ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਅੱਜ ਮੈਂ ਪਟਿਆਲੇ ਗਿਆ ਸੀ ਭਾਸ਼ਾ ਵਿਭਾਗ ਪੰਜਾਬ ਦੇ ਵਿਹੜੇ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋਂ ਇੱਜ ਵਿਸ਼ੇਸ਼ ਸਮਾਗਮ ਸੀ, ਮਾਂ ਬੋਲੀ ਦਿਵਸ ਦੇ ਮਹੀਨੇ ਦਾ ਆਖਰੀ ਸਮਾਰੋਹ। ਦੋਸਤੋ, ਏਥੇ ਕਦੀ ਮੈਂ ਮਾਲੀ-ਚਪੜਾਸੀ ਹੁੰਦਾ ਸੀਮ 1996 ਦੇ ਸਾਲ ਦੇ ਆਸਪਾਸ ਅਤੇ ਅੱਜ ਇਸੇ ਵਿਭਾਗ ਨੇ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਸੱਦਿਆ ਹੋਇਆ ਸੀ ਅਤੇ ਇਸੇ ਵਿਭਾਗ ਨੇ ਮੈਨੂੰ 2007 ‘ਚ ਰਾਜ ਸਲਾਹਕਾਰ ਬੋਰਡ ਦਾ ਮੈਂਬਰ ਵੀ ਬਣਾਇਆ ਸੀ। ਇਸੇ ਵਿਭਾਗ ਨੇ 2020 ਦਾ ਮੇਰੇ ਨਾਮ ਸ਼ਰੋਮਣੀ ਲੇਖਕ ਪੁਰਸਕਾਰ ਵੀ ਐਲਾਨਿਆ ਅਤੇ ਪੰਜਾਬ ਦੀ ਕੋਇਲ ਬੀਬੀ ਸੁਰਿੰਦਰ ਕੌਰ ਜੀ ਦੀ ਜੀਵਨੀ ਵੀ ਲਿਖਵਾ ਕੇ ਰਿਲੀਜ਼ ਕੀਤੀ ਸੀ ਇਸੇ ਵਿਭਾਗ ਨੇ। ਮੇਰੀਆਂ ਦੋ ਪੁਸਤਕਾਂ ਨੂੰ ਗੁਰਮੁਖ ਸਿੰਘ ਮੁਸਾਫ਼ਿਰ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਪੁਰਸਕਾਰ ਵੀ ਇਸੇ ਵਿਭਾਗ ਨੇ ਹੀ ਪ੍ਰਦਾਨ ਕਰੇ ਸਨ। ਅੱਜਕੱਲ੍ਹ ਡਾਇਰੈਕਟਰ ਇਸ ਵਿਭਾਗ ਦੀ ਮੈਡਮ ਕਰਮਜੀਤ ਕੌਰ ਜੀ ਹਨ। ਨਿਮਰ ਅਤੇ ਗਿਆਨਵਾਨ ਹਨ। ਲਗਨਸ਼ੀਲ ਅਤੇ ਅਗਾਂਹਵਧੂ।
***
ਕੀ ਇੱਕ ਕਲਾਸ ਫ਼ੋਰ ਰਿਹਾ ਕਰਮਚਾਰੀ ਵੀ, ਇਸੇ ਵਿਭਾਗ ‘ਚੋਂ ਐਨਾ ਮਾਣ ਖੱਟ ਪਾਵੇਗਾ ਕਦੀ? ਮੈਂ ਨਹੀਂ ਸੀ ਸੋਚਿਆ। ਓਹਦੇ ਹੀ ਹੱਥ ਹਨ ਡੋਰੇ! ਖੈਰ!
***
ਸਾਡੀ ਸਮਰੱਥ ਗਾਇਕਾ ਅਤੇ ਅਦਾਕਾਰਾ ਅਮਰ ਨੂਰੀ ਵੀ ਵਿਸ਼ੇਸ਼ ਤੌਰ ‘ਤੇ ਇਸੇ ਸਮਾਗਮ ‘ਚ ਆਈ ਹੋਈ ਸੀ ਅੱਜ। ਇਥੇ ਇਹ ਵੀ ਦੱਸ ਦਿਆਂ ਕਿ ਨੂਰੀ ਦੇ ਪਰਿਵਾਰ ਨਾਲ ਮੇਰਾ ਕੀ ਰਿਸ਼ਤਾ ਹੈ? ਅਮਰ ਨੂਰੀ ਦੇ ਪਿਤਾ ਜੀ ਰੌਸ਼ਨ ਲਾਲ ਸਾਗਰ ਮੇਰੇ ਇਸ ਕਰ ਕੇ ਵੱਡੇ ਭਰਾ ਸਨ ਕਿਉਂਕਿ ਉਹ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਬੜੇ ਸੀਨੀਅਰ ਚੇਲੇ ਸਨ ਅਤੇ ਇਸ ਹਿਸਾਬੋਂ ਉਹ ਮੇਰੇ ਗੁਰਭਾਈ ਲੱਗੇ। ਸੋ ਇਓਂ ਕਲਾਕਾਰੀ ਦੇ ਰਿਸ਼ਤੇ ਵਜੋਂ ਮੈਂ ਨੂਰੀ ਦਾ ਚਾਚਾ ਲੱਗਿਆ, ਪਰ ਉਮਰ ਦੇ ਆਦਰ ਵਜੋਂ ਉਹ ਮੇਰੀ ਵੱਡੀ ਭੈਣ ਹੀ ਹੈ। ਮੈਂ ਨਿਕਾ ਜਿਹਾ ਸੀ ਹਾਲੇ। ਸਾਡੇ ਪਿੰਡ ਲਾਗੇ ਬੇਗੂਵਾਲਾ ਵਿਖੇ ਫ਼ਿਲਮ ਉਡੀਕਾਂ ਸਾਉਣ ਦੀਆਂ ਦੀ ਸ਼ੂਟਿੰਗ ਚੱਲ ਰਹੀ ਸੀ ਅਤੇ ਮੇਰੀ ਮਾਸੀ ਦਾ ਮੁੰਡਾ ਦਿਆਲ ਚੰਦ ਤੇ ਮੈਂ ਸ਼ੂਟਿੰਗ ਦੇਖਣ ਗਏ ਸਾਂ। ਨੂਰੀ ਨੂੰ ਮੈਂ ਪਹਿਲੀ ਵਾਰੀ ਓਦੋਂ ਈ ਦੇਖਿਆ ਸੀ ਅਤੇ ਇਹ ਨੂਰੀ ਭੈਣ ਮੇਰੀ ਓਦੋਂ ਦੀ ਕਦਰਦਾਨ ਹੈ ਜਦ ਮੈਂ ਹਾਲੇ ਇੱਕ ਨਿੱਕੜਾ ਜਿਆ ਬਾਲ ਕਲਾਕਾਰ ਸੀ ਅਤੇ ਉਹਦੇ ਪਿਤਾ ਨੂੰ ਮਿਲਣ ਏਧਰ ਓਧਰ ਭਟਕ ਰਿਹਾ ਸਾਂ। ਅਤੇ ਅੱਜ ਜਦੋਂ ਨੂਰੀ ਆਪਣੇ ਸਿਰ ਦੇ ਸਾਈਂ ਅਤੇ ਸੁਰਾਂ ਦੇ ਸਿਕੰਦਰ ਸਰਦੂਲ ਨੂੰ ਝੂਰਦੀ ਹੋਈ ਦੀਦਾਰ ਸੰਧੂ ਦਾ ਲਿਖਿਆ ਹੋਇਆ ਅਮਰ ਗੀਤ ਗਾ ਰਹੀ ਸੀ ਅਤੇ ਰੋ ਰਹੀ ਸੀ, ਉਹਦੇ ਬੋਲ ਸਨ: ਮਾਏ ਛੇਤੀ ਕੰਮ ਨਿਬੇੜ ਤੇ ਅੱਜ ਮੈਂ ਸੌਣਾ ਨੀ, ਮੈਨੂੰ ਮਿਲਣ ਸੁਪਨੇ ‘ਚ ਮਾਹੀ ਨੇ ਅੱਜ ਆਉਣਾ ਨੀਂ।
ਇਹ ਸੁਣ ਕੇ ਵਿਦਵਾਨਾਂ ਨਾਲ ਭਰਿਆ ਸਾਰੇ ਦਾ ਸਾਰਾ ਪੰਡਾਲ ਹੀ ਬੜਾ ਭਾਵੁਕ ਹੋ ਗਿਆ ਅਤੇ ਸ਼ਾਮਿਆਨੇ ਵੀ ਹੰਝੂਆਂ ‘ਚ ਭਿੱਜੇ ਭਿੱਜੇ ਜਾਪਣ ਲੱਗੇ। ਮੇਰੇ ਨਾਲ ਆਏ ਕਹਾਣੀਕਾਰ ਹਰਪ੍ਰੀਤ ਸਿੰਘ ਚੰਨੂ ਨੇ ਭਰੇ ਗਲੇ ਨਾਲ ਆਖਿਆ ਕਿ ਪੁੱਤਰਾ, ਨੂਰੀ ਧੀ ਨੂੰ ਹੌਸਲਾ ਦੇਈਏ ਅਤੇ ਏਹਦਾ ਸਾਥ ਕਦੇ ਨਾ ਛੱਡੀਏ।
ਭੈਣੇ ਨੂਰੀਏ, ਮੈਂ ਤੇਰਾ ਵੀਰ ਹਾਂ, ਅਤੇ ਤੇਰਾ ਚਾਚਾ ਵੀ। ਤੇਰੇ ਨਾਲ ਖੜ੍ਹੇ ਹਾਂ। ਡੋਲੀਂ ਨਾ। ਘਬਰਾਈਂ ਨਾ। ਵਕਤ ਨਾਲ ਆਹਢਾ ਲਾਵੀਂ ਤੂੰ ਭੈਣੇ ਨੂਰੀਏ। ਸੁਰਾਂ ਦਾ ਸਿਕੰਦਰ ਰੱਬ ਦੀ ਰਜ਼ਾ ‘ਚ ਤੇਰੀ ਦਲੇਰੀ, ਹਿੰਮਤ ਅਤੇ ਤੇਰਾ ਹੌਸਲਾ ਵੇਖ ਕੇ ਮੁਸਕਰਾ ਰਿਹਾ ਹੋਵੇਗਾ!
ਰੱਬ ਭਲਾ ਕਰੇ!