ਇੱਕ ਨੌਰਮਲ ਜ਼ਿੰਦਗੀ ਕੀ ਹੁੰਦੀ ਹੈ? ਕੀ ਕਦੇ ਵੀ ਕੋਈ ਸੱਚਮੁੱਚ ਅਜਿਹਾ ਜੀਵਨ ਜੀਓਂਦੈ? ਅਤੇ ਇੱਕ ਨੌਰਮਲ ਰਿਸ਼ਤਾ ਕੀ ਹੁੰਦੈ? ਕੀ ਕਦੇ ਕਿਸੇ ਨੂੰ ਵੀ ਇਹ ਨਸੀਬ ਹੁੰਦੈ? ਸਾਡੀਆਂ ਸਾਰੀਆਂ ਡੂੰਘੀਆਂ, ਨੇੜਲੀਆਂ, ਭਾਵਨਾਤਮਕ ਸ਼ਮੂਲੀਅਤਾਂ ਥੋੜ੍ਹੀਆਂ ਪੇਚੀਦਾ, ਅਜੀਬੋ-ਗ਼ਰੀਬ ਅਤੇ ਇੱਥੋਂ ਤਕ ਕਿ ਨੁਕਸਦਾਰ ਹੁੰਦੀਆਂ ਨੇ। ਸਾਡੇ ‘ਚੋਂ ਕੋਈ ਵੀ ਇੱਕ-ਦੂਜੇ ਨਾਲ ਉਸ ਤਰ੍ਹਾਂ ਮਿਲਜੁਲ ਕੇ ਨਹੀਂ ਰਹਿੰਦਾ ਜਿਵੇਂ ਮੂਵੀਆਂ ‘ਚ ਲੋਕ ਰਹਿੰਦੇ ਨੇ। ਤੁਹਾਡੇ ਅਤੇ ਕਿਸੇ ਖ਼ਾਸ ਵਿਅਕਤੀ ਦਰਮਿਆਨ ਸਥਿਤੀ ਕਿੰਨੀ ਕੁ ਗ਼ਲਤ ਹੈ? ਇਹ ਇਸ ਗੱਲ ‘ਤੇ ਨਿਰਭਰ ਕਰਦੈ ਕਿ ਤੁਸੀਂ ਨੌਰਮਲ ਨਾਮਕ ਭੁਲੇਖਾਪਾਊ ਅਤੇ ਕਾਲਪਨਿਕ ਖ਼ਿਆਲ ਨੂੰ ਕਿੰਨੀ ਅਹਿਮੀਅਤ ਦਿੰਦੇ ਹੋ। ਜੋ ਹੈ ਸੋ ਹੈ ਅਤੇ, ਆਪਣੇ ਆਪ ‘ਚ, ਉਹ ਚੰਗਾ ਹੈ।

ਮਨੁੱਖ ਇਹ ਉਮੀਦ ਰੱਖਦੇ ਹਨ ਕਿ ਦੂਸਰੇ ਉਨ੍ਹਾਂ ਦੀ ਮਹੱਤਤਾ ਦੀ ਪੁਸ਼ਟੀ ਕਰਨ। ”ਜੇ ਇਹ ਵਿਅਕਤੀ ਸਾਨੂੰ ਪਸੰਦ ਕਰਦੈ, ਅਸੀਂ ਸਭ ਕੁਝ ਠੀਕ ਹੀ ਕਰ ਰਹੇ ਹੋਵਾਂਗੇ,” ਸਾਡੀ ਸੋਚ ਹੁੰਦੀ ਹੈ। ਜਾਂ, ”ਜੇ ਉਹ ਬੰਦਾ ਸਾਨੂੰ ਪਸੰਦ ਨਹੀਂ ਕਰਦਾ ਤਾਂ ਜ਼ਰੂਰ ਸਾਡੇ ‘ਚ ਕੋਈ ਵੱਡੀ ਖ਼ਾਮੀ ਹੋਵੇਗੀ।” ਜਦੋਂ ਸਾਡੀ ਪ੍ਰਸ਼ੰਸਾ ਜਾਂ ਇੱਜ਼ਤ ਕੀਤੀ ਜਾਂਦੀ ਹੈ, ਅਸੀਂ ਚਮਕ ਉਠਦੇ ਹਾਂ। ਜਦੋਂ ਸਾਡੀ ਅਲੋਚਨਾ ਹੁੰਦੀ ਹੈ, ਅਸੀਂ ਭੜਕ ਉਠਦੇ ਹਾਂ। ਕਿਸੇ ਦੇ ਦਿਲ ਨੂੰ ਛੂਹਣ ਅਤੇ ਉਨ੍ਹਾਂ ਦੇ ਜੀਵਨ ਨੂੰ ਬਦਲਣ ਦੀ ਆਪਣੀ ਤਾਕਤ ‘ਤੇ ਸ਼ੱਕ ਨਾ ਕਰੋ। ਅਤੇ ਇਸ ਗੱਲ ਦੀ ਪਰਵਾਹ ਵੀ ਨਾ ਕਰੋ ਕਿ ਕੋਈ ਦੂਸਰਾ ਤੁਹਾਡੇ ਬਾਰੇ ਕੀ ਸੋਚਦੈ। ਇਸ ਨਾਲ ਇੰਨਾ ਫ਼ਰਕ ਨਹੀਂ ਪੈਂਦਾ ਕਿ ਤੁਹਾਡੇ ‘ਤੇ ਇਲਜ਼ਾਮ ਕੀ ਲਗਾਏ ਜਾ ਰਹੇ ਹਨ, ਜਿੰਨਾ ਇਸ ਗੱਲ ਨਾਲ ਪੈਂਦੈ ਕਿ ਤੁਸੀਂ ਇਸ ਸੰਸਾਰ ‘ਚ ਆਪਣਾ ਕੀ ਅਕਸ ਛੱਡਦੇ ਹੋ।

ਕੀ ਤੁਸੀਂ ਪਿਆਰੇ-ਸਤਿਕਾਰੇ ਜਾਣ ਦੇ ਹੱਕਦਾਰ ਹੋ? ਕੀ ਤੁਸੀਂ ਖ਼ਾਸ ਅਤੇ ਕਮਾਲ ਹੋ? ਫ਼ਿਰ ਕਦੇ-ਕਦੇ ਤੁਸੀਂ ਇਕੱਲੇ ਅਤੇ ਉਦਾਸ ਕਿਉਂ ਮਹਿਸੂਸ ਕਰਦੇ ਹੋ? ਕਿਉਂਕਿ ਅਸੀਂ ਸਾਰੇ ਕਰਦੇ ਹਾਂ! ਲੋਕ ਸਾਡੇ ਜੀਵਨ ਨੂੰ ਚਾਹੇ ਜਿੰਨਾ ਮਰਜ਼ੀ ਗ਼ਜ਼ਬ ਦਾ ਕਿਉਂ ਨਾ ਸਮਝਦੇ ਰਹਿਣ, ਅਸੀਂ ਸਾਰੇ ਹੀ ਉਤਾਰਾਵਾਂ-ਚੜ੍ਹਾਵਾਂ, ਆਜ਼ਮਾਇਸ਼ਾਂ-ਇਮਤਿਹਾਨਾਂ, ਤਬਦੀਲੀਆਂ-ਤਕਲੀਫ਼ਾਂ ‘ਚੋਂ ਗੁਜ਼ਰਦੇ ਹਾਂ। ਇਨ੍ਹਾਂ ‘ਚੋਂ ਕਿਸੇ ਨੂੰ ਆਪਣੀ ਇਸ ਸੋਚ ਦਾ ਕਾਰਨ ਨਾ ਬਣਨ ਦਿਓ ਕਿ ਪਤਾ ਨਹੀਂ ਕਿਉਂ, ਪਰ ਮੇਰੇ ਜਾਂ ਮੇਰੀ ਜ਼ਿੰਦਗੀ ‘ਚ ਕੋਈ ਖ਼ਾਮੀ ਹੈ। ਤੁਸੀਂ ਆਪਣੀ ਭਾਵਨਾਤਮਕ ਜ਼ਿੰਦਗੀ ਨੂੰ ਹਰ ਪੱਖੋਂ ਸੰਪੂਰਣ ਤਾਂ ਨਹੀਂ ਬਣਾ ਸਕਦੇ, ਪਰ ਤੁਸੀਂ ਉਸ ਵਿੱਚ ਛੁਪੇ ਹੋਏ ਜਾਦੂ ਨੂੰ ਦੇਖਣਾ ਜ਼ਰੂਰ ਸ਼ੁਰੂ ਕਰ ਸਕਦੇ ਹੋ।

ਕੀ ਤੁਸੀਂ ਚਾਹੁੰਦੇ ਹੋ ਕਿ ਇਹ ਹੁਣ ਤੁਹਾਡਾ ਵਕਤ ਹੋਵੇ? ਫ਼ਿਰ ਤੁਹਾਨੂੰ ਉਸ ‘ਤੇ ਆਪਣਾ ਦਾਅਵਾ ਜਤਾਉਣਾ ਪੈਣੈ। ਕਿਵੇਂ ਨਾ ਕਿਵੇਂ, ਤੁਹਾਨੂੰ ਉਸ ‘ਤੇ ਆਪਣੀ ਛਾਪ ਛਡਣੀ ਪੈਣੀ ਹੈ, ਅਤੇ ਦੂਸਰਿਆਂ ਨੂੰ ਇਹ ਦੱਸਣਾ ਪੈਣੈ ਕਿ ਉਹ ਹਰ ਸ਼ੈਅ ਆਪਣੀ ਮਨਮਰਜ਼ੀ ਨਾਲ ਨਹੀਂ ਕਰ ਸਕਦੇ। ਤੁਹਾਨੂੰ ਗ਼ੈਰ-ਵਾਜਿਬ ਜਾਂ ਗ਼ੈਰ-ਵਿਹਾਰਕ ਬਣਨ ਦੀ ਲੋੜ ਨਹੀਂ। ਸਹੀ ਹੈ ਕਿ ਤੁਸੀਂ ਆਪਣੇ ਸਮੇਂ ਅਤੇ ਸਬਰ ਨਾਲ ਖੁਲ੍ਹਦਿਲੇ ਹੋ ਸਕਦੇ ਹੋ ਅਤੇ ਤੁਹਾਨੂੰ ਹੋਣਾ ਵੀ ਚਾਹੀਦੈ। ਪਰ, ਕਈ ਵਾਰ, ਤੁਸੀਂ ਥੋੜ੍ਹਾ ਜ਼ਿਆਦਾ ਹੀ ਲਿਹਾਜ਼ਦਾਰ ਅਤੇ ਆਗਿਆਕਾਰੀ ਬਣ ਜਾਂਦੇ ਹੋ, ਫ਼ਿਰ ਭਾਵੇਂ ਉਸ ਨਾਲ ਤੁਹਾਡੀਆਂ ਖ਼ੁਦ ਦੀਆਂ ਯੋਜਨਾਵਾਂ ਖ਼ਰਾਬ ਅਤੇ ਤੁਹਾਡੀ ਆਜ਼ਾਦੀ ਸੀਮਿਤ ਕਿਉਂ ਨਾ ਹੋ ਜਾਵੇ। ਉਨ੍ਹਾਂ ਨੂੰ ਨਾਰਾਜ਼ ਕਰਨ ਦੀ ਚਿੰਤਾ ਨਾ ਕਰੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ। ਜੇ ਉਹ ਸੱਚਮੁੱਚ ਤੁਹਾਡੇ ਪਿਆਰ ਦੇ ਹੱਕਦਾਰ ਹਨ, ਉਹ ਸਮਝ ਜਾਣਗੇ।

ਤੁਹਾਨੂੰ ਕੇਵਲ ਅੱਧੀ ਕਹਾਣੀ ਪਤੈ। ਤੁਹਾਨੂੰ ਘਟਨਾਵਾਂ ਦੇ ਕ੍ਰਮ ਬਾਰੇ ਕਿਸੇ ਹੋਰ ਦਾ ਪੱਖ ਵੀ ਸੁਣਨ ਦੀ ਲੋੜ ਹੈ। ਤੁਸੀਂ ਇੱਕ ਟੀਮ ਦਾ ਕੇਵਲ ਇੱਕ ਹਿੱਸਾ ਹੋ। ਕੁਝ ਅਜਿਹੇ ਫ਼ੈਸਲੇ ਹਨ ਜਿਹੜੇ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦੇ, ਅਤੇ ਕੁਝ ਅਜਿਹੀਆਂ ਯੋਜਨਾਵਾਂ ਹਨ ਜਿਨ੍ਹਾਂ ਨੂੰ ਤੁਸੀਂ ਇਕੱਲਿਆਂ ਨੇਪਰੇ ਨਹੀਂ ਚਾੜ੍ਹ ਸਕਦੇ। ਇਨ੍ਹਾਂ ‘ਚੋਂ ਕਿਸੇ ਵੀ ਗੱਲ ਨੂੰ ਨਿਰਾਸ਼ਾ ਨਾ ਫ਼ੈਲਾਉਣ ਦਿਓ। ਇਸ ਦਾ ਮਤਲਬ ਕੇਵਲ ਇੰਨਾ ਹੈ ਕਿ ਜਿੰਨੀ ਕੋਸ਼ਿਸ਼ ਤੁਸੀਂ ਕਿਸੇ ਦੂਸਰੇ ਨਾਲ ਹੋਰ ਨੇੜੇ ਹੋ ਕੇ ਕੰਮ ਕਰਨ ਲਈ ਆਮ ਤੌਰ ‘ਤੇ ਕਰਦੇ ਹੋ, ਤੁਹਾਨੂੰ ਉਸ ਤੋਂ ਥੋੜ੍ਹਾ ਵੱਧ ਜ਼ੋਰ ਲਗਾਉਣ ਦੀ ਲੋੜ ਹੈ। ਆਪਣੀ ਖ਼ੁਦਮੁਖ਼ਤਿਆਰੀ ਦੇ ਰੂਪ ‘ਚ ਤੁਸੀਂ ਜੋ ਵੀ ਗੁਆਓਗੇ, ਉਸ ਨੂੰ ਤੁਸੀਂ ਸਫ਼ਲ ਸਾਂਝ ਅਤੇ ਆਨੰਦਮਈ ਸਹਿਯੋਗ ਦੀ ਭਾਵਨਾ ‘ਚ ਪਾਓਗੇ।