੇ ਚੋਣ ਲੜਨ ਦਾ ਮਕਸਦ ਮੁਸਲਮਾਨਾਂ ਨੂੰ ਸੱਤਾ ਵਿਚ ਉਨ੍ਹਾਂ ਦਾ ਹੱਕ ਦਿਵਾਉਣਾ ਹੈ।
ਓਵੈਸੀ ਨੇ ਕਾਨਪੁਰ ਦੀ ਜੀ.ਆਈ.ਸੀ. ਗਰਾਊਂਡ ਵਿਚ ਏ.ਆਈ.ਐੱਮ.ਆਈ.ਐੱਮ. ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉੱਤਰ ਪ੍ਰਦੇਸ਼ ਦੇ 19 ਫੀਸਦੀ ਮੁਸਲਮਾਨ ਵੋਟਰ ਇਸ ਵਾਰ ਜੇਕਰ ਇਕਜੁਟ ਹੋ ਕੇ ਵੋਟ ਪਾਉਣ ਤਾਂ ਸੂਬੇ ਵਿਚ ਅਗਲਾ ਉੱਪ ਮੁੱਖ ਮੰਤਰੀ ਮੁਸਲਮਾਨ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਮੁਸਲਮਾਨਾਂ ਨੂੰ ਹੁਣ ਕਿਸੇ ਸਿਆਸੀ ਜਮਾਤ ਦਾ ਵੋਟਬੈਂਕ ਬਣਨ ਦੀ ਬਜਾਏ ਸੂਬੇ ’ਚ ਆਪਣੀ ਕੌਮ ਦੀ ਲੀਡਰਸ਼ਿਪ ਤਿਆਰ ਕਰਨ ਦਾ ਸਮਾਂ ਆ ਗਿਆ ਹੈ। ਉੱਥੇ ਹੀ ਓਵੈਸੀ ਦੀ ਮੁੰਬਈ ’ਚ ਇਕ ਦਿਨ ਪਹਿਲਾਂ ਆਯੋਜਿਤ ਰੈਲੀ ਦੇ ਆਯੋਜਕਾਂ ’ਤੇ ਮੁੰਬਈ ਪੁਲਸ ਨੇ ਕੋਰੋਨਾ ਨਿਯਮਾਂ ਦੀ ਉਲੰਘਣਾ ਅਤੇ ਸੀ.ਆਰ.ਪੀ.ਸੀ. ਦੀ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਸ਼ਿਕਾਇਤ ਦਰਜ ਕੀਤੀ ਹੈ।