‘ਆਪ’ ਨੇ ਸਵੀਕਾਰ ਕੀਤੀ ਸਿਹਤ ਮੰਤਰੀ ਓ. ਪੀ. ਸੋਨੀ ਦੀ ਚੁਣੌਤੀ, ਬਹਿਸ ਲਈ ਪਸੰਦ ਦੀ ਤਾਰੀਖ਼ ਚੁਣਨ ਨੂੰ ਕਿਹਾ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਤੇ ਵਿਧਾਇਕ ਅਮਨ ਅਰੋੜਾ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਅਤੇ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਓ. ਪੀ. ਸੋਨੀ ਨੂੰ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਵਿਚਾਰ-ਚਰਚਾ (ਡਿਬੇਟ) ਲਈ ਮੰਤਰੀ ਸਾਹਿਬ ਆਪਣੀ ਪਸੰਦ ਦੀ ਜਗ੍ਹਾ, ਤਾਰੀਖ਼ ਅਤੇ ਚੈਨਲ ਚੁਣ ਕੇ ਦੱਸ ਦੇਣ। ਜ਼ਿਕਰਯੋਗ ਹੈ ਕਿ ਕਾਂਗਰਸੀ ਮੰਤਰੀ ਓ. ਪੀ. ਸੋਨੀ ਨੇ ਆਪਣੇ ਸਾਥੀ ਮੰਤਰੀ ਪਰਗਟ ਸਿੰਘ ਦੇ ਰਾਹ ’ਤੇ ਚੱਲ ਰਹੇ ਹਨ ਅਤੇ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਪੰਜਾਬ ਅਤੇ ਦਿੱਲੀ ਦੀ ਸਿਹਤ ਪ੍ਰਣਾਲੀ ’ਤੇ ਬਹਿਸ ਲਈ ਚੁਣੌਤੀ ਦਿੱਤੀ ਹੈ, ਤਾਂ ਜੋ ਪਤਾ ਲੱਗ ਸਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ’ਚ ਸਿਹਤ ਸੇਵਾਵਾਂ ’ਚ ਕੀ ਸੁਧਾਰ ਕੀਤੇ ਹਨ।
ਅਮਨ ਅਰੋੜਾ ਨੇ ਸਿਹਤ ਮੰਤਰੀ ਓ. ਪੀ. ਸੋਨੀ ’ਤੇ ਅੰਕੜਿਆਂ ਨੂੰ ਗੁੰਮਰਾਹ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਾਲੂਮ ਹੁੰਦਾ ਕਿ ਪੰਜਾਬ ਦੇ ਸਿਹਤ ਮੰਤਰੀ ਓ. ਪੀ. ਸੋਨੀ ਨੇ ‘ਇੰਟਰਵਿਊ’ ਦੌਰਾਨ ਪੰਜਾਬ ਅਤੇ ਦਿੱਲੀ ਦੀ ਸਿਹਤ ਪ੍ਰਣਾਲੀ ਅਤੇ ਇਲਾਜ ਵਿਵਸਥਾ ਦੀ ਤੁਲਨਾ ਕੀਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਪੰਜਾਬ ਹਰ ਮਾਮਲੇ ਵਿੱਚ ਦਿੱਲੀ ਤੋਂ ਅੱਗੇ ਹੈ। ਮੰਤਰੀ ਦੇ ਇਸ ਦਾਅਵੇ ਤੋਂ ਪਤਾ ਲੱਗਦਾ ਹੈ ਕਿ ਉਹ ਸਿਹਤ ਵਿਵਸਥਾ ਦੇ ਮਾਮਲੇ ’ਚ ਦਿੱਲੀ ਸਰਕਾਰ ਨੂੰ ਚੁਣੌਤੀ ਦਿੰਦੇ ਹਨ। ਮੰਤਰੀ ਵੱਲੋਂ ਪੇਸ਼ ਕੀਤੇ ਅੰਕੜਿਆਂ ਬਾਰੇ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੀ ਸਿਹਤ ਸੇਵਾਵਾਂ ਤੁਲਨਾ ਕਰਨ ਦੀ ਛੇਤੀ ’ਚ ਸਿਹਤ ਮੰਤਰੀ ਓ. ਪੀ. ਸੋਨੀ ਇਹ ਭੁੱਲ ਗਏ ਕਿ ਪੰਜਾਬ ਦੀ ਸਿਹਤ ਵਿਵਸਥਾ ਰਾਸ਼ਟਰੀ ਪੱਧਰ ’ਤੇ ਨਿਰਧਾਰਿਤ ਮਾਪਦੰਡਾਂ ਅਤੇ ਡਬਲਿਊ. ਐੱਚ. ਓ. ਦੇ ਮਿਆਰਾਂ ’ਤੇ ਖ਼ਰੀ ਨਹੀਂ ਉਤਰਦੀ।
ਪੰਜਾਬ ਦੇ ਪਿੰਡਾਂ ਦੇ ਰਾਸ਼ਟਰੀ ਸਿਹਤ ਨਿਯਮਾਂ ਅਨੁਸਾਰ 700 ਤੋਂ ਵੱਧ ਪ੍ਰਾਇਮਰੀ ਸਿਹਤ ਕੇਂਦਰ ਹੋਣੇ ਚਾਹੀਦੇ ਹਨ ਪਰ ਇਨ੍ਹਾਂ ਦੀ ਗਿਣਤੀ ਸਿਰਫ 416 ਹੈ। ਇਸੇ ਤਰ੍ਹਾਂ ਪਿੰਡਾਂ ਦੇ ਖੇਤਰ ਵਿੱਚ ਆਬਾਦੀ ਹਿਸਾਬ ਤੋਂ ਲਗਭਗ 200 ਸੀ. ਐੱਚ. ਸੀ. ਦੀ ਲੋੜ ਹੈ ਪਰ ਪੰਜਾਬ ਕੋਲ ਸਿਰਫ਼ 87 ਹਨ। ਇਨ੍ਹਾਂ 87 ਸੀ. ਐੱਸੀ ਵਿੱਚੋਂ 80 ਸੀ. ਐੱਚ. ਸੀ. ਵਿੱਚ ਕੋਈ ਮਾਹਰ ਡਾਕਟਰ ਨਹੀਂ ਹੈ। ਅਰੋੜਾ ਨੇ ਕਿਹਾ ਕਿ ਸੂਬੇ ਵਿੱਚ ਕੁੱਝ ਪ੍ਰਾਇਮਰੀ ਅਤੇ ਸਮੁਦਾਇਕ ਸਿਹਤ ਕੇਂਦਰਾਂ ਦੀਆਂ ਇਮਾਰਤਾਂ ਨੂੰ ਅਸੁਰੱਖਿਅਤ ਐਲਾਨਿਆ ਗਿਆ ਹੈ। ਕਈ-ਕਈ ਕੇਂਦਰਾਂ ’ਚ ਇਲਾਜ ਦੇ ਉਪਕਰਣ ਵੀ ਉਪਲੱਬਧ ਨਹੀਂ ਹਨ। 2019 ਦੀ ਕੇਂਦਰੀ ਸਿਹਤ ਅਤੇ ਕਲਿਆਣਕਾਰੀ ਵਿੱਤੀ ਰਿਪੋਰਟ ਵਿੱਚ ਸੂਬੇ ਵਿੱਚ 50 ਫ਼ੀਸਦੀ ਤੋਂ ਵੱਧ ਪੀ. ਐੱਚ. ਸੀ. ਕਿਸੇ ਵੀ ਪ੍ਰਮਾਣ ਨੂੰ ਪੂਰਾ ਨਹੀਂ ਕਰਦਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਸਹੀ ਨਹੀਂ ਮੰਨਿਆ ਗਿਆ ਹੈ। ਓ. ਪੀ. ਸੋਨੀ ਦੱਸਣ ਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ਨੇ ਪ੍ਰਾਇਮਰੀ ਸਿਹਤ ਕੇਂਦਰਾਂ ਲਈ ਕੀ ਦਿੱਤਾ ਹੈ?
ਅਰੋੜਾ ਨੇ ਕਿਹਾ ਕਿ ਸੋਨੀ ਸਿਰਫ ਅੰਕੜਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਸਿਹਤ ਮੰਤਰੀ ਨੂੰ ਇਨ੍ਹਾਂ ਦੀ ਸਹੀ ਸਥਿਤੀ ਦੀ ਅਸਲੀਅਤ ਜਾਨਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਉਂਕਿ ਸਿਹਤ ਮੰਤਰੀ ਨੂੰ ਸੱਚ ਨਹੀਂ ਪਤਾ, ਜਿਸ ਦੇ ਅਧੀਨ ਸੂਬੇ ਦੇ ਸਰਕਾਰੀ ਹਸਪਤਾਲ, ਉਪ ਕੇਂਦਰ, ਪੀ. ਐੱਚ. ਸੀ. ਅਤੇ ਸੀ. ਐੱਚ. ਸੀ. ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ-ਭਾਜਪਾ ਅਤੇ ਕਾਂਗਰਸ ਦੇ ਰਾਜ ਵਿੱਚ ਪੰਜਾਬ ਦੇ ਸਰਕਾਰੀ ਹਸਪਤਾਲਾਂ, ਪ੍ਰਾਇਮਰੀ ਅਤੇ ਸਮਾਜਿਕ ਸਿਹਤ ਕੇਂਦਰਾਂ ਵਿੱਚ ਸਿਹਤ ਅਤੇ ਇਲਾਜ ਵਿਵਸਥਾ ਪੂਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ, ਕਿਉਂਕਿ ਕਿਸੇ ਨੇ ਕਦੇ ਵੀ ਸਿਹਤ ਸੇਵਾਵਾਂ ਵੱਲ ਧਿਆਨ ਨਹੀਂ ਦਿੱਤਾ। ਸਗੋਂ ਨਿੱਜੀ ਖੇਤਰ ਪੰਜਾਬ ਵਿੱਚ ਵਧੇ-ਫੁਲੇ ਹਨ ਅਤੇ ਹੁਣ ਨਿੱਜੀ ਹਸਪਤਾਲਾਂ ਇਲਾਜ ਮਹਿੰਗਾਂ ਹੋ ਗਿਆ ਹੈ। ਆਮ ਲੋਕ ਇਲਾਜ ਦਾ ਖ਼ਰਚਾ ਵੀ ਨਹੀਂ ਚੁੱਕ ਸਕਦੇ ਅਤੇ ਸਿਰਫ ਪ੍ਰਭੂ ਦੀ ਕ੍ਰਿਪਾ ‘ਤੇ ਜੀਅ ਰਹੇ ਹਨ।
ਵਿਧਾਇਕ ਅਰੋੜਾ ਨੇ ਕਿਹਾ ਰਾਸ਼ਟਰੀ ਸਿਹਤ ਮਿਸ਼ਨ ਅਧੀਨ ਕੰਮ ਕਰਦੇ ਸਿਹਤ ਅਧਿਕਾਰੀ, ਡਾਕਟਰ, ਨਰਸ, ਕਲਰਕ ਅਤੇ ਹੋਰ ਕਰਮਚਾਰੀ ਆਪਣੀਆਂ ਮੰਗਾਂ ਨੂੰ ਲਗਾਤਾਰ ਧਰਨੇ ਦੇ ਰਹੇ ਹਨ ਪਰ ਰਾਜ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਕਾਂਗਰਸ ਸਰਕਾਰ ਨੇ ਜਨਤਕ ਸਿਹਤ ਪ੍ਰਣਾਲੀ ਨੂੰ ਉਤਸ਼ਾਹਿਤ ਕਰਨ ਅਤੇ ਮਿਹਨਤ ਕਰਨ ਵਾਲੇ ਲੋਕਾਂ ਨੂੰ ਚੰਗੀ ਤਨਖ਼ਾਹ ਨਹੀਂ ਦਿੱਤੀ। ਅਰੋੜਾ ਨੇ ਅੱਗੇ ਕਿਹਾ ਕਿ ਜੇਕਰ ਓ. ਪੀ. ਸੋਨੀ ਪੰਜਾਬ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵੱਖ-ਵੱਖ ਸਿਹਤ ਮੁਲਾਜ਼ਮਾਂ ਨਾਲ ਸਮਝੌਤਾ ਕਰਨਾ ਚਾਹੀਦਾ ਹੈ ਜੋ ਕਿ ਮੌਜੂਦਾ ਸਮੇਂ ਵਿੱਚ ਕਿਸੇ ਨਾ ਕਿਸੇ ਕਾਰਨ ਤੋਂ ਹੜਤਾਲ ਹੈ, ਜਦੋਂ ਕਿ ਪੰਜਾਬ ਵਿੱਚ ਡਾਕਟਰਾਂ, ਮਾਹਰ ਡਾਕਟਰਾਂ, ਨਰਸਾਂ ਅਤੇ ਫਾਰਮਾਸਿਸਟਾਂ ਦੀਆਂ ਅੱਧ ਤੋਂ ਵੱਧ ਅਸਾਮੀਆਂ ਖ਼ਾਲੀ ਪਈਆਂ ਹਨ।