ਕਿਰਪਾਲ ਸਿੰਘ ਪੰਨੂੰ, 365-994-8850, ਈਮੇਲ: kirpal.pannu360gmail.com ਅਤੇ ਡਾ.ਰਾਜਵਿੰਦਰ
ਸਿੰਘ, ਅਸਿਸਟੈਂਟ ਪ੍ਰੋਫ਼ੈਸਰ, ਯੂਨੀਵਰਸਿਟੀ ਪਟਿਆਲਾ, 9463327683, rajwinderpup0pbi.ac.in

ਮੌਨੀਟਰ ਦੀ ਜਾਣ ਪਹਿਚਾਣ: ਕੰਪਿਊਟਰ ਨਾਲ ਕੰਮ ਕਰਨ ਤੋਂ ਪਹਿਲੋਂ ਇਸ ਦੀ ਕੰਮ ਕਰਨ ਦੀ ਵਿਧੀ ਅਤੇ ਇਸ ਦੇ ਚੱਕਰ-ਚਿਹਨ ਤੋਂ ਜਾਣੂ ਹੋਣਾ ਬਹੁਤ ਹੀ ਜ਼ਰੂਰੀ ਹੈ।
ਵਿਧੀ: ਕੰਪਿਊਟਰ ਅੰਗਰੇਜ਼ੀ ਅੱਖਰਾਂ IPLO ਅਨੁਸਾਰ ਆਪਣੇ ਸਾਰੇ ਕਾਰਜ ਪੂਰੇ ਕਰਦਾ ਹੈ। I ਦਾ ਮਤਲਬ ਹੈ ਇਨਪੁੱਟ, ਭਾਵ ਵਰਤੋਂਕਾਰ ਕੀਅਬੋਰਡ ਆਦਿ ਯੰਤਰਾਂ ਦੀਆਂ ਕਮਾਂਡਾਂ ਰਾਹੀਂ ਕੰਪਿਊਟਰ ਨੂੰ ਹੁਕਮ ਭਾਵ ਇਨਪੁੱਟ ਦਿੰਦਾ ਹੈ। PL ਦਾ ਅਰਥ ਹੈ ਪ੍ਰੋਸੈੱਸਿੰਗ, ਭਾਵ ਕੰਪਿਊਟਰ ਆਪਣੇ ਅੰਦਰ ਪ੍ਰੋਗਰਾਮਰਾਂ ਵਲੋਂ ਪਾਏ ਗਏ ਸੋਚ, ਵਿਚਾਰ ਅਤੇ ਰਚਨਾ ਸੰਸਾਰ ਅਨੁਸਾਰ ਉਨ੍ਹਾਂ ਕਮਾਂਡਾਂ ਨੂੰ ਸਮਝਦਾ ਅਤੇ ਉਨ੍ਹਾਂ ਅਨੁਸਾਰ ਪ੍ਰੌਸੈੱਸ ਭਾਵ ਕੰਮ ਕਰਦਾ ਹੈ। ਅਤੇ O ਦਾ ਮਤਲਬ ਹੈ ਆਊਟਪੁੱਟ, ਮਤਲਬ ਕੰਪਿਊਟਰ ਆਪਣੇ ਕੀਤੇ ਕੰਮ ਦੀ ਮੌਨੀਟਰ ਉੱਤੇ ਪ੍ਰਦਰਸ਼ਨੀ ਅਰਥਾਤ ਆਊਟਪੁੱਟ ਕਰਦਾ ਹੈ।
ਯਾਦ ਰਹੇ ਕਿ ਕੰਪਿਊਟਰ ਆਪਣੇ ਵਲੋਂ ਕੁੱਝ ਨਹੀਂ ਕਰਦਾ। ਜੋ ਉਸ ਨੂੰ ਕਮਾਂਡਾਂ ਮਿਲਦੀਆਂ ਹਨ, ਉਨ੍ਹਾਂ ਦਾ ਹਿਸਾਬ ਕਿਤਾਬ ਲਾ ਕੇ ਸਿੱਟੇ ਪੇਸ਼ ਕਰਦਾ ਹੈ। ਜਦੋਂ ਵਰਤੋਂਕਾਰ ਕਹਿੰਦਾ ਹੈ ਕਿ ਆਹ ਕੰਮ ਆਪੇ ਹੀ ਹੋ ਗਿਆ, ਉਹ ਗ਼ਲਤ ਕਹਿੰਦਾ ਹੈ। ਅਸਲ ‘ਚ ਕਿਤੇ ਨਾ ਕਿਤੇ ਅਣਜਾਣਪੁਣੇ ‘ਚ ਗ਼ਲਤੀ ਨਾਲ ਉਸ ਕੋਲੋਂ ਕੋਈ ਕਮਾਂਡ ਦਿੱਤੀ ਜਾਂਦੀ ਹੈ। ਗੱਲ ਕੀ ਤੁਸੀਂ ਜੋ ਕਮਾਂਡ ਦੇਵੋਗੇ ਕੰਪਿਊਟਰ ਉਹੋ ਕੰਮ ਕਰੇਗਾ। ਜੇ ਤੁਸੀਂ ਕੀਅਬੋਰਡ ‘ਤੇ A ਕੀਅ ਦੱਬ ਕੇ ਕਮਾਂਡ ਦੇਵੋਗੇ ਕਿ ਪੰਜਾਬੀ ਦਾ ਊੜਾ ਟਾਈਪ ਕਰੋ ਤਾਂ ਕੰਪਿਊਟਰ ਮੀਨੀਟਰ ਉੱਤੇ ਊੜਾ ਪਾ ਦੇਵੇਗਾ ਦੇਵੇਗਾ।
ਬਾਇਨਰੀ ਪ੍ਰਬੰਧ: ਸੰਸਾਰ ‘ਚ ਗਿਣਤੀ ਦੇ ਅਨੇਕ ਪ੍ਰਬੰਧ ਚਲਦੇ ਹਨ, ਅਤੇ ਬਹੁਤ ਜ਼ਿਆਦਾ ਪਰਚਲਤ ਹਨ: 1.ਹੈਕਸਾ: 1,16, 256 ਆਦਿ ਵਾਲਾ। 2.ਦਸ਼ਮਲਵ: 1 ਇਕਾਈ, 10 ਦਹਾਈ, 100 ਸੈਂਕੜਾ ਆਦਿ ਵਾਲਾ। ਜੋ ਆਮ ਹੀ ਵਰਤੋਂ ‘ਚ ਆਉਂਦਾ ਹੈ। 3.ਡੈਕਾ: 1, 8, 64 ਆਦਿ ਵਾਲਾ। 4.ਬਾਇਨਰੀ: 1, 2, 4, 8, 16 ਆਦਿ ਵਾਲਾ। ਕੰਪਿਊਟਰ ਬਾਇਨਰੀ ਸਿਸਟਮ ਨਾਲ ਚੱਲਦਾ ਹੈ। ਇਸ ਕੋਲ ਕੇਵਲ ਦੋ ਹੀ ਅੰਕ ਹਨ, 0 ਅਤੇ 1.ਇਹ ਆਪਣੇ ਸਾਰੇ ਕੰਮ ਇਸ 0 ਅਤੇ 1 ਦੇ ਮੇਲ-ਜੋਲ ਨਾਲ ਹੀ ਕਰਦਾ ਹੈ। 0 ਭਾਵ ਇਸ ਦੇ ਗਿਣਤੀ ਮਿਣਤੀ ਪਰਬੰਧ ‘ਚ ਬਿਜਲੀ ਨਹੀਂ ਗਈ ਅਤੇ 1 ਭਾਵ ਪਰਬੰਧ ‘ਚ ਖ਼ਾਸ ਮਿਣਤੀ ਦੀ ਬਿਜਲੀ ਗਈ ਹੈ। ਅੱਗੇ ਫ਼ਿਰ ਤਾਰ-ਸੰਦੇਸ਼ ਵਾਂਗ ਡਿੱਡ, ਡੌਟ ਚੱਲਦਾ ਹੈ। ਇਸ 0, 1 ਦੀ ਤਰਲਤਾ ਕਾਰਨ ਕੰਪਿਊਟਰ ਸੰਸਾਰ ਦੀ ਹਰ ਭਾਸ਼ਾ ਸਮਝਦਾ ਹੈ ਅਤੇ ਹਰ ਭਾਸ਼ਾ ‘ਚ ਆਪਣੇ ਸਿੱਟੇ ਪੇਸ਼ ਕਰਦਾ ਹੈ। ਕੰਮ ਕਰਨ ਤੋਂ ਪਹਿਲੋਂ ਕੰਪਿਊਟਰ ਨੂੰ ਇਹ ਦੱਸ ਦਿੱਤਾ ਜਾਂਦਾ ਹੈ ਕਿ ਕਿਸ ਲਿੱਪੀ ਅਤੇ ਕਿਸ ਕੀਅਬੋਰਡ ਅਨੁਸਾਰ ਕੰਮ ਕਰਨਾ ਹੈ।
ਸੋ ਕੰਪਿਊਟਰ ਰਾਹੀਂ ਕੰਮ ਕਰਨ ਦੇ ਦੋ ਹੀ ਮੁੱਖ ਅੰਗ ਹਨ: ਆਈ (I) ਭਾਵ ਇਨਪੁੱਟ ਵਿਧੀਆਂ ਨਾਲ ਕੰਪਿਊਟਰ ਨੂੰ ਹੁਕਮ ਦੇਣੇ, ਅਤੇ ਇਹ ਕੀਅਬੋਰਡ, ਮਾਊਸ, ਸਕੈਨਰ, ਕੈਮਰਾ, ਇੰਟਰਨੈੱਟ ਰਾਹੀਂ ਦਿੱਤੇ ਜਾ ਸਕਦੇ ਹਨ। ਓ (O) ਭਾਵ ਆਊਟਪੁੱਟ, ਅਤੇ ਇਸ ਦੀ ਪ੍ਰਦਰਸ਼ਣੀ ਮੌਨੀਟਰ ਆਦਿ ਰਾਹੀਂ ਕੀਤੀ ਜਾਂਦੀ ਹੈ ਅਤੇ ਅਸੀਂ ਆਪਣੇ ਕੀਤੇ ਕਾਰਜ ਨਾਲ ਇਕਸੁਰ ਰਹਿੰਦੇ ਹਾਂ ਅਤੇ ਉਸ ਦਾ ਸਹੀ ਹੋਣਾ ਵੀ ਯਕੀਨੀ ਬਣਾਉਂਦੇ ਹਾਂ। ਵਰਤੋਂਕਾਰ ਦਾ ਇਨ੍ਹਾਂ ਦੋਹਾਂ ਪ੍ਰਬੰਧਾ ਸਬੰਧੀ ਲੋੜ ਅਨੁਸਾਰ ਵੱਧ ਤੋਂ ਵੱਧ ਜਾਣਕਾਰ ਹੋਣਾ ਲਾਹੇਵੰਦ ਰਹਿੰਦਾ ਹੈ। ਪਹਿਲਾਂ ਨੰਬਰ 2 ਮੌਨੀਟਰ ਦੇ ਪ੍ਰਬੰਧ ਸਬੰਧੀ ਜਾਣਕਾਰੀ ਪ੍ਰਾਪਤ ਕਰ ਲੈਣੀ ਠੀਕ ਰਹੇਗੀ। ਕਿਉਂਕਿ ਇਸ ‘ਚ ਨੰਬਰ 1 ਪ੍ਰਬੰਧ ਵੀ ਬਹੁਤ ਹੱਦ ਤੀਕਰ ਸਮਿਲਤ ਹੈ।
 ਆਊਟਪੁੱਟ ਪ੍ਰਬੰਧ: ਇਸ ਦਾ ਮੁੱਖ ਤੌਰ ‘ਤੇ ਪ੍ਰਦਰਸ਼ਨ ਮਾਨੀਟਰ ਰਾਹੀਂ ਕੀਤਾ ਜਾਂਦਾ ਹੈ। ਜਦੋਂ ਕੋਈ ਐਪ (ਇੱਥੇ ਐਪ ਤੋਂ ਭਾਵ ਵਰਡ ਪ੍ਰੋਸੈੱਸਰ ਭਾਵ ਸ਼ਬਦ-ਬੀੜ ਮਾਈਕਰੋਸੌਫ਼ਟ ਵਰਡ ਹੈ) ਸਤਰਜ ਕੀਤਾ ਜਾਂਦਾ ਹੈ ਤਾਂ ਮੌਨੀਟਰ ਉੱਤੇ ਉਸ ਦਾ ਯੂਜ਼ਰ ਇੰਟਰਫ਼ੇਸ (ਵਰਤੋਂਕਾਰ ਲਈ ਦਰਸ਼ਨੀ ਦ੍ਰਿਸ਼) ਸਾਹਮਣੇ ਆ ਜਾਂਦਾ ਹੈ ਜਿਸ ਦੀ ਜਾਣਕਾਰੀ ਦੇਣ ਲਈ ਉਸ ਨੂੰ ਪੰਜਾਂ ਭਾਗਾਂ ‘ਚ ਵੰਡ ਲਈਦਾ ਹੈ। 1.ਇਸ ਦੇ ਕੇਂਦਰ ‘ਚ ਚਿੱਟਾ ਵੱਡਾ ਮੇਨ ਭਾਗ ਆਪਣਾ ਕੰਮ ਕਰਨ ਲਈ। 2.ਉਪਰਲਾ ਵੱਡਾ ਮਹੱਤਵਪੂਰਨ ਭਾਗ ਕਮਾਂਡਾਂ ਵਾਲਾ। 3.ਹੇਠਲਾ ਤਿੰਨ ਪੱਟੀ ਭਾਗ ਜਾਣਕਾਰੀ ਵਾਲਾ। 4.ਸੱਜੇ ਪਾਸੇ ਉੱਪਰ ਥੱਲੇ ਦੀ ਸਕਰੌਲ ਵਾਲਾ। 5.ਖੱਬੇ ਪਾਸੇ ਉੱਪਰ ਥੱਲੇ ਦੇ ਰੂਲਰ ਵਾਲਾ। ਹੁਣ ਇਨ੍ਹਾਂ ਨੂੰ ਇੱਕ-ਇੱਕ ਕਰ ਕੇ ਵਿਸਥਾਰ ‘ਚ ਵਿਚਾਰਿਆ ਜਾਵੇਗਾ। ਯਾਦ ਰਹੇ ਕਿ ਇਸ ਪ੍ਰਬੰਧ ਦਾ ਗਿਆਨ ਵਰਤੋਂਕਾਰ ਦੀ ਯੋਗਤਾ ਨੂੰ ਚਾਰ ਚੰਨ ਲਾਉਂਦਾ ਹੈ।
1.ਕੇਂਦਰੀ ਭਾਗ: ਇਹ ਵਰਤੋਂਕਾਰ ਦੀ ਕਾਰਜਭੂਮੀ ਹੈ। ਉਸ ਨੇ ਜੋ ਵੀ ਕੰਮ ਕਰਨਾ ਹੈ ਇਸ ‘ਚ ਹੀ ਕਰਨਾ ਹੈ। ਇਸ ਦੇ ਚਾਰ ਚੁਫ਼ੇਰੇ ਤਾਂ ਆਪਣੇ ਕਾਰਜ ‘ਚ ਮਾਨਣਯੋਗ ਸਫ਼ਲਤਾ ਪ੍ਰਾਪਤ ਕਰਨ ਲਈ ਵਰਤੇ ਜਾਣ ਵਾਲੇ ਟੂਲਾਂ ਭਾਵ ਕਮਾਂਡਾਂ ਦਾ ਭੰਡਾਰ ਪਿਆ ਹੈ। ਇਸ ਭਾਗ ਦੇ ਅੱਗੇ ਤਿੰਨ ਭਾਗ ਬਣ ਜਾਂਦੇ ਹਨ। ਪੇਪਰ ਦਾ ਉੱਪਰਲਾ ਇੰਚ ਕੁ ਭਾਗ ਹੈੱਡਰ, ਅਤੇ ਹੇਠਲਾ ਇੰਚ ਕੁ ਭਾਗ ਫ਼ੁੱਟਰ ਕਹਾਉਂਦਾ ਹੈ। ਇੱਕ ਤੋਂ ਦੂਜੇ ਭਾਗ ‘ਚ ਜਾਣ ਲਈ ਉਸ ਦੂਜੇ ਭਾਗ ‘ਤੇ ਮਾਊਸ ਲੈ ਜਾ ਕੇ ਡਬਲ ਕਲਿੱਕ ਕਰਨਾ ਹੁੰਦਾ ਹੈ।
2.ਉੱਪਰਲਾ ਭਾਗ: ਇਸ ‘ਚ ਸਭ ਤੋਂ ਉੱਪਰਲੀ ਪੱਟੀ ਦਾ ਨਾਂ ਟਾਈਟਲ ਬਾਰ ਭਾਵ ਸਿਰਨਾਵਾਂ ਪੱਟੀ ਹੈ। ਇਹ ਪੱਟੀ ਚਿੱਠੀ ਉੱਤੇ ਲਿਖੇ ਸਿਰਨਾਵੇਂ ਦੇ ਤੁੱਲ ਹੁੰਦੀ ਹੈ। ਇਸ ‘ਚ ਕਈ ਮਹੱਤਵਪੂਰਨ ਸੂਚਨਾਵਾਂ ਹੁੰਦੀਆਂ ਹਨ ਜਿਵੇਂ ਕਿ ਇਸ ਫ਼ਾਈਲ ਜਾਂ ਡਾਕਿਊਮੈਂਟ ਦਾ ਨਾਂ ਕੀ ਹੈ, ਇਹ ਕਿਸ ਐਪ ਜਾਂ ਪ੍ਰੋਗਰਾਮ ‘ਚ ਲਿਖੀ ਗਈ ਹੈ ਅਤੇ ਕਿਸ ‘ਚ ਖੁੱਲ੍ਹੇਗੀ ਆਦਿ। ਇਸ ਪੱਟੀ ‘ਚ ਵਰਤੋਂਕਾਰ ਦੇ ਧੁਰ ਸੱਜੇ ਹੱਥ ਤਿੰਨ ਕੰਟ੍ਰੌਲ ਬਟਨ ਹੁੰਦੇ ਹਨ। ਜਾਦੂ ਦੇ ਝੁਰਲੂ ਹੀ ਸਮਝੋ। ਮਾਈਨਸ ਦਾ ਨਿਸ਼ਾਨ ਕਲਿੱਕ ਕਰਨ ਨਾਲ ਡਾਕਿਊਮੈਂਟ ਬਿੰਦੂ ਬਣ ਕੇ ਸਟੇਟਸ ਬਾਰ ‘ਤੇ ਆ ਜਾਏਗਾ। ਉੱਥੋਂ ਕਲਿੱਕ ਕਰੋਗੇ ਤਾਂ ਪੂਰਾ ਖੁੱਲ੍ਹ ਜਾਏਗਾ। ਬੌਕਸ ਨੂੰ ਕਲਿੱਕ ਕਰੋਗੇ ਤਾਂ ਡਾਕਿਊਮੈਂਟ ਛੋਟਾ ਹੋ ਜਾਵੇਗਾ ਅਤੇ ਉਸ ਨੂੰ ਸਿਰ ਤੋਂ ਫ਼ੜ ਕੇ ਕਿਸੇ ਪਾਸੇ ਵੀ ਲੈ ਜਾ ਸਕਦੇ ਹੋ। ਕੋਨੇ ਜਾਂ ਕਿਨਾਰੇ ਤੋਂ ਫ਼ੜਕੇ (ਜਦੋਂ ਤੀਰ ਦੋਹੀਂ ਪਾਸੀਂ ਹੋਵੇ) ਡਾਕਿਊਮੈਂਟ ਨੂੰ ਹੋਰ ਛੋਟਾ ਜਾਂ ਵੱਡਾ ਕਰ ਸਕਦੇ ਹੋ। ਮੁੜ ਬੌਕਸ ਨੂੰ ਕਲਿੱਕ ਕਰੋਗੇ ਡਾਕਿਊਮੈਂਟ ਰੀਸਟੋਰ ਹੋ ਕੇ ਪੂਰੇ ਸਾਈਜ਼ ਦਾ ਹੋ ਜਾਵੇਗਾ। ਜਦੋਂ ਡਾਕੂਮੈੰਟ ਪੱਕੇ ਤੌਰ ‘ਤੇ ਬੰਦ ਕਰਨਾ ਹੋਵੇ ਤਾਂ ਕਰੌਸ ਜਾਂ ਅੰਗਰੇਜ਼ੀ ਅੱਖਰ ਐੱਕਸ ‘ਤੇ ਕਲਿੱਕ ਕਰੀਦਾ ਹੈ। ਕੰਟਰੋਲ ਬਟਨਾਂ ਦੇ ਕੋਲ ਉੱਪਰ ਨੂੰ ਤੀਰ ਵਾਲਾ ਇੱਕ ਚੌਥਾ ਬਟਨ ਵੀ ਹੁੰਦਾ ਹੈ ਜੋ ਰਿਬਨ ਨੂੰ ਲੋੜ ਅਨੁਸਾਰ ਛੋਟਾ ਵੱਡਾ ਕਰਦਾ ਹੈ। ਵਰਤੋਂਕਾਰ ਦੇ ਖੱਬੇ ਹੱਥ ਮਾਈਨਸ ਹੇਠਾਂ ਤਿਕੋਨ ਹੈ ਜੋ ਕੁਇੱਕ ਐੱਕਸੈੱਸ ਟੂਲਬਾਰ ਨੂੰ ਰਿਬਨ ਦੇ ਉੱਪਰ ਜਾਂ ਹੇਠਾਂ ਲੈ ਜਾਂਦੀ ਹੈ।
ਰਿਬਨ: ਉੱਪਰਲੇ ਭਾਗ ‘ਚ, ਟਾਈਟਲ ਬਾਰ ਤੋਂ ਥੱਲੇ ਅਤੇ 1, 2, 3 ਇੰਚੀ ਟੇਪ ਤੋਂ ਉੱਪਰਲੇ ਸਾਰੇ ਭਾਗ ਨੂੰ ਰਿਬਨ ਕਹਿੰਦੇ ਹਨ। ਇਹ ਕਮਾਂਡਾਂ ਦਾ ਭੰਡਾਰ ਹੈ। ਫ਼ਾਈਲ, ਹੋਮ ਵਾਲੀ ਪੱਟੀ ‘ਚ ਕਮਾਂਡ ਟੈਬਾਂ ਨੂੰ ਵੱਡੇ ਟੂਲ ਬਕਸਿਆਂ ਵਾਂਗ ਰੱਖਿਆ ਗਿਆ ਹੈ। ਜਿਹੜੀ ਵੀ ਕਮਾਂਡ ਟੈਬ ਨੂੰ ਕਲਿੱਕ ਕਰਾਂਗੇ ਉਸ ਦੇ ਛੋਟੇ ਛੋਟੇ ਕਈ ਟੂਲ ਸੈੱਟ ਖੁੱਲ੍ਹ ਜਾਣਗੇ। ਉਨ੍ਹਾਂ ਨੂੰ ਕਮਾਂਡ ਸੈੱਟ ਕਿਹਾ ਜਾਂਦਾ ਹੈ। ਹਰ ਕਮਾਂਡ ਸੈੱਟ ਦਾ ਪੂਰਾ ਹੇਠਾਂ ਨਾਂ ਲਿਖਿਆ ਹੁੰਦਾ ਹੈ। ਉਸ ਦੇ ਸੱਜੇ ਖੱਬੇ ਦੋ ਖੜ੍ਹੀਆਂ ਲਾਈਨਾਂ ਉਸ ਨੂੰ ਦੂਜੇ ਸੈੱਟਾਂ ਤੋਂ ਨਖੇੜਦੀਆਂ ਹਨ। ਹਰ ਇੱਕ ਸੈੱਟ ‘ਚ ਉਸ ਸੈੱਟ ਦੀਆਂ ਕਮਾਂਡਾਂ ਹੁੰਦੀਆਂ ਹਨ। ਹਰ ਲੋੜੀਂਦੇ ਸੈੱਟ ‘ਚ ਉਸ ਦੇ ਨਾਂ ਤੋਂ ਅੱਗੇ ਸੱਜੇ ਹੇਠਲੇ ਕੋਨੇ ‘ਚ ਇੱਕ ਡੱਬੀ ‘ਚ ਨਿੱਕਾ ਜਿਹਾ ਤੀਰ (ਗੁਲਾਬੂ) ਹੁੰਦਾ ਹੈ। ਉਸ ਨੂੰ ਕਲਿੱਕ ਕਰੀਏ ਤਾਂ ਉਸ ਸੈੱਟ ਦੀਆਂ ਕਮਾਂਡਾਂ ਦਾ ਵਿਸਥਾਰ ਉਜਾਗਰ ਹੋ ਜਾਂਦਾ ਹੈ। ਰਿਬਨ ਦੀ ਚਰਚਾ ਅਗਲੇ ਲੇਖ ‘ਚ ਕੀਤੀ ਜਾਇਗੀ।
(ਚੱਲਦਾ)